ਪੱਕਾ ਮੋਰਚਾ: ਸੜਕ ’ਤੇ ਆਵਾਜਾਈ ਖੋਲ੍ਹਣ ਸਬੰਧੀ ਅਗਲੀ ਸੁਣਵਾਈ 15 ਨਵੰਬਰ ’ਤੇ ਪਈ
ਬੰਦੀ ਸਿੰਘਾਂ ਦੀ ਰਿਹਾਈ ਤੱਕ ਪੱਕਾ ਮੋਰਚਾ ਜਾਰੀ ਰਹੇਗਾ: ਭਾਈ ਪਾਲ ਸਿੰਘ ਫਰਾਂਸ
31 ਮੈਂਬਰਾਂ ਜਥੇ ਵੱਲੋਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ਦਾ ਯਤਨ, ਪੁਲੀਸ ਨੇ ਰਾਹ ਰੋਕਿਆ
ਨਬਜ਼-ਏ-ਪੰਜਾਬ, ਮੁਹਾਲੀ, 9 ਅਕਤੂਬਰ:
ਬੰਦੀ ਸਿੰਘਾਂ ਦੀ ਰਿਹਾਈ, 328 ਲਾਪਤਾ ਸਰੂਪਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਲਈ ਜ਼ਿੰਮੇਵਾਰ ਪੁਲੀਸ ਅਤੇ ਸਿਆਸੀ ਆਗੂਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਬੈਨਰ ਹੇਠ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਪੱਕਾ ਮੋਰਚਾ ਜਾਰੀ ਹੈ। ਸਿੱਖ ਆਗੂ ਅਤੇ ਇਨਸਾਫ਼ ਪਸੰਦ ਲੋਕ ਬੀਤੀ 7 ਜਨਵਰੀ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ। ਇਸ ਸੜਕ ’ਤੇ ਆਵਾਜਾਈ ਮੁਕੰਮਲ ਬੰਦ ਹੈ।
ਉਧਰ, ਇੱਕ ਸੰਸਥਾ ਵੱਲੋਂ ਧਰਨਾ ਖ਼ਤਮ ਕਰਵਾ ਕੇ ਆਵਾਜਾਈ ਲਈ ਸੜਕ ਖੋਲ੍ਹਣ ਸਬੰਧੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ’ਤੇ ਅੱਜ ਸੁਣਵਾਈ ਹੋਈ। ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਐਡਵੋਕੇਟ ਗਗਨਪ੍ਰਦੀਪ ਸਿੰਘ ਬੱਲ, ਗੁਰਸ਼ਰਨ ਸਿੰਘ, ਦਿਲਸ਼ੇਰ ਸਿੰਘ ਜੰਡਿਆਲਾ ਪੇਸ਼ ਹੋਏ। ਹਾਈ ਕੋਰਟ ਵੱਲੋਂ ਦੋ ਰਾਜਾਂ ਦਾ ਮਾਮਲਾ ਹੋਣ ਕਾਰਨ ਯੂਨੀਅਨ ਆਫ਼ ਇੰਡੀਆ ਨੂੰ ਪਾਰਟੀ ਬਣਾਇਆ ਗਿਆ। ਇਸ ਸਬੰਧੀ ਯੂਨੀਅਨ ਆਫ਼ ਇੰਡੀਆ ਦੇ ਸਰਕਾਰੀ ਵਕੀਲ ਸਤਪਾਲ ਜੈਨ ਨੂੰ ਸਰਕਾਰ ਤੱਕ ਨੋਟੀਫ਼ਿਕੇਸ਼ਨ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 15 ਨਵੰਬਰ ਦਾ ਦਿਨ ਨਿਰਧਾਰਿਤ ਕੀਤਾ ਹੈ।
ਇਸ ਸਬੰਧੀ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਸ਼ੁਰੂ ਕੀਤਾ ਸੰਘਰਸ਼ ਮੰਗਾਂ ਪ੍ਰਵਾਨ ਹੋਣ ਤੱਕ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਾਡੇ ਵਕੀਲਾਂ ਦੀ ਟੀਮ ਬੰਦੀ ਸਿੰਘਾਂ ਦੀ ਰਿਹਾਈ ਲਈ ਜੱਦੋ ਜਹਿਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਠੀਕ ਹੈ ਹਾਈ ਕੋਰਟ ਵਿੱਚ ਪੱਕੇ ਮੋਰਚੇ ਸਬੰਧੀ ਸੁਣਵਾਈ ਚੱਲ ਰਹੀ ਹੈ ਪਰ ਬੰਦੀ ਸਿੰਘਾਂ ਦੀ ਰਿਹਾਈ ਤੱਕ ਪੱਕਾ ਮੋਰਚਾ ਜਾਰੀ ਰਹੇਗਾ।
ਉਧਰ, ਇਸੇ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੇ 31 ਮੈਂਬਰੀ ਜਥੇ ਵੱਲੋਂ ਅੱਜ ਵੀ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵੱਲ ਕੂਚ ਕਰਨ ਦਾ ਯਤਨ ਕੀਤਾ ਗਿਆ ਪ੍ਰੰਤੂ ਪੁਲੀਸ ਨੇ ਬੈਰੀਕੇਟ ਲਗਾ ਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਰੋਕ ਲਿਆ। ਇਹ ਜਥਾ ਉੱਥੇ ਹੀ ਧਰਨਾ ਲਗਾ ਕੇ ਬੈਠ ਗਿਆ ਅਤੇ ਸ਼ਾਮ ਨੂੰ ਮੁੜ ਪੱਕੇ ਮੋਰਚੇ ਵਾਲੀ ਥਾਂ ’ਤੇ ਪਹੁੰਚ ਗਏ। ਇਸ ਮੌਕੇ ਭਾਈ ਇੰਦਰਬੀਰ ਸਿੰਘ, ਜਥੇਦਾਰ ਰਾਜਾਰਾਜ ਸਿੰਘ, ਜਥੇਦਾਰ ਕੁਲਵਿੰਦਰ ਸਿੰਘ, ਭਾਈ ਬਲਦੇਵ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਅਵਤਾਰ ਸਿੰਘ, ਭਾਈ ਬਲਜੀਤ ਸਿੰਘ ਭਾਊ, ਭਾਈ ਰਵਿੰਦਰ ਸਿੰਘ ਵਜੀਦਪੁਰ, ਭਾਈ ਗੁਰਮੀਤ ਸਿੰਘ, ਭਾਈ ਸੁਖਜਿੰਦਰ ਸਿੰਘ ਸੁੱਖਾ ਕੰਸਾਲਾਂ ਅਤੇ ਹੋਰ ਸਿੱਖ ਤੇ ਨੌਜਵਾਨ ਮੌਜੂਦ ਸਨ।