ਡੀਡੀਪੀਓ ਵੱਲੋਂ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨੂੰ ਮਕਾਨ ਖਾਲੀ ਦਾ ਨੋਟਿਸ ਜਾਰੀ

ਆਜ਼ਾਦੀ ਘੁਲਾਟੀਏ ਸਵਰਗੀ ਨਰਪਤ ਸਿੰਘ ਦੀ ਪਤਨੀ ਏਡੀਸੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਘੁਲਾਟੀਏ ਸਵਰਗੀ ਨਰਪਤ ਸਿੰਘ ਦੇ ਪਰਿਵਾਰ ਨੂੰ ਪਲਾਟ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ। ਜਿਸ ਕਾਰਨ ਆਜ਼ਾਦੀ ਘੁਲਾਟੀਆਂ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸਵਰਗੀ ਨਰਪਤ ਸਿੰਘ ਦੀ ਵਿਧਵਾ ਪਤਨੀ ਭਾਗਵੰਤੀ, ਪੋਤਰਾ ਮਹੇਸ਼ ਕੁਮਾਰ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਸਰਕਾਰੀ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਭੇਜਿਆ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਦਾ ਉਜਾੜਾ ਰੋਕਿਆ ਜਾਵੇ। ਕਰੀਬ 34 ਸਾਲ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਤਰਸ ਦੇ ਆਧਾਰ ’ਤੇ ਆਜ਼ਾਦੀ ਘੁਲਾਈਏ ਦੇ ਪਰਿਵਾਰ ਨੂੰ ਉਕਤ ਪਲਾਟ ਦਿੱਤਾ ਗਿਆ ਸੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਕੁੰਭੜਾ ਨੇ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨਾਲ ਦੋਗਲੀ ਨੀਤੀ ਅਪਨਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਜ਼ਾਦੀ ਘੁਲਾਟੀਆਂ ਦੇ ਬੇਘਰੇ ਲੋਕਾਂ ਨੂੰ ਮਕਾਨ ਦਿੱਤੇ ਜਾਣ ਦੀਆਂ ਗੱਲਾਂ ਕਰ ਰਹੇ ਹਨ ਪ੍ਰੰਤੂ ਦੂਜੇ ਪਾਸੇ ਲੰਮਾਂ ਸਮਾਂ ਪਹਿਲਾਂ ਸਰਕਾਰ ਵੱਲੋਂ ਕੁਝ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਅਲਾਟ ਕੀਤੇ ਗਏ ਪਲਾਟਾਂ ’ਤੇ ਬਣੇ ਮਕਾਨਾਂ ਨੂੰ ਖਾਲੀ ਕਰਵਾਉਣ ਲਈ ਨੋਟਿਸ ਭੇਜੇ ਜਾ ਰਹੇ ਹਨ। ਬਲਾਕ ਮਾਜਰੀ ਵਿੱਚ ਆਜ਼ਾਦੀ ਘੁਲਾਟੀਏ ਸਵਰਗੀ ਨਰਪਤ ਸਿੰਘ ਸਮੇਤ ਅਜਿਹੇ ਕਈ ਪਰਿਵਾਰ ਹਨ। ਜਿਨ੍ਹਾਂ ਨੂੰ ਸਰਕਾਰ ਵੱਲੋਂ ਮਕਾਨ ਖਾਲੀ ਕਰਨ ਦੇ ਨੋਟਿਸ ਭੇਜੇ ਗਏ ਹਨ।
ਸਵਰਗੀ ਨਰਪਤ ਸਿੰਘ ਦੀ ਧਰਮ ਪਤਨੀ, ਪੋਤਰਾ ਮਹੇਸ਼ ਕੁਮਾਰ ਦੇ ਪਰਿਵਾਰ ਵੱਲੋਂ ਪਿੰਡ ਦੇ ਕੁਝ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਦੇ ਨਾਂ ਲਿਖਿਆ ਮੰਗ ਪੱਤਰ ਏਡੀਸੀ ਚਰਨਦੇਵ ਸਿੰਘ ਮਾਨ ਨੂੰ ਸੌਂਪਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਬੇਘਰ ਕਰਨ ਸਬੰਧੀ ਭੇਜੇ ਗਏ ਨੋਟਿਸ ਤੁਰੰਤ ਵਾਪਿਸ ਲਏ ਜਾਣ। ਏਡੀਸੀ ਸ੍ਰੀ ਮਾਨ ਨੇ ਪਰਿਵਾਰਕ ਮੈਂਬਰਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੰਦਿਆਂ ਡੀਡੀਪੀਓ ਕੋਲ ਵੀ ਭੇਜਿਆ ਗਿਆ। ਡੀਡੀਪੀਓ ਨੇ ਇਸ ਪਰਿਵਾਰ ਨੂੰ ਕਿਹਾ ਕਿ ਉਹ ਨੋਟਿਸ ਦਾ ਜਵਾਬ ਤਿਆਰ ਕਰਕੇ ਉਨ੍ਹਾਂ ਨੂੰ ਦੇਣ। ਇਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਬਾਅਦ ਪਿੰਡ ਕੁੰਭੜਾ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ, ਬੀਬੀ ਭਾਗਵੰਤੀ, ਮੋਤਰਾ ਮਹੇਸ਼ ਕੁਮਾਰ, ਦੋ ਬੇਟੀਆਂ ਸਲੋਚਨਾ ਦੇਵੀ ਤੇ ਲਕਸ਼ਮੀ ਦੇਵੀ, ਛੱਤਰ ਸਿੰਘ ਨੰਬਰਦਾਰ ਮਾਜਰੀ, ਗੁਰਦਿਆਲ ਸਿੰਘ ਪੰਚ, ਰਾਜੇਸ਼ ਕੁਮਾਰ, ਸ਼ਿਵਾਨੀ ਸ਼ਰਮਾ, ਚਰਨਜੀਤ ਕੌਰ ਆਦਿ ਨੇ ਦੱਸਿਆ ਕਿ ਸਵਰਗੀ ਨਰਪਤ ਸਿੰਘ ਇੱਕ ਸੱਚੇ ਦੇਸ਼ ਭਗਤ ਅਤੇ ਇਮਾਨਦਾਰ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਨੇ ਉਸ ਸਮੇਂ ਸਰਕਾਰ ਵੱਲੋਂ ਦਿੱਤੀ ਜਾਂਦੀ ਪੈਨਸ਼ਨ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਜੋ ਸਰਕਾਰ ਉੱਤੇ ਕੋਈ ਭਾਰ ਨਾ ਪਵੇ ਪ੍ਰੰਤੂ ਸੰਨ 1984 ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਸ੍ਰੀ ਕੁੰਭੜਾ ਨੇ ਦੱਸਿਆ ਕਿ ਸੰਨ 1984 ਵਿੱਚ ਨਰਪਤ ਸਿੰਘ ਦੀ ਮੌਤ ’ਤੇ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸੋਗ ਮਤਾ ਭੇਜ ਕੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਦੇ ਹੁਕਮਾਂ ’ਤੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਵੱਲੋਂ ਪਰਿਵਾਰ ਨੂੰ ਪਲਾਟ ਅਲਾਟ ਕੀਤਾ ਗਿਆ ਸੀ। ਇਸ ਪਲਾਟ ਵਿੱਚ ਉਨ੍ਹਾਂ ਦੀ ਸਮਾਧ ਵੀ ਬਣੀ ਹੋਈ ਹੈ। ਮਹੇਸ਼ ਕੁਮਾਰ ਦੇ ਪਿਤਾ ਦੀ ਮੌਤ ਤੋਂ ਬਾਅਦ ਹੁਣ ਉਹ ਆਪਣੇ ਪਰਿਵਾਰ ਸਮੇਤ ਆਪਣੇ ਦਾਦਾ ਸਵਰਗੀ ਨਰਪਤ ਸਿੰਘ ਦੇ ਇਸ ਪਲਾਟ ਉੱਤੇ ਬਣੇ ਮਕਾਨ ਵਿੱਚ ਰਹਿ ਰਹੇ ਹਨ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਨੇ ਸਵਰਗੀ ਨਰਪਤ ਸਿੰਘ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਕਰਦੇ ਹੋਏ ਡੀਡੀਪੀਓ ਰਾਹੀਂ ਉਨ੍ਹਾਂ ਨੂੰ ਉਕਤ ਜਗ੍ਹਾ ਖਾਲੀ ਕਰਨ ਲਈ ਨੋਟਿਸ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਹ ਜਗ੍ਹਾ ਕੁਲ 5 ਮਰਲੇ ਹੈ ਜੋ ਕਿ ਸਰਕਾਰੀ ਰਿਕਾਰਡ ਵਿੱਚ ਵੀ ਸ਼ਾਮਲ ਹੈ। ਇਸ ਜਗ੍ਹਾ ਵਿੱਚ ਸਵਰਗੀ ਨਰਪਤ ਸਿੰਘ ਦਾ ਪਰਿਵਾਰ ਰਹਿੰਦਾ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮਕਾਨ ਖਾਲੀ ਕਰਨ ਲਈ ਭੇਜੇ ਗਏ ਨੋਟਿਸ ਤੁਰੰਤ ਦਾਖ਼ਲ ਦਫ਼ਤਰ ਕਰਨ ਲਈ ਡੀਡੀਪੀਓ ਨੂੰ ਹੁਕਮ ਜਾਰੀ ਕੀਤੇ ਜਾਣ। ਇਸ ਮੌਕੇ ਪ੍ਰੋ. ਮਨਜੀਤ ਸਿੰਘ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ ਮੱਕੜਿਆਂ, ਲਖਬੀਰ ਸਿੰਘ ਬਡਾਲਾ, ਸੁਰਿੰਦਰ ਸਿੰਘ ਕੰਡਾਲਾ, ਰਾਜਿੰਦਰਪਾਲ ਸਿੰਘ ਮੱਕੜਿਆਂ, ਗੁਰਦਿਆਲ ਸਿੰਘ ਮਾਜਰੀ, ਅਵਤਾਰ ਖਾਨ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…