Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਕੌਂਸਲਰਾਂ ਨੇ ਸਫ਼ਾਈ ਵਿਵਸਥਾ ’ਤੇ ਚੁੱਕੇ ਸਵਾਲ, ਰੋਸ ਜਤਾਇਆ ਹਾਊਸ ਵਿੱਚ ਮੈਂਬਰਾਂ ਨੇ ਸਫ਼ਾਈ ਠੇਕੇਦਾਰ ਦਾ ਠੇਕਾ ਰੱਦ ਕਰਨ ਦੀ ਕੀਤੀ ਮੰਗ ਨਬਜ਼-ਏ-ਪੰਜਾਬ, ਮੁਹਾਲੀ, 1 ਅਕਤੂਬਰ: ਮੁਹਾਲੀ ਨਗਰ ਨਿਗਮ ਦੀ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਹਿਰ ਦੀ ਸਫ਼ਾਈ ਦਾ ਮੁੱਦਾ ਭਾਰੂ ਰਿਹਾ। ਕਾਬਜ਼ ਧਿਰ ਅਤੇ ਵਿਰੋਧੀ ਧਿਰ ਦੇ ਕਈ ਕੌਂਸਲਰਾਂ ਨੇ ਸਫ਼ਾਈ ਵਿਵਸਥਾ ਦੀ ਬਦਹਾਲੀ ਦਾ ਮੁੱਦਾ ਚੁੱਕਦਿਆਂ ਤੁਰੰਤ ਸਫ਼ਾਈ ਠੇਕੇਦਾਰ ਦਾ ਠੇਕਾ ਰੱਦ ਕਰਨ ਦੀ ਮੰਗ ਕੀਤੀ। ਸਫ਼ਾਈ ਠੇਕੇਦਾਰ ਨੂੰ ਹੋਰ ਸੜਕਾਂ ਦਾ ਕੰਮ ਦੇਣ ਸਬੰਧੀ ਮਤੇ ਦਾ ਵਿਰੋਧ ਕਰਦਿਆਂ ਕਈ ਕੌਂਸਲਰਾਂ ਨੇ ਕਿਹਾ ਕਿ ਠੇਕੇਦਾਰ ਦਾ ਕੰਮ ਤਸੱਲੀਬਖ਼ਸ਼ ਨਹੀਂ ਹੈ ਅਤੇ ਉਹ ਕਿਸ ਦੀ ਗੱਲ ਤੱਕ ਨਹੀਂ ਸੁਣਦਾ, ਲਿਹਾਜ਼ਾ ਠੇਕਾ ਫੌਰੀ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਮੁਹਾਲੀ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਜੇਕਰ ਠੇਕਾ ਰੱਦ ਹੋ ਗਿਆ ਤਾਂ ਸ਼ਹਿਰ ਦੇ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਖ਼ਾਮੀਆਂ ਸਬੰਧੀ ਉਸ ਨੂੰ ਜੁਰਮਾਨਾ ਵੀ ਲਗਾਇਆ ਜਾਂਦਾ ਹੈ ਅਤੇ ਅਗਲਾ ਕੰਮ ਦੇਣ ਤੋਂ ਪਹਿਲਾਂ ਉਸ ਤੋਂ ਲਿਖ ਕੇ ਲਿਆ ਜਾਵੇਗਾ ਕਿ ਜੇਕਰ ਉਸ ਦਾ ਕੰਮ ਤਸੱਲੀਬਖ਼ਸ਼ ਨਹੀਂ ਹੋਇਆ ਤਾਂ ਉਸ ਨੂੰ ਜੁਰਮਾਨਾ ਦੇਣਾ ਪਵੇਗਾ। ਕਈ ਕੌਂਸਲਰਾਂ ਨੇ ਨਿਗਮ ਅਧਿਕਾਰੀਆਂ ਅਤੇ ਮੇਅਰ ਵਿਰੁੱਧ ਭੜਾਸ ਕੱਢੀ। ਫੇਜ਼-2 ਦੀ ਕੌਂਸਲਰ ਬੀਬਾ ਜਸਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਬਣੀ ਨਵੀਂ ਸੜਕ ਨੂੰ ਸੀਵਰੇਜ ਪਾਉਣ ਲਈ ਪੁਟ ਦਿੱਤਾ ਗਿਆ ਹੈ, ਜਿਸ ਨਾਲ ਜਿੱਥੇ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ, ਉੱਥੇ ਨਗਰ ਨਿਗਮ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਵੀ ਕਾਬਜ਼ ਧਿਰ ਨੂੰ ਘੇਰਦਿਆਂ ਕਈ ਅਹਿਮ ਮੁੱਦੇ ਚੁੱਕੇ। ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਕੁੰਭੜਾ ਚੌਂਕ ਤੋਂ ਪੀਸੀਐਲ ਚੌਕ ਤੱਕ ਪਾਈ ਸੀਵਰੇਜ ਲਾਈਨ ਧਸ ਗਈ ਹੈ। ਜਿਸ ਕਾਰਨ ਨਿਗਮ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ। ਲਿਹਾਜ਼ਾ ਸਬੰਧਤ ਠੇਕੇਦਾਰ ਦੀ ਸਕਿਉਰਿਟੀ ਜ਼ਬਤ ਕੀਤੀ ਜਾਵੇ। ਪਿੰਡ ਮਟੌਰ ਤੋਂ ਕੌਂਸਲਰ ਗੁਰਪ੍ਰੀਤ ਕੌਰ ਬੈਦਵਾਨ ਨੇ ਪਿੰਡ ਮਟੌਰ ਦੇ ਮੁੱਦੇ ਚੁੱਕਦਿਆਂ ਕਿਹਾ ਕਿ ਮੇਅਰ ਵੱਲੋਂ ਉਨ੍ਹਾਂ ਦੇ ਵਾਰਡ ਦੇ ਕੰਮਾਂ ਨੂੰ ਜਾਣਬੁੱਝ ਕੇ ਅਣਗੌਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਵਿਵਸਥਾ ਦੀ ਮਾੜੀ ਹਾਲਤ ਹੈ ਅਤੇ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਕਾਬੂ ਤੋਂ ਬਾਹਰ ਹੈ। ਪਿੰਡ ਸੋਹਾਣਾ ਦੇ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਰੋਹ ਭਰੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਜਦੋਂ ਵੀ ਉਹ ਆਪਣੇ ਵਾਰਡ ਦੇ ਕੰਮਾਂ ਲਈ ਅਧਿਕਾਰੀਆਂ ਤੱਕ ਪਹੁੰਚ ਕਰਦੇ ਹਨ ਤਾਂ ਉਸ ਨੂੰ ਇਹ ਕਿ ਟਾਲ ਦਿੱਤਾ ਜਾਂਦਾ ਹੈ ਕਿ ਫੰਡ ਨਹੀਂ ਹਨ। ਜੇਕਰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਲੋੜੀਂਦੇ ਫੰਡ ਨਹੀਂ ਹਨ ਤਾਂ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਗਾ ਦੇਣਾ ਚਾਹੀਦਾ ਹੈ। ਆਜ਼ਾਦ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਸੈਕਟਰ-69 ਵਿੱਚ ਲਾਵਾਰਿਸ ਪਸ਼ੂਆਂ ਦਾ ਮੁੱਦਾ ਚੁੱਕਦਿਆਂ ਇਸ ਸਬੰਧੀ ਤੁਰੰਤ ਕਾਰਵਾਈ ਦੀ ਮੰਗ ਕੀਤੀ। ਮੀਟਿੰਗ ਦੌਰਾਨ ਕੁੱਝ ਟੇਬਲ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਹਾਊਸ ਵਿੱਚ ਪ੍ਰਵਾਨਗੀ ਦੇ ਦਿੱਤੀ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ