ਪੰਜਾਬ ਪੁਲਿਸ ਨੇ 72 ਘੰਟਿਆਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦਾ ਕਤਲ ਕੇਸ ਸੁਲਝਿਆ; ਦੋ ਹਮਲਾਵਰ ਕਾਬੂ

ਦੋ .32 ਬੋਰ ਦੇ ਪਿਸਤੌਲਾਂ ਸਮੇਤ 16 ਜਿੰਦਾ ਅਤੇ 1 ਖਾਲੀ ਕਾਰਤੂਸ ਦੇ ਨਾਲ ਨਾਲ ਅਪਰਾਧ ਵਿੱਚ ਵਰਤੀ ਗਈ ਸਕੂਟੀ ਬਰਾਮਦ

ਵੀਐਚਪੀ ਆਗੂ ਵਿਕਾਸ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦੀ ਹੱਤਿਆ ਪਿੱਛੇ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨ ਦੀ ਹਮਾਇਤ ਪ੍ਰਾਪਤ ਵਿਦੇਸ਼ੀ ਹੈਂਡਲਰਾਂ ਦਾ ਹੱਥ: ਡੀਜੀਪੀ ਗੌਰਵ ਯਾਦਵ

ਇਸ ਮਾਡਿਊਲ ਨੂੰ ਚਲਾਉਣ ਵਾਲੇ ਅੱਤਵਾਦੀ ਸੰਗਠਨ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ: ਐਸਐਸਪੀ ਰੂਪਨਗਰ ਗੁਲਨੀਤ ਖੁਰਾਣਾ

ਚੰਡੀਗੜ੍ਹ/ਰੂਪਨਗਰ, 16 ਅਪ੍ਰੈਲ:
ਰੂਪਨਗਰ ਪੁਲਿਸ ਨੇ ਐਸਐਸਓਸੀ ਮੋਹਾਲੀ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਨੰਗਲ ਅਧਾਰਿਤ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਆਗੂ ਦੇ ਕਤਲ ਕੇਸ ਵਿੱਚ ਸ਼ਾਮਲ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਦੋ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਕੇਸ ਨੂੰ 72 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਜਾਣਕਾਰੀ ਮੁਤਾਬਿਕ ਸ਼ਨੀਵਾਰ ਸ਼ਾਮ ਨੰਗਲ ਦੇ ਰੇਲਵੇ ਰੋਡ ‘ਤੇ ਸਥਿਤ ਵੀਐਚਪੀ ਨੰਗਲ ਮੰਡਲ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦੀ ਦੁਕਾਨ ‘ਤੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਇਹ ਹਮਲਾਵਰ- ਜਿਸ ਵਿੱਚੋਂ ਇਕ ਨੇ ਹੈਲਮੇਟ ਪਾਇਆ ਹੋਇਆ ਸੀ ਅਤੇ ਦੂਜੇ ਨੇ ਮਫਲਰ ਨਾਲ ਮੂੰਹ ਢੱਕਿਆ ਹੋਇਆ ਸੀ- ਕਾਲੇ ਰੰਗ ਦੀ ਸਕੂਟੀ ‘ਤੇ ਆਏ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਦੀ ਵਿਗਿਆਨਕ ਅਤੇ ਯੋਜਨਾਬੱਧ ਜਾਂਚ ਉਪੰਰਤ ਪੁਲਿਸ ਨੇ ਦੋਨਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਹਨਾਂ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਵਜੋਂ ਕੀਤੀ ਗਈ। ਡੀਜੀਪੀ ਨੇ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ .32 ਬੋਰ ਦੇ ਦੋ ਪਿਸਤੌਲ ਜਿਸ ਵਿੱਚੋਂ ਇੱਕ ਅਪਰਾਧ ਵਿੱਚ ਵਰਤਿਆ ਗਿਆ ਸੀ, ਸਮੇਤ 16 ਜਿੰਦਾ ਕਾਰਤੂਸ ਅਤੇ 1 ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਅਪਰਾਧ ਵਿੱਚ ਵਰਤੀ ਗਈ ਟੀਵੀਐਸ ਜੁਪੀਟਰ ਸਕੂਟੀ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨ ਦੀ ਹਮਾਇਤ ਪ੍ਰਾਪਤ ਇਸ ਅੱਤਵਾਦੀ ਮਾਡਿਊਲ ਨੂੰ ਪੁਰਤਗਾਲ ਅਧਾਰਿਤ ਵਿਦੇਸ਼ੀ ਹੈਂਡਲਰਾਂ ਦੁਆਰਾ ਸੰਚਾਲਨ, ਪ੍ਰੇਰਿਤ ਅਤੇ ਫੰਡਿੰਗ ਕੀਤੀ ਜਾ ਰਹੀ ਹੈ।
ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਇਨ੍ਹਾਂ ਵਿਦੇਸ਼-ਅਧਾਰਤ ਹੈਂਡਲਰਾਂ ਦੇ ਪਿਆਦੇ ਹਨ, ਜੋ ਪਾਕਿਸਤਾਨ ਅਧਾਰਿਤ ਅੱਤਵਾਦੀ ਮਾਸਟਰਮਾਈਂਡ ਦੇ ਸੰਚਾਲਕ ਹਨ। ਇਹ ਪਿਆਦੇ ਪੈਸਿਆਂ ਦਾ ਲਾਲਚ ਦੇ ਕੇ ਗਿਰੋਹ ਵਿੱਚ ਸ਼ਾਮਲ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਦੋਵੇਂ ਸ਼ੂਟਰ ਐਨਕ੍ਰਿਪਟਡ ਐਪਸ ਰਾਹੀਂ ਵਿਦੇਸ਼ੀ-ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਇਸ ਕਤਲ ਨੂੰ ਅੰਜਾਮ ਦੇਣ ਲਈ ਫੰਡ ਅਤੇ ਹਥਿਆਰਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਵਿਅਕਤੀ, ਜਿਸ ਨੂੰ ਟਾਰਗੇਟ ਕਰਨਾ ਸੀ, ਦੀ ਜਗ੍ਹਾ ਅਤੇ ਫੋਟੋ ਵੀ ਉਨ੍ਹਾਂ ਨਾਲ ਸਾਂਝੀ ਕੀਤੀ ਗਈ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਇਸ ਜਾਂਚ ਨੂੰ ਤਰਕਪੂਰਨ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਵੱਖ-ਵੱਖ ਟੀਮਾਂ ਗਠਿਤ ਕਰਕੇ ਮਾਮਲੇ ਦੀ ਜਾਂਚ ਲਈ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸ਼ੂਟਰਾਂ ਦੀ ਪਛਾਣ ਸਬੰਧੀ ਜਾਣਕਾਰੀ ਦੇਣ ਲਈ 1 ਲੱਖ ਰੁਪਏ ਦੇ ਇਨਾਮ ਦਾ ਵੀ ਰੱਖਿਆ ਗਿਆ ਸੀ ਅਤੇ ਸੀਸੀਟੀਵੀ ਤੋਂ ਪ੍ਰਾਪਤ ਕੀਤੀਆਂ ਗਈਆਂ ਮੁਲਜ਼ਮਾਂ ਦੀਆਂ ਤਸਵੀਰਾਂ ਇਲੈਕਟ੍ਰਾਨਿਕ, ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਸਾਰਿਤ ਕੀਤੀਆਂ ਗਈਆਂ ਸਨ।
ਉਨ੍ਹਾਂ ਕਿਹਾ ਕਿ ਇਸ ਮਾਡਿਊਲ ਨੂੰ ਚਲਾਉਣ ਵਾਲੇ ਅੱਤਵਾਦੀ ਸੰਗਠਨ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਇਸ ਸਬੰਧੀ ਮਿਤੀ 13-04-2024 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 302 ਅਤੇ 34 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਥਾਣਾ ਨੰਗਲ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…