ਰੇਤ ਮਾਫੀਆ ਵੱਲੋਂ ਵਿਧਾਇਕ ਸੰਦੋਆ ’ਤੇ ਹਮਲੇ ਸਬੰਧੀ ਆਪ ਵਾਲੰਟੀਅਰਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ

ਪੰਜਾਬ ਵਿੱਚ ਵਿਧਾਇਕ ’ਤੇ ਹਮਲਾ ਲੋਕਤੰਤਰ ਦਾ ਘਾਟ: ਦਰਸ਼ਨ ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਰੂਪਨਗਰ ਵਿੱਚ ਬੀਤੇ ਦਿਨੀਂ ਰੇਤ ਮਾਫੀਆ ਵੱਲੋਂ ਸ਼ਰ੍ਹੇਆਮ ਗੁੰਡਾਗਰਦੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਉਸ ਦੇ ਪੀਏ ਸਮੇਤ ਗੰਨਮੈਨਾਂ ’ਤੇ ਕੀਤੇ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਅੱਜ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਆਪ ਵਾਲੰਟੀਅਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਾਲੰਟੀਅਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਵੀ ਸਾੜਿਆ।
ਇਸ ਮੌਕੇ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਾਧਨ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਸੂਬੇ ਵਿੱਚ ਰੇਤ ਮਾਫੀਆ ਵੱਲੋਂ ਪ੍ਰਸ਼ਾਸਨ ਅਤੇ ਰਾਜਸੀ ਲੋਕਾਂ ਦੀ ਕਥਿਤ ਮਿਲੀ ਭੁਗਤ ਨਾਲ ਬੇਖ਼ੌਫ਼ ਗੈਰ ਕਾਨੂੰਨੀ ਖਣਨ ਕੀਤੀ ਜਾ ਰਹੀ ਹੈ ਅਤੇ ਸਰਕਾਰ ਨੂੰ ਸਾਲਾਨਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜੇਕਰ ਕਾਨੂੰਨ ਬਣਾਉਣ ਵਾਲੇ (ਵਿਧਾਇਕ) ਅਤੇ ਕਾਨੂੰਨ ਦੀ ਰਾਖੀ ਕਰਨ ਵਾਲੇ (ਪੁਲੀਸ ਮੁਲਾਜ਼ਮ) ਵੀ ਸੁਰੱਖਿਅਤ ਨਹੀਂ ਹੈ ਤਾਂ ਆਮ ਨਾਗਰਿਕ ਦਾ ਕੀ ਹਾਲ ਹੋਵੇਗਾ, ਇਸ ਬਾਰੇ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਦਲਣ ਦੇ ਨਾਲ ਰੇਤ ਮਾਫੀਆ ਨੂੰ ਕੋਈ ਫਰਕ ਨਹੀਂ ਪਿਆ। ਸਿਰਫ਼ ਪੱਗਾਂ ਦੇ ਰੰਗ ਬਦਲੇ ਹਨ। ਪਹਿਲਾਂ ਨੀਲੀਆਂ ਪੱਗਾਂ ਵਾਲੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਸਨ ਅਤੇ ਹੁਣ ਚਿੱਟੀਆਂ ਪੱਗਾਂ ਵਾਲੇ ਵੀ ਇਸੇ ਧੰਦੇ ਵਿੱਚ ਪੈ ਗਏ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਸ੍ਰੀ ਸੰਦੋਆ ’ਤੇ ਹਮਲਾ ਲੋਕਤੰਤਰ ’ਤੇ ਹਮਲਾ ਹੈ ਅਤੇ ਜੋ ਪੰਜਾਬ ਵਿੱਚ ਜੰਗਲ ਰਾਜ ਦੀ ਨਿਸ਼ਾਨੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚੋਣ ਵਾਅਦੇ ਮੁਤਾਬਕ ਮਾਈਨਿੰਗ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਹੈ ਅਤੇ ਇਸ ਨਾਲ ਜਿੱਥੇ ਰੇਤ ਮਾਫੀਆਂ ਖਤਮ ਹੋਵੇਗਾ ਉਥੇ ਸੂਬਾ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਆਮਦਨ ਵੀ ਹੋਵੇਗੀ।
ਇਸ ਮੌਕੇ ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਏਰੀਆ ਦੇ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ, ਦਿਲਾਵਰ ਸਿੰਘ, ਅਮਰੀਕ ਸਿੰਘ, ਰਮੇਸ਼ ਸ਼ਰਮਾ, ਦਲਵਿੰਦਰ ਸਿਘ ਬੈਨੀਪਾਲ, ਸੁਖਦੇਵ ਸਿੰਘ ਬਰੋਲੀ, ਹਰੀਸ਼ ਕੌਸ਼ਲ, ਮਨਦੀਪ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ ਮਾਜਰੀ, ਅਮਰੀਕ ਸਿੰਘ ਨੰਬਰਦਾਰ, ਗੁਰਜੀਤ ਸਿੰਘ ਬੈਨੀਪਾਲ, ਲਖਵੀਰ ਸਿੰਘ ਜੈਂਟੀ, ਗੁਰਮੇਜ ਸਿੰਘ ਕਾਹਲੋੲ, ਅਨੂ ਗੁਲੇਰੀਆ, ਕਸ਼ਮੀਰ ਕੌਰ, ਸਵਰਨ ਲਤਾ, ਮਾਸਟਰ ਲਖਵੀਰ ਸਿੰਘ ਅਤੇ ਹਰਨੈਲ ਸਿੰਘ ਸਵਾੜਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਮਹਿਲਾ ਕਾਂਗਰਸ ਵੱਲੋਂ ਅੌਰਤਾਂ ਦੀ ਸੁਰੱਖਿਆ ਦੇ ਮੁੱਦੇ ’ਤੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਮਹਿਲਾ ਕਾਂਗਰਸ ਵੱਲੋਂ ਅੌਰਤਾਂ ਦੀ ਸੁਰੱਖਿਆ ਦੇ ਮੁੱਦੇ ’ਤੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਨਬਜ਼-ਏ-ਪੰਜਾਬ…