ਆਖਰਕਾਰ ਮਟੌਰ ਥਾਣੇ ਦੀ ਬਿਜਲੀ ਸਪਲਾਈ ਹੋਈ ਬਹਾਲ, ਨਵਾਂ ਮੀਟਰ ਲੱਗਿਆਂ

ਕੁੰਡੀ ਕੁਨੈਕਸ਼ਨ ਦੇ ਦੋਸ਼ ਵਿੱਚ ਦੋ ਦਿਨ ਪਹਿਲਾਂ ਪੰਜਾਬ ਪਾਵਰਕੌਮ ਨੇ ਕੀਤਾ ਸੀ ਮਟੌਰ ਥਾਣੇ ਨੂੰ ਦੋ ਲੱਖ ਰੁਪਏ ਜੁਰਮਾਨਾ

ਬਲੌਂਗੀ ਤੇ ਨਵਾਂ ਗਰਾਓਂ ਥਾਣੇ ਵਿੱਚ ਚਲ ਰਿਹਾ ਹੈ ਕੁੰਡੀ ਕੁਨੈਕਸ਼ਨ, ਫੇਜ਼-8 ਤੇ ਫੇਜ਼-1 ਨੇ ਵੀ ਕਾਫੀ ਸਮੇਂ ਤੋਂ ਨਹੀਂ ਭਰਿਆ ਬਿਜਲੀ ਦਾ ਬਿੱਲ

ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੋਂ ਵੀ ਇਨਕਾਰੀ ਹੈ ਮੁਹਾਲੀ ਪੁਲੀਸ, ਲੱਖਾਂ ਰੁਪਏ ਟੈਕਸ ਬਕਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਆਖਰਕਾਰ ਮੁਹਾਲੀ ਦੇ ਮਟੌਰ ਥਾਣੇ ਦੀ ਬਿਜਲੀ ਸਪਲਾਈ ਬਹਾਲ ਹੋ ਗਈ ਹੈ। ਪਿਛਲੇ ਦੋ ਦਿਨਾਂ ਤੋਂ ਥਾਣੇ ਦੀ ਬੱਤੀ ਗੁੱਲ ਪਈ ਸੀ। ਇਹ ਜਾਣਕਾਰੀ ਦਿੰਦਿਆਂ ਐਸਐਚਓ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਮਟੌਰ ਥਾਣੇ ਵਿੱਚ ਨਵਾਂ ਬਿਜਲੀ ਮੀਟਰ ਲਗਾਇਆ ਹੈ। ਇਸ ਸਬੰਧੀ ਪੁਲੀਸ ਨੇ ਬਿਜਲੀ ਦਾ ਨਵਾਂ ਮੀਟਰ ਲਗਾਉਣ ਲਈ ਪਾਵਰਕੌਮ ਨੂੰ ਦਰਖ਼ਾਸਤ ਦਿੱਤੀ ਸੀ। ਇਸ ਤੋਂ ਪਹਿਲਾਂ ਕੁੰਡੀ ਲਗਾ ਕੇ ਬੁੱਤਾ ਸਾਰਿਆ ਜਾ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਨੇ ਹਾਲੇ ਤੱਕ ਜੁਰਮਾਨਾ ਨਹੀਂ ਭਰਿਆ ਹੈ। ਉਂਜ ਪੁਲੀਸ ਅਧਿਕਾਰੀਆਂ ਨੇ ਪਾਵਰਕੌਮ ਨੂੰ ਭਰੋਸਾ ਦਿੱਤਾ ਹੈ ਕਿ ਜੁਰਮਾਨੇ ਦੀ ਰਾਸ਼ੀ ਜਲਦੀ ਅਦਾ ਕੀਤੀ ਜਾਵੇਗੀ।
ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਨੇ ਬੀਤੀ 30 ਮਾਰਚ ਨੂੰ ਆਪਣੀ ਚੁੱਪੀ ਤੋੜਦਿਆਂ ਮੁਹਾਲੀ ਪੁਲੀਸ ਨੂੰ ਬਿਜਲੀ ਚੋਰੀ ਦੇ ਜੁਰਮ ਵਿੱਚ ਦੋ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਸੀ। ਮਟੌਰ ਥਾਣੇ ’ਤੇ ਕਥਿਤ ਤੌਰ ’ਤੇ ਬਿਜਲੀ ਸਪਲਾਈ ਲਾਈਨ ਤੋਂ ਕੁੰਡੀ ਲਗਾ ਕੇ ਥਾਣੇ ਦੀ ਬੱਤੀ ਜਗਾਉਣ ਦਾ ਦੋਸ਼ ਹੈ। ਇਹ ਸਿਲਸਿਲਾ ਪਿਛਲੇ ਕਰੀਬ ਚਾਰ ਸਾਲ ਤੋਂ ਬੇਰੋਕ ਟੋਕ ਜਾਰੀ ਸੀ ਲੇਕਿਨ ਪਾਵਰਕੌਮ ਦੇ ਅਧਿਕਾਰੀ ਹੁਣ ਗੂੜੀ ਨੀਂਦ ਤੋਂ ਜਾਗੇ ਹਨ।
ਉਧਰ, ਸੈਟਰਲ ਥਾਣਾ ਫੇਜ਼-8 ਅਤੇ ਫੇਜ਼-1 ਨੇ ਵੀ ਪਿਛਲੇ ਸਮੇਂ ਤੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਹੈ। ਇਨ੍ਹਾਂ ਥਾਣਿਆਂ ਵੱਲ 25 ਲੱਖ ਤੋਂ ਵੱਧ ਦੇਣਦਾਰੀ ਖੜੀ ਹੈ। ਇਹੀ ਨਹੀਂ ਬਲੌਂਗੀ ਅਤੇ ਨਵਾਂ ਗਰਾਓਂ ਥਾਣੇ ਵਾਲਿਆਂ ਨੇ ਵੀ ਵਰਦੀ ਦਾ ਰੋਅਬ ਝਾੜਦਿਆਂ ਧੱਕੇ ਨਾਲ ਕੁੰਡੀ ਕੁਨੈਕਸ਼ਨ ਲਗਾਏ ਹੋਏ ਹਨ। ਦੱਸਿਆ ਗਿਆ ਹੈ ਕਿ ਜਦੋਂ ਤੋਂ ਇਹ ਥਾਣੇ ਹੋਂਦ ਵਿੱਚ ਆਏ ਸੀ। ਉਦੋਂ ਤੋਂ ਹੀ ਕੁੰਡੀ ਕੁਨੈਕਸ਼ਨ ਚਲ ਰਹੇ ਹਨ। ਜਿਸ ਕਾਰਨ ਪੁਲੀਸ ਹੁਣ ਤੱਕ ਸਰਕਾਰੀ ਖਜ਼ਾਨੇ ਨੂੰ ਲੱਖਾਂ ਦਾ ਚੂਨਾ ਲਗਾ ਚੁੱਕੀ ਹੈ। ਮਟੌਰ ਥਾਣੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਬੇਖ਼ੌਫ਼ ਕੁੰਡਾ ਲਗਾ ਕੇ ਕੰਮ ਚਲਾ ਰਹੀ ਹੈ।
ਮੁਹਾਲੀ ਪੁਲੀਸ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੋਂ ਵੀ ਇਨਕਾਰੀ ਹੈ। ਮੁਹਾਲੀ ਵਿੱਚ ਸਥਿਤ ਪੁਲੀਸ ਥਾਣਿਆਂ ਅਤੇ ਪੁਲੀਸ ਦੇ ਹੋਰ ਦਫ਼ਤਰਾਂ ਦੀਆਂ ਇਮਾਰਤਾਂ ਦਾ ਪ੍ਰਾਪਰਟੀ ਟੈਕਸ ਅਦਾ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਮੁਹਾਲੀ ਨਗਰ ਨਿਗਮ ਵੱਲੋਂ ਵੀ ਪੁਲੀਸ ਨੂੰ ਟੈਕਸ ਵਸੂਲੀ ਲਈ ਕਈ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਸਾਲ 2013 ਵਿੱਚ ਜ਼ਿਲ੍ਹਾ ਪੁਲੀਸ ਨੇ ਸ਼ਹਿਰ ਦੇ ਕਮਿਉਨਿਟੀ ਸੈਂਟਰਾਂ ਤੋਂ ਕਬਜ਼ਾ ਛੱਡ ਕੇ ਇੱਥੋਂ ਦੇ ਫੇਜ਼-7 ਸਥਿਤ ਗਮਾਡਾ ਅਧੀਨ ਰਾਧਾ ਸੁਆਮੀ ਸਤਿਸੰਗ ਭਵਨ ਦੀ ਖਾਲੀ ਪਈ ਇਮਾਰਤ ਵਿੱਚ ਮਟੌਰ ਥਾਣਾ ਸ਼ਿਫ਼ਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਹ ਥਾਣਾ ਸੈਕਟਰ-71 ਦੇ ਕਮਿਉਨਿਟੀ ਸੈਂਟਰ ਵਿੱਚ ਚਲ ਰਿਹਾ ਸੀ।
ਇੱਥੇ ਇਹ ਦੱਸਣਯੋਗ ਹੈ ਕਿ ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਅਤੇ ਆਕੁੰਸ਼ ਕਲੱਬ ਦੇ ਪ੍ਰਧਾਨ ਵੱਲੋਂ ਲੋਕ ਹਿੱਤ ਵਿੱਚ ਲੜੀ ਕਾਨੂੰਨੀ ਲੜਾਈ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਕਰੀਬ ਸੱਤ ਬਾਅਦ ਬੜੀ ਮੁਸ਼ਕਲ ਨਾਲ ਜ਼ਿਲ੍ਹਾ ਪੁਲੀਸ ਕੋਲੋਂ ਕਮਿਊਨਿਟੀ ਸੈਂਟਰ ਖਾਲੀ ਕਰਵਾਏ ਗਏ ਸਨ। ਮੁਹਾਲੀ ਪੁਲੀਸ ਨੇ 21 ਫਰਵਰੀ 2013 ਨੂੰ ਕੌੜਾ ਘੁੱਟ ਭਰਦਿਆਂ ਆਪਣੇ ਕਬਜ਼ੇ ਹੇਠਲੇ ਇੱਥੋਂ ਦੇ ਸੈਕਟਰ-71, ਫੇਜ਼-11 ਅਤੇ ਫੇਜ਼-6 ਸਥਿਤ ਗਮਾਡਾ ਦੇ ਕਮਿਊਨਿਟੀ ਸੈਂਟਰਾਂ ਨੂੰ ਖਾਲੀ ਕਰ ਦਿੱਤਾ ਗਿਆ ਸੀ। ਸੈਕਟਰ-71 ਦੇ ਕਮਿਊਨਿਟੀ ਸੈਂਟਰ ਵਿੱਚ ਮਟੌਰ ਪੁਲੀਸ ਥਾਣਾ, ਫੇਜ਼-11 ਦੇ ਕਮਿਊਨਿਟੀ ਸੈਂਟਰ ਵਿੱਚ ਪੁਲੀਸ ਲਾਈਨ ਅਤੇ ਫੇਜ਼-6 ਦੇ ਕਮਿਊਨਿਟੀ ਸੈਂਟਰ ਵਿੱਚ ਪੁਲੀਸ ਵੱਲੋਂ ਆਪਣਾ ਈ.ਓ.ਵਿੰਗ ਅਤੇ ਮਹਿਲਾ ਵਿੰਗ ਸਥਾਪਿਤ ਕੀਤੇ ਗਏ ਸੀ। ਇੰਝ ਹੀ ਇੱਥੋਂ ਦੇ ਉਦਯੋਗਿਕ ਏਰੀਆ ਫੇਜ਼-1 ਸਥਿਤ ਇੰਡਸਟਰੀ ਵਿਭਾਗ ਦੇ ਸ਼ੋਅਰੂਮਾਂ ਵਿਚ ਮਹਿਲਾ ਵਿੰਗ ਅਤੇ ਈ.ਓ. ਵਿੰਗ ਤਬਦੀਲ ਕੀਤਾ ਗਿਆ ਸੀ। ਉਂਜ ਫਿਲਹਾਲ ਪੁਲੀਸ ਦੇ ਇਹ ਸਿਰਫ਼ ਆਰਜ਼ੀ ਪ੍ਰਬੰਧ ਹਨ।
(ਬਾਕਸ ਆਈਟਮ)
ਉਧਰ, ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਮੁਹਾਲੀ ਦੇ ਪੁਲੀਸ ਥਾਣਿਆਂ ਵੱਲ ਬਕਾਇਆ ਖੜੇ ਬਿਜਲੀ ਬਿੱਲ ਭਰਨ ਲਈ ਜਲਦੀ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਬਿੱਲਾਂ ਦੀ ਅਦਾਇਗੀ ਕੀਤੀ ਜਾਵੇਗੀ। ਜਦੋਂ ਉਨ੍ਹਾਂ ਨੂੰ ਕੁੰਡੀ ਕੁਨੈਕਸ਼ਨ ਬਾਰੇ ਪੁੱਛਿਆ ਤਾਂ ਪੁਲੀਸ ਮੁਖੀ ਦਾ ਕਹਿਣਾ ਸੀ ਇਸ ਸਬੰਧੀ ਪੁਲੀਸ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕਰਕੇ ਇਸ ਮਸਲੇ ਦਾ ਛੇਤੀ ਹੱਲ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…