nabaz-e-punjab.com

ਵਿਜੀਲੈਂਸ ਬਿਊਰੋ ਨੂੰ ਕਿਹੜੇ ਸਾਬਕਾ ਕੈਬਨਿਟ ਮੰਤਰੀ ਦੇ ਵਿਦੇਸ਼ ਭੱਜਣ ਦਾ ਸ਼ੱਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆ ਨੂੰ ਸੰਮਨ ਜਾਰੀ ਕਰਕੇ ਆਪਣਾ ਪਾਸਪੋਰਟ ਅਦਾਲਤ ਵਿੱਚ ਜਮ੍ਹਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸੇ ਸਾਲ ਜੂਨ ਮਹੀਨੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਵਜ਼ਾਰਤ ਸਮੇਂ ਜੰਗਲਾਤ ਵਿਭਾਗ ਦੇ ਕੈਬਨਿਟ ਮੰਤਰੀ ਰਹੇ ਸੰਗਤ ਸਿੰਘ ਗਿਲਜੀਆ ਸਮੇਤ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਵਿਜੀਲੈਂਸ ਬਿਊਰੋ ਨੇ ਇਹ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਗਿਲਜੀਆ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਵਿਦੇਸ਼ ਭੱਜਣ ਦੇ ਚੱਕਰ ਵਿੱਚ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਗਿਲਜੀਆ ਅਮਰੀਕਾ ਜਾਣ ਲਈ ਟਿਕਟ ਬੁੱਕ ਕਰਵਾ ਚੁੱਕੇ ਹਨ। ਇਸ ਦੇ ਚੱਲਦਿਆਂ ਵਿਜੀਲੈਂਸ ਦੀ ਅਪੀਲ ’ਤੇ ਅਦਾਲਤ ਨੇ ਸਾਬਕਾ ਮੰਤਰੀ ਨੂੰ ਸੰਮਨ ਜਾਰੀ ਕਰਕੇ ਆਪਣਾ ਪਾਸਪੋਰਟ ਸਬੰਧਤ ਅਦਾਲਤ ਵਿੱਚ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਇੱਥੇ ਇਹ ਜ਼ਿਕਰਯੋਗ ਹੈ ਕਿ ਉਪਰੋਕਤ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾਈ ਹੋਈ ਹੈ। ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਵਿਜੀਲੈਂਸ ਨੂੰ ਘੱਟੋ-ਘੱਟ ਇੱਕ ਹਫ਼ਤੇ ਦਾ ਨੋਟਿਸ ਦੇਣਾ ਪਵੇਗਾ।
ਗਿਲਜੀਆ ਅਤੇ ਧਰਮਸੋਤ ਉੱਤੇ ਜੰਗਲਾਤ ਵਿਭਾਗ ਵਿੱਚ ਠੇਕੇਦਾਰਾਂ ਤੋਂ ਪੈਸੇ ਲੈ ਕੇ ਖੈਰ ਦੇ ਦਰੱਖਤਾਂ ਦੀ ਕਟਾਈ ਦਾ ਠੇਕਾ ਦੇਣ ਅਤੇ ਜੰਗਲਾਤ ਅਫ਼ਸਰਾਂ ਨੂੰ ਉਨ੍ਹਾਂ ਦੇ ਮਨਪਸੰਦ ਸਟੇਸ਼ਨਾਂ ’ਤੇ ਤਾਇਨਾਤ ਕਰਨ ਲਈ ਵੱਢੀ ਲੈਣ ਦਾ ਦੋਸ਼ ਹੈ। ਧਰਮਸੋਤ ਸਮੇਤ ਉਸ ਦਾ ਓਐਸਡੀ ਚਮਕੌਰ ਸਿੰਘ ਅਤੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਇਸ ਸਮੇਂ ਨਿਆਇਕ ਹਿਰਾਸ਼ਤ ਅਧੀਨ ਜੇਲ੍ਹ ਵਿੱਚ ਹਨ ਜਦੋਂਕਿ ਗਿਲਜੀਆ ਦੀ ਗ੍ਰਿਫ਼ਤਾਰੀ ’ਤੇ ਰੋਕ ਲੱਗੀ ਹੋਈ ਹੈ।
ਵਿਜੀਲੈਂਸ ਦੇ ਤੱਥਾਂ ਅਨੁਸਾਰ ਠੇਕੇਦਾਰ ਨੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆ ਨੂੰ ਮੁਹਾਲੀ ਨੇੜਲੇ ਪਿੰਡ ਨਾਡਾ ਵਿੱਚ ਖੈਰ ਦੇ ਦਰਖ਼ਤਾਂ ਦੀ ਕਟਾਈ ਦਾ ਪਰਮਿਟ ਜਾਰੀ ਕਰਵਾਉਣ ਲਈ ਪੀਏ ਕੁਲਵਿੰਦਰ ਸਿੰਘ ਰਾਹੀਂ 5 ਲੱਖ ਰੁਪਏ ਰਿਸ਼ਵਤ ਦਿੱਤੀ ਸੀ। ਉਸ ਨੇ ਰੇਂਜ ਅਫ਼ਸਰ, ਬਲਾਕ ਅਫ਼ਸਰ ਅਤੇ ਵਣ ਗਾਰਡ ਨੂੰ ਵੀ ਰਿਸ਼ਵਤ ਦਿੱਤੀ ਸੀ। ਗਿਲਜੀਆ ਨੇ ਆਪਣੇ ਕਾਰਜਕਾਲ ਦੌਰਾਨ ਠੇਕੇਦਾਰ ਹਰਮੋਹਿੰਦਰ ਦੀ ਪੰਜਾਬ ਦੇ ਡੀਐਫਓਜ਼ ਨਾਲ ਮੀਟਿੰਗ ਕਰਵਾਈ ਸੀ ਅਤੇ ਹਦਾਇਤ ਕੀਤੀ ਸੀ ਕਿ ਪੌਦਿਆਂ ਦੀ ਸੁਰੱਖਿਆ ਲਈ ਟ੍ਰੀ-ਗਾਰਡਾਂ ਦੀ ਖ਼ਰੀਦ ਸਿਰਫ਼ ਸਚਿਨ ਕੁਮਾਰ ਤੋਂ ਹੀ ਕੀਤੀ ਜਾਵੇਗੀ। ਇੱਕ ਟ੍ਰੀ-ਗਾਰਡ ਦੀ ਕੀਮਤ 2800 ਸੀ, ਜਿਸ ’ਚੋਂ ਗਿਲਜੀਆ ਦਾ ਹਿੱਸਾ ਰਿਸ਼ਵਤ ਵਜੋਂ 800 ਪ੍ਰਤੀ ਰੁੱਖ ਸੀ। ਉਸ ਸਮੇਂ ਕੁੱਲ 80 ਹਜ਼ਾਰ ਟਰੀ-ਗਾਰਡ ਖ਼ਰੀਦੇ ਗਏ ਸਨ ਅਤੇ ਗਿਲਜੀਆ ਨੇ 6,40,00,000 ਰੁਪਏ ਰਿਸ਼ਵਤ ਵਜੋਂ ਇਕੱਠੇ ਕੀਤੇ ਸਨ।
ਪਿੰਡ ਨਾਡਾ ਵਿੱਚ ਵਣ ਗਾਰਡ ਦਿਲਪ੍ਰੀਤ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੱਕੀ ਸੜਕ ਬਣਾਉਣ ਲਈ ਪਹਾੜੀ ਨੂੰ ਪੱਧਰ ਕੀਤਾ ਗਿਆ ਸੀ। ਗਿਲਜੀਆ ਦੇ ਕਾਰਜਕਾਲ ਦੌਰਾਨ ਅਮਿਤ ਚੌਹਾਨ ਨੂੰ ਡੀਐਫ਼ਓ ਰੂਪਨਗਰ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਬੇਲਾ ਨੇੜਲੇ ਪਿੰਡ ਜ਼ਿੰਦਾ ਵਿੱਚ 486 ਏਕੜ ਜ਼ਮੀਨ ’ਚੋਂ ਇੱਕ ਮਹੀਨੇ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਗਈ। ਪਿੰਡ ਵਿੱਚ ਕਰੀਬ 50 ਫੁੱਟ ਡੂੰਘੇ ਟੋਏ ਪੁੱਟ ਦਿੱਤੇ ਗਏ। ਸਰਪੰਚਾਂ ਦੀ ਮਿਲੀਭੁਗਤ ਨਾਲ 40-50 ਕਰੋੜ ਰੁਪਏ ਦੀ ਗੈਰ-ਕਾਨੂੰਨੀ ਮਾਈਨਿੰਗ ਕੀਤੀ ਗਈ ਸੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…