ਮੰਤਰੀ ਮੰਡਲ ਵੱਲੋਂ ਮਤਾ ਪਾਸ ਕਰਕੇ ਪੰਜਾਬ ਵਿੱਚ ਅਮਨ-ਸ਼ਾਂਤੀ ਤੇ ਮਿਲਵਰਤਣ ਲਈ ਸਹਿਯੋਗ ਦੇਣ ’ਤੇ ਲੋਕਾਂ ਦਾ ਧੰਨਵਾਦ

ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਨਵੀਂ ਸਰਕਾਰ ਨੂੰ ਸਹਿਯੋਗ ਦੇਣ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਮਾਰਚ:
ਪੰਜਾਬ ਮੰਤਰੀ ਮੰਡਲ ਨੇ ਅੱਜ ਦੀ ਇਕੱਤਰਤਾ ਦੌਰਾਨ ਪਿਛਲੇ ਦਸ ਸਾਲਾਂ ਦੌਰਾਨ ਸੂਬੇ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਰਬਪੱਖੀ ਵਿਕਾਸ ਲਈ ਦਿੱਤੇ ਗਏ ਭਰਪੂਰ ਸਹਿਯੋਗ ਅਤੇ ਮਿਲਵਰਤਣ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਮੰਤਰੀ ਮੰਡਲ ਵੱਲੋਂ ਪਾਸ ਕੀਤੇ ਗਏ ਮਤੇ ਵਿੱਚ, ‘‘ਇਸ ਅਰਸੇ ਨੇ ਜਿੱਥੇ ਪੰਜਾਬ ਨੂੰ ਲੰਬੇ ਬਿਜਲੀ ਕੱਟਾ ਵਾਲੇ ਹਨੇਰੇ ਵਿਚੋਂ ਕੱਢ ਕੇ ਪਾਵਰ ਸਰਪਲੱਸ ਸੂਬਾ ਹੋਣ ਤੱਕ ਅਤੇ ਚਿਰਾਂ ਤੋਂ ਰੁੱਲ ਰਹੇ ਬੁਨਿਆਦੀ ਢਾਂਚੇ ਨੂੰ ਨਵੀਆਂ ਆਧੁਨਿਕ ਅਤੇ ਵਿਸ਼ਵ ਪੱਧਰੀ ਲੀਹਾਂ ਉਤੇ ਪਹੁੰਚਣ ਦਾ ਮਾਣ ਹਾਸਲ ਕਰਦੇ ਹੋਏ ਵੇਖਿਆ, ਉਥੇ ਸੂਬੇ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੈ ਕੇ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਰਾਸਤੀ ਸੁੰਦਰੀਕਰਨ ਤੱਕ ਹਰ ਪਹਿਲੂ ਵਿੱਚ ਬੇਮਿਸਾਲ ਮੱਲਾਂ ਮਾਰੀਆਂ ਗਈਆਂ।’’ ਕਿਸਾਨਾਂ, ਦਲਿਤ ਅਤੇ ਗਰੀਬ ਵਰਗ ਨੂੰ ਮੁਫਤ ਬਿਜਲੀ ਦੀ ਸਹੂਲਤ, ਗਰੀਬ ਵਰਗ ਵਾਸਤੇ ਆਟਾ-ਦਾਲ ਸਕੀਮ, ਵਿਦਿਆਰਥੀਆਂ ਲਈ ਉਤਸ਼ਾਹ ਦੇਣ ਵਾਲੀਆਂ ਵਜ਼ੀਫਾ ਸਕੀਮਾਂ, ਮਰੀਜ਼ਾਂ ਨੂੰ ਮੁਫਤ ਇਲਾਜ ਅਤੇ ਕੈਂਸਰ ਪੀੜਤਾਂ ਨੂੰ ਵੱਡੀ ਮਾਇਕ ਰਾਹਤ, ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰਰਾਈਜ਼ ਕਰਨ ਤੋਂ ਇਲਾਵਾ ਸੂਬੇ ਵਿੱਚ ਵਿਦਿਆ ਅਤੇ ਸਿਹਤ ਖੇਤਰ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਇਨ੍ਹਾਂ ਖੇਤਰਾਂ ਵਿੱਚ ਵਿਸ਼ਵ ਪੱਧਰ ਦੇ ਅਜਿਹੇ ਅਤਿ-ਆਧੁਨਿਕ ਸਹੂਲਤਾਂ ਵਾਲੇ ਅਦਾਰਿਆਂ ਤੱਕ ਪੰਜਾਬ ਅੱਜ ਹਰ ਪਹਿਲੂ ਵਿੱਚ ਸਰਬਪੱਖੀ ਵਿਕਾਸ ਦੇ ਤੇਜ਼ੀ ਨਾਲ ਹੋਈ ਤਰੱਕੀ ਦੀ ਮੂੰਹ ਬੋਲਦੀ ਤਸਵੀਰ ਬਣ ਚੁੱਕਿਆ ਹੈ।
ਕਿਸਾਨੀ ਅਤੇ ਗਰੀਬ ਵਰਗ ਲਈ ਅਜਿਹੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਮਿਸਾਲ ਦੇਸ਼ ਵਿੱਚ ਕਿਤੇ ਵੀ ਹੋਰ ਨਹੀਂ ਮਿਲਦੀ। ਇਸ ਸਮੇਂ ਦੌਰਾਨ ਸੂਬੇ ਅਤੇ ਕੇਂਦਰ ਦਰਮਿਆਨ ਸਬੰਧਾਂ ਵਿੱਚ ਇਕ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਗਈ ਜਿਸ ਨਾਲ ਪੰਜਾਬ ਨੂੰ ਕੇਂਦਰ ਤੋਂ ਵੱਡੀਆਂ ਰਾਹਤਾਂ ਪ੍ਰਾਪਤ ਹੋਈਆਂ। ਇਨ੍ਹਾਂ 10 ਸਾਲਾਂ ਦੌਰਾਨ ਪੰਜਾਬੀਆਂ ਦੀ ਨੁਮਾਇੰਦਗੀ ਕਰਦਿਆਂ ਸੂਬੇ ਦੇ ਅਹਿਮ ਹਿੱਤਾਂ ਉੱਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਗਿਆ। ਵੱਡੇ ਤੋਂ ਵੱਡੇ ਦਬਾਅ ਦੇ ਬਾਵਜੂਦ ਪੰਜਾਬ ਦੇ ਪਾਣੀਆਂ ਦੇ ਇਕ ਤੁਪਕੇ ’ਤੇ ਵੀ ਡਾਕਾ ਨਹੀਂ ਵੱਜਣ ਦਿੱਤਾ ਗਿਆ ਬਲਕਿ ਇਸ ਦੇ ਉਲਟ ਪੰਜਾਬ ਉੱਤੇ ਥੋਪੀ ਗਈ ਐਸ.ਵਾਈ.ਐਲ. ਨਹਿਰ ਦਾ ਅਧਾਰ ਹੀ ਖਤਮ ਕਰ ਦਿੱਤਾ ਗਿਆ ਅਤੇ ਇਸ ਲਈ ਸਰਕਾਰ ਵੱਲੋਂ ਲਈ ਗਈ ਜ਼ਮੀਨ ਉਸ ਦੇ ਅਸਲੀ ਮਾਲਕ ਕਿਸਾਨਾਂ ਨੂੰ ਵਾਪਸ ਕਰਕੇ ਇਸ ਨਹਿਰ ਦੀ ਭਵਿੱਖ ਵਿੱਚ ਉਸਾਰੀ ਦੀ ਸੰਭਾਵਨਾ ਨੂੰ ਸਦਾ ਲਈ ਖਤਮ ਕਰ ਦਿੱਤਾ। ਪੇਂਡੂ ਅਤੇ ਸ਼ਹਿਰੀ ਵਰਗਾਂ ਦੇ ਵਿਕਾਸ ਅਤੇ ਭਲਾਈ ਲਈ ਅਜਿਹੇ ਵੱਡੇ ਹੰਭਲੇ ਮਾਰੇ ਗਏ ਅਤੇ ਅਜਿਹੀਆਂ ਰਾਹਤ ਸਕੀਮਾਂ ਲਾਗੂ ਕੀਤੀਆਂ ਗਈਆਂ ਜਿਨ੍ਹਾਂ ਦੀ ਮਿਸਾਲ ਪੰਜਾਬ ਵਿੱਚ ਤਾਂ ਕੀ ਦੇਸ਼ ਦੇ ਇਤਿਹਾਸ ਵਿੱਚ ਕੀਤੇ ਨਹੀਂ ਮਿਲਦੀ। ਸੂਬੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਉਕਸਾ ਕੇ ਸੂਬੇ ਦੇ ਅਮਨ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਲਾਂਬੂ ਲਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਨਾਲ ਸਰਕਾਰ ਨੇ ਦ੍ਰਿੜਤਾ ਨਾਲ ਨਜਿੱਠਿਆ ਅਤੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਕਤੱਈ ਆਂਚ ਨਹੀਂ ਆਉਣ ਦਿੱਤੀ।
ਦੇਸ਼ ਤੋਂ ਬਾਹਰੋਂ ਪੰਜਾਬ ਦੇ ਅਮਨ ਨੂੰ ਦਿੱਤੀਆਂ ਗਈਆਂ ਚੁਣੌਤੀਆਂ ਨੂੰ ਵੀ ਸਖਤੀ ਨਾਲ ਫੇਲ੍ਹ ਕੀਤਾ ਗਿਆ। ਇਹ ਇਕੱਤਰਤਾ ਪਿਛਲੇ 10 ਸਾਲ ਦੌਰਾਨ ਸੂਬੇ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਢਾਂਚੇ, ਸਮੂਹ ਸਰਕਾਰੀ, ਨੀਮ ਸਰਕਾਰੀ ਅਤੇ ਹੋਰ ਸਭ ਅਦਾਰਿਆਂ ਅਤੇ ਜਥੇਬੰਦੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਇਹ ਇਕੱਤਰਤਾ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹੈ ਕਿ ਆਉਂਦੇ ਦਿਨਾਂ ਅੰਦਰ ਪੰਜਾਬ ਵਿੱਚ ਚੱਲ ਰਿਹਾ ਅਮਨ ਅਤੇ ਵਿਕਾਸ ਦੀ ਚੜ੍ਹਤ ਵਾਲਾ ਬੇਮਿਸਾਲ ਮਾਹੌਲ ਨਾ ਸਿਰਫ ਬਾ-ਦਸਤੂਰ ਜਾਰੀ ਰਹੇ ਸਗੋਂ ਇਹ ਨਵੀਆਂ ਬੁਲੰਦੀਆਂ ਨੂੰ ਵੀ ਛੂਹੇ। ਇਕੱਤਰਤਾ ਨੇ ਸੂਬੇ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਡਟ ਕੇ ਪਹਿਰਾ ਦੇਣ ਵਾਸਤੇ ਨਵੀਂ ਸਰਕਾਰ ਨੂੰ ਪੂਰਨ ਸਹਿਯੋਗ ਦੇਣ ਤੇ ਮਿਲਵਰਤਣ ਲਈ ਵਿਸ਼ਵਾਸ ਦਿਵਾਇਆ। ਮਤੇ ਰਾਹੀਂ ਇਹ ਇੱਕਤਰਤਾ ਨਵੀਂ ਬਣਨ ਵਾਲੀ ਸਰਕਾਰ ਅਤੇ ਸਮੂਹ ਪੰਜਾਬੀਆਂ ਨੂੰ ਸ਼ੁੱਭ ਕਾਮਨਾਵਾਂ ਪੇਸ਼ ਕਰਦੀ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…