ਸ੍ਰੀ ਅਨੰਦਪੁਰ ਸਾਹਿਬ: ਹੜ੍ਹ ਪ੍ਰਭਾਵਿਤ ਇਲਾਕਿਆਂ ‘ਚੋਂ 200 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ

ਹਰਜੋਤ ਬੈਂਸ ਵੱਲੋਂ ਨੀਵੇਂ ਇਲਾਕਿਆਂ ‘ਚ ਵਸਦੇ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਜਾਣ ਦੀ ਅਪੀਲ

ਨਬਜ਼-ਏ-ਪੰਜਾਬ, ਚੰਡੀਗੜ੍ਹ, 3 ਸਤੰਬਰ 2025:
ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਦੀ ਅਗਵਾਈ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਹੜ੍ਹਾਂ ਤੋਂ ਪ੍ਰਭਾਵਿਤ ਦੋ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕੀਤਾ ਅਤੇ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਵਿੱਚੋਂ ਪਰਿਵਾਰਾਂ ਨੂੰ ਸੁਰੱਖਿਅਤ ਕੱਢਣ ਦੇ ਕਾਰਜਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕੀਤੀ। ਰਾਹਤ ਅਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ 200 ਤੋਂ ਵੱਧ ਲੋਕਾਂ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਕੇ ਰਾਹਤ ਕੈਂਪਾਂ ਵਿੱਚ ਠਹਿਰਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਨੰਗਲ ਸਬ-ਡਵੀਜ਼ਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣ, ਸਰਕਾਰੀ ਮਿਡਲ ਸਕੂਲ ਭਨਾਮ, ਸਰਕਾਰੀ ਸ਼ਿਵਾਲਿਕ ਸਕੂਲ ਨੰਗਲ ਅਤੇ ਸਿੰਘਪੁਰ ਪਲਾਸੀ ਕਮਿਊਨਿਟੀ ਸੈਂਟਰ ਵਿਖੇ ਚਾਰ ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿੱਚ 137 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ। ਬਚਾਅ ਕਾਰਜਾਂ ਸਬੰਧੀ ਵੱਖ-ਵੱਖ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਲੋਅਰ ਬੇਲਾ ਧਿਆਨੀ ‘ਚੋਂ ਕਿਸ਼ਤੀ ਰਾਹੀਂ 18 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਅਤੇ ਪਿੰਡ ਹਰਸਾ ਬੇਲਾ ਅਤੇ ਸੈਸੋਵਾਲ ‘ਚੋਂ 48 ਵਿਅਕਤੀ ਆਪਣੇ ਟਰੈਕਟਰ-ਟਰਾਲੀਆਂ ਦੀ ਵਰਤੋਂ ਨਾਲ ਰਾਹਤ ਕੈਂਪਾਂ ‘ਚ ਪਹੁੰਚੇ।
ਰਾਹਤ ਕਾਰਜਾਂ ਪ੍ਰਤੀ ਆਪਣੀ ਵਚਨਬੱਧਤਾ ਦਿਖਾਉਂਦਿਆਂ ਸ. ਹਰਜੋਤ ਸਿੰਘ ਬੈਂਸ ਨੇ ਨਹਿਰ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੇ ਕਾਰਜ ਵਿੱਚ ਹੱਥ ਵਟਾਇਆ। ਸਿੱਖਿਆ ਮੰਤਰੀ ਨੇ ਲੋਧੀਪੁਰ ਪਿੰਡ ਦੇ ਨੇੜੇ ਹੜ੍ਹ ਸੁਰੱਖਿਆ ਢਾਂਚੇ ਦੀ ਮਜ਼ਬੂਤੀ ਨਾਲ ਆਲੇ ਦੁਆਲੇ ਦੇ ਇਲਾਕੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਗਰਮ ਕਦਮ ਚੁੱਕਦਿਆਂ ਡੰਗੇ ਦੀ ਮਜ਼ਬੂਤੀ ਲਈ ਰੇਤ ਦੀਆਂ ਬੋਰੀਆਂ ਪਹੁੰਚਾਉਣ ਦੇ ਕਾਰਜ ਵਿੱਚ ਸਹਿਯੋਗ ਦਿੱਤਾ।
ਸ. ਹਰਜੋਤ ਸਿੰਘ ਬੈਂਸ ਨੇ ਸਤਲੁਜ ਦਰਿਆ ਦੇ ਕੰਢੇ ਨੀਵੇਂ ਇਲਾਕਿਆਂ ‘ਚ ਰਹਿੰਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਅਤੇ ਰਾਹਤ ਕੈਂਪਾਂ ਵਿੱਚ ਜਾਣ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ ਕੈਂਪਾਂ ਵਿੱਚ ਸਾਰੀਆਂ ਜ਼ਰੂਰੀ ਸਹੂਲਤਾਂ ਅਤੇ ਪ੍ਰਬੰਧਾਂ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਚੁਣੌਤੀਪੂਰਨ ਸਮੇਂ ਦੌਰਾਨ ਆਪਣੇ ਲੋਕਾਂ ਦੇ ਨਾਲ ਖੜ੍ਹੀ ਹੈ। ਕੈਬਨਿਟ ਮੰਤਰੀ ਨੇ ਰਾਹਤ ਕਾਰਜਾਂ ਵਿੱਚ ਸਹਿਯੋਗ ਅਤੇ ਸਮਰਪਣ ਲਈ ਯੂਥ ਕਲੱਬਾਂ, ਪੰਚਾਇਤਾਂ ਅਤੇ ਵਲੰਟੀਅਰਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਉਨ੍ਹਾਂ ਵੱਲੋਂ ਇਸੇ ਤਰ੍ਹਾਂ ਨਿਰੰਤਰ ਸਹਿਯੋਗ ਦੇਣ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In Government

Check Also

Punjab Cabinet Approves New Building Bye-laws

Punjab Cabinet Approves New Building Bye-laws Important decisions taken in Punjab Cabinet …