ਵਿਰੋਧੀ ਲਹਿਰ ਤੇ ਆਪਣਿਆਂ ਦੀ ਅੰਦਰਖਾਤੇ ਵਿਰੋਧਤਾ ਕਾਰਨ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ

ਮੁਹਾਲੀ ਵਿੱਚ ਐਮ.ਪੀ ਤੇ ਮੇਅਰ ਵੀ ਅਕਾਲੀ ਦਲ ਦਾ ਅਤੇ 35 ਕੌਂਸਲਰ ਤੇ ਹੋਰ ਆਗੂਆਂ ਦੀ ਫੌਜ ਵੀ ਨਾ ਆਈ ਕਿਸੇ ਕੰਮ

ਅਕਾਲੀ ਦਲ ਨੂੰ ਯੋਗ ਅਗਵਾਈ ਦੀ ਕਮੀ, ਮੁਹਾਲੀ ਵਿੱਚ ਆਪਸੀ ਫੁੱਟ ਤੇ ਧੜੇਬੰਦੀ ਵੀ ਸਿੱਖਰ ’ਤੇ ਹੋਣ ਕਾਰਨ ਲੱਗੀ ਢਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਉਧਰ, ਪੰਜਾਬ ਵਿੱਚ ਬੀਤੀ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ, ਜਿਨ੍ਹਾਂ ਦੇ ਨਤੀਜੇ ਬੀਤੀ 11 ਮਾਰਚ ਨੂੰ ਐਲਾਨੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਲਗਾਤਾਰ 10 ਸਾਲ ਸੱਤਾ ਦਾ ਨਿੱਘ ਮਾਣਨ ਦੇ ਬਾਵਜੂਦ ਬਾਦਲਕਿਆਂ ਨੂੰ ਨਮੋਸ਼ੀ ਭਰੀ ਹਾਰ ਦਾ ਮੂੰਹ ਦੇਖਣਾ ਪਿਆ ਹੈ। ਉਧਰ, ਅਕਾਲੀ ਦਲ ਆਪਣਿਆਂ ਦੀ ਅੰਦਰਖਾਤੇ ਵਿਰੋਧਤਾ ਦੇ ਚੱਲਦਿਆਂ ਮੁਹਾਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰਦਸਤ ਹਾਰ ਹੋਈ ਹੈ। ਹੁਕਮਰਾਨ ਪਾਰਟੀ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਤੀਜੇ ਸਥਾਨ ’ਤੇ ਰਹੇ ਹਨ। ਉਂਜ ਅਕਾਲੀ ਆਗੂ ਅੰਦਰਖਾਤੇ ਵਿਰੋਧਤਾ ਕਰਨ ਦੀ ਗੱਲ ਤੋਂ ਇਨਕਾਰੀ ਹਨ ਅਤੇ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਕੈਪਟਨ ਸਿੱਧੂ ਐਂਟੀ ਵੇਬ ਕਾਰਨ ਹਾਰੇ ਹਨ। ਅਸੀਂ ਤਾਂ ਪੁਰਾ ਜ਼ੋਰ ਲਗਾਇਆ ਸੀ। ਜੇਕਰ ਮੁਹਾਲੀ ਦੇ ਤਾਜ਼ਾ ਹਾਲਾਤਾਂ ’ਤੇ ਇੱਕ ਝਾਤ ਮਾਰ ਕੇ ਦੇਖੀਏ ਤਾਂ ਮੁਹਾਲੀ ਵਿੱਚ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਅਕਾਲੀ ਦਲ ਦੇ ਹਨ ਅਤੇ ਮੇਅਰ ਕੁਲਵੰਤ ਸਿੰਘ ਸਮੇਤ 23 ਅਕਾਲੀ ਭਾਜਪਾ ਅਤੇ 12 ਮੇਅਰ ਧੜੇ ਦੇ ਕੌਂਸਲਰ ਜਿੱਤੇ ਹੋਏ ਹਨ।
ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਕਿਰਨਬੀਰ ਸਿੰਘ ਕੰਗ, ਯੂਥ ਆਗੂ ਬੱਬੀ ਬਾਦਲ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਬੀਬੀ ਪਰਮਜੀਤ ਕੌਰ ਲਾਂਡਰਾਂ, ਜ਼ਿਲ੍ਹਾ ਇਸਤਰੀ ਅਕਾਲੀ ਦਲ ਸ਼ਹਿਰੀ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਦਿਹਾਤੀ ਦੀ ਪ੍ਰਧਾਨ ਬਲਜਿੰਦਰ ਕੌਰ ਸੈਦਪੁਰ, ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪਿੰ੍ਰਸ, ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ, ਯੂਥ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਜਸਪਿੰਦਰ ਸਿੰਘ ਲਾਲੀ ਸਮੇਤ ਹੋਰ ਸੀਨੀਅਰ ਆਗੂਆਂ ਦੀ ਫੌਜ ਵਿੱਚ ਸ਼ਾਮਲ ਜ਼ਿਆਦਾਤਰ ਆਗੂ ਮੁਹਾਲੀ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਹੀ ਰਹਿੰਦੇ ਹਨ। ਇਸ ਦੇ ਬਾਵਜੂਦ ਮੁਹਾਲੀ ਹਲਕੇ ਵਿੱਚ ਅਕਾਲੀ ਦਲ ਦੀ ਨਿਰਾਸ਼ਾ ਜਨਕ ਹਾਰ ਹੋਈ ਹੈ।
ਮੁਹਾਲੀ ਦੇ ਕੁੱਝ ਕੁ ਬੂਥਾਂ ਨੂੰ ਛੱਡ ਕੇ ਬਾਕੀ ਸਾਰੇ ਬੂਥਾਂ ’ਤੇ ਅਕਾਲੀ ਦਲ ਦੀ ਕਰਾਰੀ ਹਾਰ ਹੋਈ ਹੈ ਅਤੇ 10 ਸਾਲ ਹਕੂਮਤ ਕਰਨ ਅਤੇ ਇਲਾਕੇ ਦੇ ਵਿਕਾਸ ਕਾਰਜਾਂ ’ਤੇ 2400 ਕਰੋੜ ਤੋਂ ਵੱਧ ਰੁਪਏ ਖਰਚਣ ਦਾ ਦਾਅਵੇ ਕੀਤੇ ਜਾਣ ਦੇ ਬਾਵਜੂਦ ਹਲਕੇ ਵਿੱਚ ਅਕਾਲੀ ਦਲ ਹਾਸ਼ੀਏ ’ਤੇ ਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਹਲਕੇ ਦੇ ਕੁੱਲ 225 ਪੋਲਿੰਗ ਬੂਥ ਸਨ। ਇਨ੍ਹਾਂ ’ਚੋਂ ਸਿਰਫ਼ ਚਾਰ ਬੂਥਾਂ ’ਤੇ ਅਕਾਲੀ ਦਲ ਨੂੰ ਲੀਡ ਮਿਲੇ ਹੈ ਜਦੋਂ ਕਿ ਬਾਕੀ ਸਾਰੇ ਬੂਥਾਂ ’ਤੇ ਹੁਕਮਰਾਨ ਪਾਰਟੀ ਪਿੱਛੇ ਹੀ ਰਹੀ ਹੈ। ਬੂਥ ਨੰਬਰ-18 ’ਤੇ ਅਕਾਲੀ ਦਲ ਨੂੰ 352, ਕਾਂਗਰਸ ਨੂੰ 237 ਤੇ ਆਪ ਨੂੰ 206 ਵੋਟ ਮਿਲੇ ਹਨ ਜਦੋਂ ਕਿ ਚੱਪੜਚਿੜੀ ਬੂਥ ਨੰਬਰ-26 ’ਤੇ ਅਕਾਲੀ ਦਲ ਨੂੰ 222 ਅਤੇ ਕਾਂਗਰਸ ਨੂੰ 206 ਤੇ ਆਪ ਨੂੰ 183 ਵੋਟਾਂ ਮਿਲੀਆਂ ਹਨ। ਇੰਝ ਹੀ ਬੂਥ ਨੰਬਰ-147 ਦੀਆਂ ਵੋਟਾਂ ਦੀ ਗਿਣਤੀ ਮੁਤਾਬਕ ਅਕਾਲੀ ਦਲ ਨੂੰ 241, ਆਪ ਨੂੰ 214 ਅਤੇ ਕਾਂਗਰਸ ਨੂੰ 213 ਵੋਟ ਮਿਲੇ ਹਨ। ਇਹੀ ਨਹੀਂ ਬੂਥ ਨੰਬਰ-31 ’ਤੇ ਅਕਾਲੀ ਦਲ ਨੂੰ ਸਿਰਫ਼ 19 ਵੋਟਾਂ ਮਿਲੀਆਂ ਹਨ। ਇਹੀ ਨਹੀਂ ਕਈ ਸੀਨੀਅਰ ਮਹਿਲਾ ਅਤੇ ਪੁਰਸ ਆਗੂ ਚੋਣ ਪ੍ਰਚਾਰ ਦੌਰਾਨ ਹਲਕੇ ਵਿੱਚ ਨਜ਼ਰ ਤੱਕ ਨਹੀਂ ਆਏ ਹਨ। ਅਤੇ ਨਾ ਹੀ ਕੋਈ ਸਟਾਰ ਪ੍ਰਚਾਰਕ ਹੀ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਸਨ। ਇਸ ਤਰ੍ਹਾਂ ਪੂਰੀ ਚੋਣ ਮੁਹਿੰਮ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸੁਹਰੇ ਸੁਖਦੇਵ ਸਿੰਘ ਢੀਂਡਸਾ ਨੇ ਖ਼ੁਦ ਸੰਭਾਲੀ ਹੋਈ ਸੀ। ਜਿੰਨੀਂ ਵੀ ਵੋਟਾਂ ਮਿਲੀਆਂ ਹਨ, ਉਹ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਡਿਪਟੀ ਕਮਿਸ਼ਨਰ ਹੁੰਦਿਆਂ ਲੋਕਾਂ ਨਾਲ ਸਿੱਧੇ ਰਾਬਤੇ ਦੇ ਬਦੌਲਤ ਮਿਲੀਆਂ ਹਨ।
ਉਧਰ, ਆਮ ਆਦਮੀ ਪਾਰਟੀ (ਆਪ) ਵੀ ਸਿਰਫ਼ ਅੱਠ ਬੂਥ ’ਤੇ ਅੱਗੇ ਅਤੇ ਦੋ ਬੂਥਾਂ ’ਤੇ ਕਾਂਗਰਸ ਨਾਲ ਬਰਾਬਰ ਰਹੀ ਹੈ। ਜਦੋਂ ਕਿ ਸਮੁੱਚੇ ਹਲਕੇ ਵਿੱਚ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਵਿਰੋਧੀ ਉਮੀਦਵਾਰਾਂ ਨੂੰ ਆਪਣੇ ਨੇੜੇ ਤੇੜੇ ਵੀ ਢੱੁਕਣ ਨਹੀਂ ਦਿੱਤਾ ਹੈ। ਇਸ ਤਰ੍ਹਾਂ ਐਤਕੀਂ ਸ੍ਰੀ ਸਿੱਧੂ ਨੇ ਜੇਤੂ ਹੈਟ੍ਰਿਕ ਬਣਾ ਕੇ ਲੋਕਾਂ ਵਿੱਚ ਆਪਣੀ ਹਰਮਨ ਪਿਆਰਤਾ ਦਾ ਲੋਹਾ ਮਨਾਇਆ ਹੈ।
(ਬਾਕਸ ਆਈਟਮ)
ਕੈਪਟਨ ਸਿੱਧੂ ਵੱਲੋਂ ਸਮੂਹ ਪਾਰਟੀ ਵਰਕਰਾਂ ਤੇ ਵੋਟਰਾਂ ਦਾ ਧੰਨਵਾਦ
ਉਧਰ, ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਵਰਕਰਾਂ ਸਮੇਤ ਹਲਕੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਮੁਹਾਲੀ ਵਿੱਚ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ ਹੈ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਜਿੱਤ ਅਤੇ ਹਾਰ ਤਾਂ ਬਣੀ ਹੋਈ ਹੈ ਪਰ ਭਵਿੱਖ ਵਿੱਚ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾਂ ਨਾਲ ਖੜਨਗੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਚਿੰਤਨ ਮੀਟਿੰਗਾਂ ਕਰਨ ਦੇ ਨਾਲ ਨਾਲ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਅੱਗੇ ਲੱਗ ਕੇ ਸਮਾਜਿਕ ਅਤੇ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…