nabaz-e-punjab.com

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਪ੍ਰੇਮਿਕਾ ਤੇ ਉਸ ਦੀ ਛੋਟੀ ਭੈਣ ਵੀ ਗ੍ਰਿਫ਼ਤਾਰ

ਜਾਂਚ ਟੀਮ ਵੱਲੋਂ ਦੋਵੇਂ ਭੈਣਾਂ ਕੋਲੋਂ 1 ਕਿੱਲੋ ਹੈਰੋਇਨ ਬਰਾਮਦ, ਅਸਲਾ ਤੇ ਕਾਰਤੂਸ ਵੀ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਪੰਜਾਬ ਪੁਲੀਸ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਦੇ ਏਆਈਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਕਥਿਤ ਪ੍ਰੇਮਿਕਾ ਰੁਪਿੰਦਰ ਕੌਰ ਹਾਲ ਵਾਸੀ ਸੈਕਟਰ-38, ਚੰਡਗੜ੍ਹ ਅਤੇ ਉਸ ਦੀ ਛੋਟੀ ਭੈਣ ਹਰਪ੍ਰੀਤ ਕੌਰ ਵਾਸੀ ਨਵਾਂ ਸ਼ਹਿਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਭੈਣਾਂ ’ਤੇ ਗੈਂਗਸਟਰ ਦਿਲਪ੍ਰੀਤ ਨੂੰ ਆਪਣੇ ਘਰ ਪਨਾਹ ਦੇਣ ਅਤੇ ਨਸ਼ੀਲੇ ਪਦਾਰਥ ਅਤੇ ਅਸਲਾ ਛੁਪਾ ਕੇ ਰੱਖਣ ਦਾ ਦੋਸ਼ ਹੈ। ਚੇਤੇ ਰਹੇ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਬੀਤੇ ਦਿਨੀਂ ਸੈਕਟਰ-43 ਦੇ ਬੱਸ ਅੱਡੇ ਨੇੜਿਓਂ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ ਸੀ, ਜੋ ਇਸ ਸਮੇਂ ਪੁਲੀਸ ਦੇ ਸਖ਼ਤ ਪਹਿਰੇ ਪੀਜੀਆਈ ਵਿੱਚ ਜੇਰੇ ਇਲਾਜ ਹੈ। ਉਸ ਦੇ ਪੱਟ ਵਿੱਚ ਗੋਲੀ ਲੱਗੀ ਹੈ।
ਏਆਈਜੀ ਨੇ ਦੱਸਿਆ ਕਿ ਰੁਪਿੰਦਰ ਕੌਰ ਨੂੰ ਮੁਹਾਲੀ ਦੇ ਸੈਕਟਰ-91 ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਇੱਥੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਆਈ ਸੀ ਜਦੋਂ ਕਿ ਉਸ ਦੀ ਦੂਜੀ ਭੈਣ ਹਰਪ੍ਰੀਤ ਕੌਰ ਨਵਾਂ ਸ਼ਹਿਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਭੈਣਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦਿਲਪ੍ਰੀਤ ਪਹਿਲਾਂ ਓਪੀਅਮ ਡਰੱਗ ਲੈਂਦਾ ਸੀ ਪ੍ਰੰਤੂ ਇਸ ਸਾਲ ਫਰਵਰੀ ਤੋਂ ਬਾਅਦ ਉਸ ਨੇ ਹੈਰੋਇਨ ਦਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਖ਼ੁਦ ਹੈਰੋਇਨ ਅਤੇ ਹਥਿਆਰ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਮੁਲਜ਼ਮ ਭੈਣਾਂ ਨੇ ਦੱਸਿਆ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਪੈਸੇ ਇਕੱਠੇ ਕਰਨ ਲਈ ਮਸ਼ਹੂਰ ਕਾਰੋਬਾਰੀਆਂ ਅਤੇ ਪ੍ਰਮੁੱਖ ਲੋਕ ਗਾਇਕਾ ਅਤੇ ਅਦਾਕਾਰਾਂ ਨੂੰ ਡਰਾ ਧਮਕਾ ਕੇ ਫਰੌਤੀ ਮੰਗਣ ਦਾ ਧੰਦਾ ਸ਼ੁਰੂ ਕਰ ਲਿਆ। ਚੰਡੀਗੜ੍ਹ ਵਿੱਚ ਹੁਸ਼ਿਆਰਪੁਰ ਦੇ ਸਰਪੰਚ ਸਤਨਾਮ ਸਿੰਘ ਦਾ ਸ਼ਰੇਆਮ ਹੱਤਿਆ ਕਰਨ ਦੇ ਮਾਮਲੇ ਵਿੱਚ ਦਿਲਪ੍ਰੀਤ ਯੂਟੀ ਪੁਲੀਸ ਨੂੰ ਲੋੜੀਂਦਾ ਸੀ। ਕੁਝ ਦਿਨ ਪਹਿਲਾਂ ਉਸ ਨੇ ਮੁਹਾਲੀ ਵਿੱਚ ਗਾਇਕ ਪਰਮੀਸ਼ ਵਰਮਾ ਤੋਂ ਫਰੌਤੀ ਮੰਗਣ ਲਈ ਗੋਲੀਆਂ ਚਲਾਈਆਂ ਸਨ। ਮੁਹਾਲੀ ਪੁਲੀਸ ਵੀ ਉਸ ਦੀ ਭਾਲ ਕਰ ਰਹੀ ਸੀ। ਇਸ ਮਗਰੋਂ ਦਿਲਪ੍ਰੀਤ ਨੇ ਮੁਹਾਲੀ ’ਚ ਰਹਿੰਦੇ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲੀਸ ਨੇ ਮੁਲਜ਼ਮ ਭੈਣਾਂ ਦੇ ਘਰਾਂ ’ਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਅਸਲਾ ਅਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ।
ਏਆਈਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਕਪੂਰਥਲਾ ਜੇਲ੍ਹ ਵਿੱਚ ਨਿਆਇਕ ਹਿਰਾਸਤ ਦੌਰਾਨ ਗੈਂਗਸਟਰ ਦਿਲਪ੍ਰੀਤ ਦਾ ਹਰਪ੍ਰੀਤ ਕੌਰ ਨਾਲ ਸੰਪਰਕ ਹੋਇਆ ਸੀ ਅਤੇ ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਉਹ ਚੰਗੇ ਦੋਸਤ ਬਣ ਗਏ ਅਤੇ ਹੌਲੀ ਹੌਲੀ ਉਸ ਦੇ ਗਰੋਹ ਦੇ ਮੈਂਬਰ ਵੀ ਉਨ੍ਹਾਂ ਦੇ ਘਰ ਆਉਣ ਜਾਣ ਲੱਗ ਪਏ। ਇਸ ਦੌਰਾਨ ਹਰਪ੍ਰੀਤ ਦੀ ਛੋਟੀ ਭੈਣ ਰੁਪਿੰਦਰ ਕੌਰ ਵੀ ਦਿਲਪ੍ਰੀਤ ਦੀ ਦੋਸਤ ਬਣ ਗਈ। ਪੁਲੀਸ ਅਨੁਸਾਰ ਪਿਛਲੇ ਸਾਲ ਨਵੰਬਰ ਵਿੱਚ ਹਰਪ੍ਰੀਤ ਨੇ ਚੰਡੀਗੜ੍ਹ ਦੇ ਸੈਕਟਰ-38ਸੀ ਵਿੱਚ ਕਿਰਾਏ ’ਤੇ ਮਕਾਨ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਦਿਲਪ੍ਰੀਤ ਨੇ ਪੁਲੀਸ ਤੋਂ ਬਚਨ ਲਈ ਆਪਣੀ ਦਾੜੀ ਅਤੇ ਮੁੱਛਾਂ ਅਤੇ ਸਿਰ ਦੇ ਵਾਲ ਕੱਟ ਕੇ ਆਪਣਾ ਹੁਲੀਆ ਬਦਲ ਲਿਆ। ਗੈਂਗਸਟਰ ਦਿਲਪ੍ਰੀਤ ਨੇ ਆਪਣਾ ਫਰਜੀ ਨਾਂ ਗਗਨਦੀਪ ਸਿੰਘ ਰੱਖ ਲਿਆ ਅਤੇ ਚੰਡੀਗੜ੍ਹ ਵਿੱਚ ਹਰਪ੍ਰੀਤ ਦਾ ਪਤੀ ਬਣ ਕੇ ਰਹਿਣ ਲੱਗ ਪਿਆ। ਉਧਰ, ਪੁਲੀਸ ਵੱਲੋਂ ਮੰਗਲਵਾਰ ਦੇਰ ਸ਼ਾਮ ਮੁਲਜ਼ਮ ਭੈਣਾਂ ਰੁਪਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਉਨ੍ਹਾਂ ਦੇ ਘਰ ਪੇਸ਼ ਕੀਤਾ ਗਿਆ ਅਤੇ ਜੱਜ ਉਨ੍ਹਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …