Share on Facebook Share on Twitter Share on Google+ Share on Pinterest Share on Linkedin ਪੰਜਾਬ ਬੋਰਡ ਨੇ ਬਾਰ੍ਹਵੀਂ ਦਾ ਨਤੀਜਾ ਐਲਾਨਿਆ, ਲੁਧਿਆਣਾ ਦਾ ਏਕਮਪ੍ਰੀਤ ਪੰਜਾਬ ਭਰ ’ਚੋਂ ਅੱਵਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਵਲ ਆਏ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਦਿੱਤੀ ਵਧਾਈ ਨਬਜ਼-ਏ-ਪੰਜਾਬ, ਮੁਹਾਲੀ, 30 ਅਪਰੈਲ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸ਼ਾਮ ਬਾਰ੍ਹਵੀਂ ਅਤੇ ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਪੰਜਾਬ ਦੇ ਇਤਿਹਾਸ ਵਿੱਚ ਸਕੂਲ ਬੋਰਡ ਨੇ ਸੀਬੀਐਸਈ ਅਤੇ ਹੋਰਨਾਂ ਬੋਰਡਾਂ ਦੇ ਮੁਕਾਬਲੇ ਅਪਰੈਲ ਮਹੀਨੇ ਵਿੱਚ ਸਾਰੀਆਂ ਜਮਾਤਾਂ ਦਾ ਨਤੀਜਾ ਐਲਾਨ ਕੇ ਇਤਿਹਾਸ ਰਚਿਆ ਹੈ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਨੇ ਬਾਰ੍ਹਵੀਂ ਅਤੇ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ। ਬਾਰ੍ਹਵੀਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਮੁੰਡਿਆਂ ਨੇ ਕਬਜ਼ਾ ਕੀਤਾ ਹੈ ਜਦੋਂਕਿ ਅੱਠਵੀਂ ਵਿੱਚ ਲੜਕੀਆਂ ਨੇ ਬਾਜੀ ਮਾਰੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸਾਰੀਆਂ ਜਮਾਤਾਂ ਦੇ ਨਤੀਜਿਆਂ ਵਿੱਚ ਲੜਕੀਆਂ ਹੀ ਅੱਵਲ ਆਉਂਦੀਆਂ ਰਹੀਆਂ ਅਤੇ ਲੜਕਿਆਂ ਨੂੰ ਹਮੇਸ਼ਾ ਸ਼ਰਮਸਾਰ ਹੋਣਾ ਪੈਂਦਾ ਸੀ ਪ੍ਰੰਤੂ ਐਤਕੀਂ ਪੁਰਸ਼ ਵਿਦਿਆਰਥੀਆਂ ਨੇ ਮੁੰਡਿਆਂ ਦੀ ਲਾਜ ਰੱਖ ਲਈ ਹੈ। ਉਂਜ ਕੁੱਲ ਨਤੀਜੇ ’ਚੋਂ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਮੁੰਡਿਆਂ ਨਾਲੋਂ ਵੱਧ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਬਾਰ੍ਹਵੀਂ ਸ਼੍ਰੇਣੀ ਦੇ 320 ਵਿਦਿਆਰਥੀਆਂ ਦੀ ਮੈਰਿਟ ਸੂਚੀ ਮੁਤਾਬਕ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਜਮਾਲਪੁਰ ਕਲੋਨੀ, ਫੋਕਲ ਪੁਆਇੰਟ, ਲੁਧਿਆਣਾ (ਕਾਮਰਸ ਗਰੁੱਪ) ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਨੇ 100 ਫੀਸਦੀ (500\500) ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਏਕਮਪ੍ਰੀਤ ਖੇਡ ਕੋਟੇ ਦੇ 17 ਅੰਕ ਲੈ ਕੇ ਇਸ ਮੁਕਾਮ ਪੁੱਜਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਲਾਬੇਵਾਲਾ (ਸ੍ਰੀ ਮੁਕਤਸਰ ਸਾਹਿਬ) ਦਾ ਨਾਨ ਮੈਡੀਕਲ ਗਰੁੱਪ ਦੇ ਵਿਦਿਆਰਥੀ ਰਵੀਉਦੈ ਸਿੰਘ ਪੁੱਤਰ ਹਰਿੰਦਰ ਸਿੰਘ ਨੇ ਵੀ 100 ਫੀਸਦੀ (500\500) ਅੰਕ ਲੈ ਕੇ ਦੂਜਾ ਅਤੇ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਦਾ ਮੈਡੀਕਲ ਮੈਡੀਕਲ ਗਰੁੱਪ ਦਾ ਵਿਦਿਆਰਥੀ ਅਸ਼ਵਨੀ ਪੁੱਤਰ ਸੁਰਿੰਦਰ ਕੁਮਾਰ ਨੇ 500 ’ਚੋਂ 499 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਅਸ਼ਵਨੀ ਨੂੰ ਖੇਡ ਕੋਟੇ ’ਚੋਂ ਮਿਲੇ 12 ਅੰਕਾਂ ਨਾਲ ਇਹ ਮੁਕਾਮ ਹਾਸਲ ਹੋਇਆ ਹੈ। ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ ਇਸ ਸਾਲ 2 ਲੱਖ 84 ਹਜ਼ਾਰ 452 ਵਿਦਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 2 ਲੱਖ 64 ਹਜ਼ਾਰ 662 ਵਿਦਿਆਰਥੀ ਪਾਸ ਹੋਏ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 93.04 ਫੀਸਦੀ ਰਹੀ ਹੈ। ਇਸ ਸਾਲ 16 ਹਜ਼ਾਰ 641 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ ਜਦੋਂਕਿ 2981 ਵਿਦਿਆਰਥੀ ਫੇਲ੍ਹ ਹਨ ਅਤੇ 168 ਬੱਚਿਆਂ ਦਾ ਨਤੀਜਾ ਲੇਟ ਹੈ। ਜਾਣਕਾਰੀ ਅਨੁਸਾਰ ਇਸ ਵਾਰ 1 ਲੱਖ 31 ਹਜ਼ਾਰ 025 ਲੜਕੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 1 ਲੱਖ 25 ਹਜ਼ਾਰ 449 ਵਿਦਿਆਰਥਣਾਂ ਪਾਸ ਹੋਈਆਂ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 95.74 ਫੀਸਦੀ ਬਣਦੀ ਹੈ, ਜਦੋਂਕਿ 1 ਲੱਖ 53 ਹਜ਼ਾਰ 424 ਮੁੰਡਿਆਂ ’ਚੋਂ 1 ਲੱਖ 39 ਹਜ਼ਾਰ 210 ਪਾਸੇ ਹੋਏ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 90.74 ਫੀਸਦੀ ਹੈ। ਤਿੰਨ ਟਰਾਂਸਜੈਡਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 93.46 ਫੀਸਦੀ ਹੈ ਜਦੋਂਕਿ ਪੇਂਡੂ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 92.73 ਫੀਸਦੀ ਬਣਦੀ ਹੈ। ਸਰਕਾਰੀ ਸਕੂਲਾਂ ਦੇ 1 ਲੱਖ 82 ਹਜ਼ਾਰ 837 ਵਿਦਿਆਰਥੀਆਂ ’ਚੋਂ 1 ਲੱਖ 69 ਹਜ਼ਾਰ 259 ਪਾਸ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 92.57 ਫੀਸਦੀ ਹੈ। ਪ੍ਰਾਈਵੇਟ ਸਕੂਲਾਂ ਦੇ 74381 ’ਚੋਂ 70387 ਵਿਦਿਆਰਥੀ ਪਾਸ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 94.63 ਫੀਸਦੀ, ਏਡਿਡ ਸਕੂਲਾਂ ਦੇ 27234 ਵਿਦਿਆਰਥੀਆਂ ’ਚੋਂ 25016 ਪਾਸ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 91.86 ਫੀਸਦੀ ਹੈ। ਵਾਈਸ ਚੇਅਰਮੈਨ ਪ੍ਰੇਮ ਕੁਮਾਰ ਨੇ ਦੱਸਿਆ ਕਿ ਇਸ ਸਾਲ ਸੂਬਾ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਵਿਦਿਆਰਥਆਂ ਨੂੰ ਖੇਡ ਕੋਟੇ ਦੇ 15 ਅੰਕ, ਦੂਜੇ ਸਥਾਨ ਵਾਲੇ ਨੂੰ 12 ਅੰਕ ਅਤੇ ਤੀਜਾ ਸਥਾਨ ਵਾਲੇ 9 ਅੰਕ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਅਗਲੇ ਦਿਨ 1 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ਉੱਤੇ ਦੇਖ ਸਕਦੇ ਹਨ। ਇਸ ਮੌਕੇ ਬੋਰਡ ਦੇ ਸਕੱਤਰ ਅਵਿਕੇਸ ਗੁਪਤਾ, ਉਪ ਸਕੱਤਰ ਮਨਮੀਤ ਸਿੰਘ ਭੱਠਲ, ਸਹਾਇਕ ਸਕੱਤਰ ਗੁਰਪ੍ਰੇਮ ਸਿੰਘ ਅਤੇ ਰਵਜੀਤ ਕੌਰ ਹਾਜ਼ਰ ਸਨ। ਉਧਰ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਅਤੇ ਅੱਠਵੀਂ ਜਮਾਤ ਦੇ ਸਾਲਾਨਾ ਨੀਤਿਆਂ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਮੁੱਖ ਮੰਤਰੀ ਨੇ ਸਮੂਹ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਵਧਾਈ ਦਿੱਤੀ। ਮੁੱਖ ਮੰਤਰੀ ਨੇ ਟਵੀਟ (ਐਕਸ) ਕਰਕੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਲੁਧਿਆਣਾ ਦੇ ਏਕਮਪ੍ਰੀਤ ਨੇ ਪਹਿਲਾ, ਸ੍ਰੀ ਮੁਕਤਸਰ ਸਾਹਿਬ ਦੇ ਰਵੀਉਦੈ ਸਿੰਘ ਨੇ ਦੂਜਾ ਅਤੇ ਬਠਿੰਡਾ ਦੇ ਅਸ਼ਵਨੀ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ ਪਹਿਲਾ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੁਰਲੀਨ ਕੌਰ ਨੇ ਦੂਜਾ ਅਤੇ ਸੰਗਰੂਰ ਦੇ ਅਰਮਾਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਧਿਆਪਕਾਂ ਅਤੇ ਬੱਚਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ