Share on Facebook Share on Twitter Share on Google+ Share on Pinterest Share on Linkedin ਕੈਨੇਡਾ ਦੇ ਰੱਖਿਆ ਮੰਤਰੀ ਨੂੰ ਨਾ ਮਿਲਣ ਦੇ ਸਟੈਂਡ ’ਤੇ ਕਾਇਮ ਹਾਂ: ਕੈਪਟਨ ਅਮਰਿੰਦਰ ਸਿੰਘ ਕੈਨੇਡੀਅਨ ਮੰਤਰੀ ਹਰਜੀਤ ਸੱਜਣ ਨੂੰ ਪੂਰੀ ਸੁਰੱਖਿਆ ਮੁਹੱਈਆ ਕੀਤੀ ਜਾਵੇਗੀ ਪਰ ਨਿੱਜੀ ਤੌਰ ’ਤੇ ਮਿਲਣੀ ਨੂੰ ਕੀਤਾ ਰੱਦ ਕੈਪਟਨ ਨੇ ਸਟੈਂਡ ਦਾ ਵਿਰੋਧ ਕਰਨ ’ਤੇ ਆਮ ਆਦਮੀ ਪਾਰਟੀ ਤੇ ਦਲ ਖਾਲਸਾ ਨੂੰ ਆੜੇ ਹੱਥੀਂ ਲਿਆ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਅਪਰੈਲ: ਕੈਨੇਡਾ ਵੱਲੋਂ ਆਪਣੇ ਰੱਖਿਆ ਮੰਤਰੀ ਦੇ ਕੀਤੇ ਬਚਾਅ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਉਹ ਕਿਸੇ ਵੀ ‘ਖਾਲਿਸਤਾਨੀ ਹਮਾਇਤੀ’ ਨਾਲ ਆਪਣੀ ਕੋਈ ਸਾਂਝ ਨਾ ਰੱਖਣ ਬਾਰੇ ਲਏ ਸਿਧਾਂਤਕ ਸਟੈਂਡ ’ਤੇ ਪੂਰੀ ਤਰ੍ਹਾਂ ਅਟੱਲ ਹਨ। ਕੈਨੇਡਾ ਦੇ ਰੱਖਿਆ ਮੰਤਰੀ ਪ੍ਰਤੀ ‘ਖਾਲਿਸਤਾਨੀਆਂ ਦੇ ਹਮਦਰਦ’ ਹੋਣ ਬਾਰੇ ਕੀਤੀ ਆਪਣੀ ਟਿੱਪਣੀ ਦੇ ਭਾਰਤ ਵਿਚਲੇ ਅਲੋਚਕਾਂ ’ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਕਿ ਹਰਜੀਤ ਸੱਜਣ, ਕੈਨੇਡਾ ਵਜ਼ਾਰਤ ਦੇ ਕਈ ਮੰਤਰੀ ਤੇ ਉਸ ਮੁਲਕ ਦੀ ਸਿਖਰਲੀ ਲੀਡਰਸ਼ਿਪ ਭਾਰਤ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਲੋਕਾਂ ਪ੍ਰਤੀ ਹਮਦਰਦੀ ਰੱਖਦੀ ਹੈ ਜਦਕਿ ਇਹ ਕੈਨੇਡਾ ਦੇ ਦਾਅਵਿਆਂ ਦੇ ਬਿਲਕੁਲ ਉਲਟ ਹੈ। ਇਸ ਮੁੱਦੇ ’ਤੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਇਕ ਜਮਹੂਰੀਅਤ ਮੁਲਕ ਵਜੋਂ ਭਾਰਤ ਆਪਣੇ ਸੰਵਿਧਾਨ ਵਿੱਚ ਦਰਜ ਅਧਿਕਾਰਾਂ ਮੁਤਾਬਕ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਿੰਦਾ ਹੈ ਪਰ ਉਹ ਨਿੱਜੀ ਤੌਰ ’ਤੇ ਕਿਸੇ ਖਾਲਿਸਤਾਨੀਆਂ ਦੇ ਹਮਦਰਦ ਨੂੰ ਨਹੀਂ ਮਿਲਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਮੰਤਰੀ ਹਰਜੀਤ ਸੱਜਣ ਦਾ ਭਾਰਤ ਵਿੱਚ ਕਾਨਫਰੰਸਾਂ ਅਤੇ ਮੀਟਿੰਗਾਂ, ਇੱਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਦਾ ਸਵਾਗਤ ਕਰਦੇ ਹਨ ਪਰ ਉਹ ਨਿੱਜੀ ਤੌਰ ’ਤੇ ਉਸ ਮੰਤਰੀ ਨੂੰ ਨਹੀਂ ਮਿਲਣਗੇ ਕਿਉਂਕਿ ਉਸ ਦੇ ਖਾਲਿਸਤਾਨੀ ਸਮਰਥਕ ਹੋਣ ਬਾਰੇ ਉਨ੍ਹਾਂ ਕੋਲ ਠੋਸ ਜਾਣਕਾਰੀ ਹੈ ਜਿਵੇਂ ਕਿ ਉਨ੍ਹਾਂ ਦੇ ਪਿਤਾ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬੋਰਡ ਮੈਂਬਰ ਕੁੰਦਨ ਸੱਜਣ ਵੀ ਖਾਲਿਸਤਾਨੀਆਂ ਦੇ ਹਮਦਰਦ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੈਨੇਡੀਅਨ ਮੰਤਰੀ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਪ੍ਰੋਟੋਕੋਲ ਮੁਤਾਬਕ ਢੁਕਵੇਂ ਬੰਦੋਬਸਤ ਕੀਤੇ ਜਾਣਗੇ ਪਰ ਉਹ ਇਕ ਖਾਲਿਸਤਾਨੀ ਪੱਖੀ ਨਾਲ ਕੋਈ ਲਾਗਾ-ਦੇਗਾ ਨਹੀਂ ਰੱਖਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਾ ਸਿਰਫ ਹਰਜੀਤ ਸੱਜਣ ਸਗੋਂ ਹੋਰ ਮੰਤਰੀ ਸੰਸਦ ਮੈਂਬਰ ਜਿਨ੍ਹਾਂ ਵਿੱਚ ਨਵਦੀਪ ਬੈਂਸ, ਅਮਰਜੀਤ ਸੋਹੀ, ਸੁਖ ਧਾਲੀਵਾਲ, ਦਰਸ਼ਨ ਕੰਗ, ਰਾਜ ਗਰੇਵਾਲ, ਹਰਿੰਦਰ ਮੱਲ੍ਹੀ, ਰੋਬੀ ਸਹੋਤਾ, ਜਗਮੀਤ ਸਿੰਘ ਅਤੇ ਰਣਦੀਪ ਸਰੀ ਦਾ ਖਾਲਿਸਤਾਨੀ ਮੁਹਿੰਮ ਪ੍ਰਤੀ ਝੁਕਾਅ ਰੱਖਣ ਬਾਰੇ ਸਭ ਚੰਗੀ ਤਰ੍ਹਾਂ ਜਾਣੇ ਜਾਂਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਅਤੇ ਦਲ ਖਾਲਸਾ ਨੂੰ ਕੈਨੇਡੀਅਨ ਰੱਖਿਆ ਮੰਤਰੀ ਦੀ ਇਸ ਮਹੀਨੇ ਸੰਭਾਵਿਤ ਫੇਰੀ ਮੌਕੇ ਨਾ ਮਿਲਣ ਲਈ ਲਏ ਉਨ੍ਹਾਂ ਦੇ ਸਟੈਂਡ ਦੀ ਅਲੋਚਨਾ ਕਰਨ ’ਤੇ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਇਹ ਪਾਰਟੀਆਂ ਭਾਰਤ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਗੱਲ ਤੋਂ ਫਿਕਰਮੰਦ ਨਹੀਂ ਹਨ ਕਿ ਹਰਜੀਤ ਸੱਜਣ ਅਤੇ ਕੈਨੇਡਾ ਦੇ ਲੋਕ ਉਨ੍ਹਾਂ ਦੇ ਇਸ ਸਟੈਂਡ ਬਾਰੇ ਕੀ ਸੋਚਦੇ ਹਨ ਸਗੋਂ ਉਨ੍ਹਾਂ ਨੂੰ ਪੰਜਾਬ ਦੇ ਭਵਿੱਖ ਦੀ ਚਿੰਤਾ ਸਤਾਉਂਦੀ ਹੈ ਜਿਸ ਨੂੰ ਅਤਿਵਾਦ ਦੇ ਕਾਲੇ ਦੌਰ ਦੌਰਾਨ ਖਾਲਿਸਤਾਨੀਆਂ ਦੇ ਹੱਥੋਂ ਗਹਿਰੀ ਸੱਟ ਵੱਜੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਦੇ ਇਸ ਦੌਰ ਵਿੱਚ 35 ਹਜ਼ਾਰ ਬੇਕਸੂਰ ਲੋਕ ਮਾਰੇ ਗਏ ਜਦਕਿ ਸੱਜਣ ਵਰਗੇ ਲੋਕ ਨਾ ਸਿਰਫ ਇਨ੍ਹਾਂ ਮਾੜੇ ਹਲਾਤਾਂ ਨੂੰ ਪਿੱਠ ਵਿਖਾ ਕੇ ਭੱਜ ਨਿਕਲੇ ਸਗੋਂ ਵਿਦੇਸ਼ ਵਿੱਚ ਵਸ ਕੇ ਅਜਿਹੇ ਗਰਮਦਲੀਆਂ ਦੀ ਖਾਲਿਸਤਾਨੀ ਵਿਚਾਰਧਾਰਾ ਦਾ ਸਮਰਥਨ ਕਰਕੇ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਹਰਜੀਤ ਸੱਜਣ ਅਤੇ ਕੈਨੇਡਾ ਸਰਕਾਰ ਉਨ੍ਹਾਂ ਦੇ ਸਟੈਂਡ ਬਾਰੇ ਕੀ ਸੋਚਦੀ ਹੈ ਪਰ ਮੈਨੂੰ ਅਜਿਹੇ ਖਾਲਿਸਤਾਨੀ ਸਮਰਥਕਾਂ ਦੇ ਭਾਰਤ ਖਾਸ ਕਰਕੇ ਪੰਜਾਬ ’ਤੇ ਪੈਣ ਵਾਲੇ ਮਾਰੂ ਪ੍ਰਭਾਵ ਦਾ ਫਿਕਰ ਵੱਢ-ਵੱਢ ਖਾਂਦਾ ਹੈ। ਮੁੱਖ ਮੰਤਰੀ ਨੇ ਇਹ ਪ੍ਰਤੀਕ੍ਰਿਆ ਕੈਨੇਡਾ ਵੱਲੋਂ ਉਨ੍ਹਾਂ ਦੇ ਸਟੈਂਡ ’ਤੇ ਦਿੱਤੇ ਬਿਆਨ ਅਤੇ ਦਲ ਖਾਲਸਾ ਦੀ ਲੀਡਰਸ਼ਿਪ ਵੱਲੋਂ ਕੀਤੀ ਟਿੱਪਣੀ ਦੇ ਸੰਦਰਭ ਵਿੱਚ ਦਿੱਤੀ ਹੈ ਜਿਸ ਵਿੱਚ ਦਲ ਖਾਲਸਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਸੱਜਣ ਨੂੰ ਮਿਲਣ ਤੋਂ ਇਨਕਾਰੀ ਹੋਣ ਨਾਲ ਕੈਨੇਡੀਅਨ ਮੰਤਰੀ ਦਾ ਨਹੀਂ ਸਗੋਂ ਉਨ੍ਹਾਂ ਦਾ ਆਪਣਾ ਰੁਤਬਾ ਘਟੇਗਾ। Îਮੁੱਖ ਮੰਤਰੀ ਨੇ ਕਿਹਾ ਕਿ ਉਹ ਸਦਾ ਹੀ ਸਿਆਸਤ ਦੀ ਬਜਾਏ ਅਸੂਲਾਂ ’ਤੇ ਪਹਿਰਾ ਦਿੰਦੇ ਆਏ ਹਨ। ਸਾਕਾ ਨੀਲਾ ਤਾਰਾ ਮੌਕੇ ਕਾਂਗਰਸ ਨਾਲੋਂ ਰਾਹ ਵੱਖ ਕਰਨ ਅਤੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ’ਤੇ ਲੋਕ ਸਭਾ ਤੋਂ ਅਸਤੀਫਾ ਦੇਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਕਦਰਾਂ-ਕੀਮਤਾਂ ’ਤੇ ਸਟੈਂਡ ਲੈਂਦੇ ਰਹੇ ਹਨ। ਮੁੱਖ ਮੰਤਰੀ ਨੇ ਆਪਣੇ ਬਿਆਨ ’ਤੇ ‘ਆਪ’ ਆਗੂਆਂ ਦੇ ਵਿਰੋਧ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਖ਼ਾਲਿਸਤਾਨੀ ਤਾਕਤਾਂ ਨਾਲ ਸਾਂਝ-ਭਿਆਲੀ ਹੋਣ ਕਾਰਨ ਆਪ ਆਗੂਆਂ ਵੱਲੋਂ ਉਨ੍ਹਾਂ ਦੇ ਬਿਆਨ ਦਾ ਵਿਰੋਧ ਕਰਨ ਦੀ ਪਹਿਲਾਂ ਹੀ ਪੂਰੀ ਉਮੀਦ ਲਗਦੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣਾਂ ਵੇਲੇ ਅਰਵਿੰਦ ਕੇਜਰੀਵਾਲ ਖ਼ਾਲਿਸਤਾਨੀ ਕਮਾਂਡੋ ਫ਼ੋਰਸ ਦੇ ਸਾਬਕਾ ਅਤਿਵਾਦੀ ਦੇ ਘਰ ਰਹਿ ਕੇ ਅਤਿਵਾਦੀਆਂ ਨਾਲ ਆਪਣੀ ਸਾਂਝ ਦਾ ਪ੍ਰਤੱਖ ਪ੍ਰਗਟਾਵਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਥਿਤੀਆਂ ’ਚ ਆਪ ਦਾ ਵਿਰੋਧ ਕਰਨਾ ਤਾਂ ਕੁਦਰਤੀ ਹੀ ਸੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੇਜਰੀਵਾਲ ਵੱਲੋਂ ਖ਼ਾਲਿਸਤਾਨੀਆਂ ਅਤੇ ਨਕਸਲਵਾਦੀਆਂ ਦੇ ਵਿਰੋਧ ਦਾ ਵਿਖਾਵਾ ਕੀਤਾ ਗਿਆ ਜਦਕਿ ਪਾਰਟੀ ਦਾ ਅਸਲ ਏਜੰਡਾ ਕੁਝ ਹੋਰ ਹੀ ਸੀ ਪਰ ਪੰਜਾਬ ਦੀ ਜਨਤਾ ‘ਆਪ’ ਦੀਆਂ ਅਸਲ ਨੀਤੀਆਂ ਤੋਂ ਭਲੀਭਾਂਤ ਜਾਣੂੰ ਸੀ ਅਤੇ ਅੱਜ ‘ਆਪ’ ਆਗੂਆਂ ਵੱਲੋਂ ੳਨ੍ਹਾਂ ਦੇ ਬਿਆਨ ਦਾ ਵਿਰੋਧ ਕਰਨ ਤੋਂ ‘ਆਪ’ ਆਗੂਆਂ ਦੀ ਦੇਸ਼ ਵਿਰੋਧੀ ਤਾਕਤਾਂ ਨਾਲ ਸਾਂਝ ਮੁੜ ਤੋਂ ਜੱਗ ਜ਼ਾਹਰ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਐਨ.ਡੀ.ਟੀ.ਵੀ. ੨੪X੭. ’ਤੇ ਸ਼ੇਖ਼ਰ ਗੁਪਤਾ ਨਾਲ ‘ਆਫ਼ ਦਾ ਕੱਫ਼’ ਸ਼ੋਅ ਦੌਰਾਨ ਇਸ ਮੁੱਦੇ ਸਬੰਧੀ ਦਿੱਤੇ ਗਏ ਆਪਣੇ ਬਿਆਨ ’ਤੇ ਕਾਇਮ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ