ਆਪ ਨੇ ਮੁਹਾਲੀ ਤੋਂ ਨਰਿੰਦਰ ਸ਼ੇਰਗਿੱਲ ਨੂੰ ਮੈਦਾਨ ਵਿੱਚ ਉਤਾਰਿਆ, ਸਥਾਨਕ ਵਾਲੰਟੀਅਰਾਂ ਦੀਆਂ ਆਸਾਂ ’ਤੇ ਫਿਰਿਆ ਪਾਣੀ

ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਅੱਜ ਕਰਨਗੇ ਚੋਣ ਪ੍ਰਚਾਰ ਸ਼ੁਰੂ

ਕੱਟੜ ਸਿੱਖ ਹੋਣ ਕਾਰਨ ਕਟੀ ਭਾਈ ਹਰਦੀਪ ਸਿੰਘ ਦੀ ਟਿਕਟ, ਜੱਸੀ ਜਸਰਾਜ ਵੱਲੋਂ ਆਜ਼ਾਦ ਚੋਣ ਲੜਨ ਦੇ ਸੰਕੇਤ, ਸਮਰਥਕਾਂ ਨਾਲ ਮੀਟਿੰਗ ਅੱਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਆਮ ਆਦਮੀ ਪਾਰਟੀ (ਆਪ) ਨੇ ਆਖਰ ਆਪਣੀ ਚੁੱਪੀ ਤੋੜਦਿਆਂ ਸੀਨੀਅਰ ਯੂਥ ਆਗੂ ਤੇ ਸਮਾਜ ਸੇਵੀ ਨੌਜਵਾਨ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਮੁਹਾਲੀ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਪਾਰਟੀ ਦੇ ਇਸ ਫੈਸਲੇ ਤੋਂ ਸਥਾਨਕ ਵਾਲੰਟੀਅਰ ਹੱਕੇ ਬੱਕੇ ਰਹਿ ਗਏ। ਕਿਉਂਕਿ ਟਿਕਟ ਲੈਣ ਲਈ ਕਈ ਸ਼ਹਿਰੀ ਰਾਜਸੀ ਤੇ ਧਾਰਮਿਕ ਆਗੂ ਲਾਈਨ ਵਿੱਚ ਲੱਗੇ ਹੋਏ ਸੀ। ਉਂਜ ਸ਼ੇਰਗਿੱਲ ਵੀ ਬਾਹਰੀ ਉਮੀਦਵਾਰ ਨਹੀਂ ਹੈ। ਉਹ ਖਰੜ ਨੇੜਲੇ ਪਿੰਡ ਝਿੰਗੜਾ ਦਾ ਵਸਨੀਕ ਹੈ। ਉਂਜ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਅਤੇ ਏਅਰ ਮਾਰਸ਼ਲ ਪੀ.ਐਸ. ਗਿੱਲ ਅਤੇ ਯੂਥ ਆਗੂ ਰਣਦੀਪ ਸਿੰਘ ਬੈਦਵਾਨ ਦੇ ਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਸੀ।
ਸੂਤਰ ਦੱਸਦੇ ਹਨ ਕਿ ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਸ਼ਾਮਲ ਜ਼ਿਆਦਾਤਰ (ਦੁਰਗੇਸ ਪਾਠਕ ਨੂੰ ਛੱਡ ਕੇ) ਆਗੂਆਂ ਨੇ ਭਾਈ ਹਰਦੀਪ ਸਿੰਘ ਦਾ ਨਾਂ ਸੁਝਾਇਆ ਗਿਆ ਸੀ ਲੇਕਿਨ ਕਾਫੀ ਵਿਚਾਰ ਵਿਟਾਂਦਰੇ ਤੋਂ ਬਾਅਦ ਇੱਕ ਕੱਟਣ ਸਿੱਖ ਹੋਣ ਕਾਰਨ ਹਰਦੀਪ ਸਿੰਘ ਦੀ ਟਿਕਟ ਕੱਟੀ ਗਈ। ਇਸ ਮਗਰੋਂ ਏਅਰ ਮਾਰਸ਼ਲ ਗਿੱਲ ਤੇ ਬੈਦਵਾਨ ਨੂੰ ਪਾਸੇ ਕਰਕੇ ਸ੍ਰੀ ਸ਼ੇਰਗਿੱਲ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਲਿਆ ਗਿਆ। ਉਂਜ ਇਸ ਤੋਂ ਪਹਿਲਾਂ ਖਰੜ ਤੋਂ ਇੱਕ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸੀ ਲੇਕਿਨ ਪਾਰਟੀ ਨੇ ਸੀਨੀਅਰ ਪੱਤਰਕਾਰ ਕੰਵਰ ਸੰਧੂ ਨੂੰ ਟਿਕਟ ਦੇਣ ਕਾਰਨ ਉਹ ਸਖ਼ਤ ਨਾਰਾਜ਼ ਚੱਲ ਰਹੇ ਸੀ ਪ੍ਰੰਤੂ ਇਲਾਕੇ ਵਿੱਚ ਚੰਗਾ ਅਸਰ ਰਸੂਖ ਹੋਣ ਕਾਰਨ ਬਾਅਦ ਵਿੱਚ ਸੀਨੀਅਰ ਲੀਡਰਸ਼ਿਪ ਨੇ ਸ਼ੇਰਗਿੱਲ ਨੂੰ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦੇ ਕੇ ਮਨਾ ਲਿਆ ਸੀ ਅਤੇ ਮੌਜੂਦਾ ਸਮੇਂ ਵਿੱਚ ਉਹ ਹਿੰਮਤ ਸਿੰਘ ਸ਼ੇਰਗਿੱਲ ਨਾਲ ਮਜੀਠਾ ਹਲਕੇ ਵਿੱਚ ਪਾਰਟੀ ਲਈ ਕੰਮ ਕਰ ਰਹੇ ਸੀ।
ਸ੍ਰੀ ਸ਼ੇਰਗਿੱਲ ਪੋਸਟ ਗਰੈਜੂਏਟ ਹਨ ਜੋ ਅਗਾਂਹਵਧੂ ਕਿਸਾਨ ਘਰਾਣੇ ਨਾਲ ਸਬੰਧਤ ਹਨ ਅਤੇ ਉਹ ਰਾਜਨੀਤੀ ਦੀ ਕਾਫੀ ਸੂਝ-ਬੂਝ ਵੀ ਰੱਖਦੇ ਹਨ। ਜਿਥੇ ਉਨ੍ਹਾਂ ਪੜ੍ਹਾਈ ਦੌਰਾਨ ਐਨਸੀਸੀ, ਐਨਐਸਐਸ ਅਤੇ ਐਸਐਫ਼ਆਈ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਕੀਤੀ, ਉਥੇ ਸਾਲ 1998 ਤੋਂ 2003 ਤੱਕ ਪਿੰਡ ਝਿੰਗੜਾ ਦੇ ਸਰਪੰਚ ਰਹੇ ਹਨ। ਇਸ ਤੋਂ ਪਹਿਲਾਂ ਸਾਲ 1991 ਤੋਂ 1994 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਥੇਬੰਦੀ ਐਸਐਫ਼ਆਈ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਦੇ ਪਿਤਾ ਜਥੇਦਾਰ ਭਜਨ ਸਿੰਘ ਸ਼ੇਰਗਿੱਲ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਹਨ। ਉਨ੍ਹਾਂ ਦੀ ਪਤਨੀ ਬੀਬਾ ਜਸਕਿਰਨ ਕੌਰ ਸਰਕਾਰੀ ਅਧਿਆਪਕ ਹਨ ਜਦੋਂ ਕਿ ਉਨ੍ਹਾਂ ਦੀ ਧੀ ਹਰਸਾਹਿਬ ਕੌਰ ਸ਼ੇਰਗਿੱਲ ਸ਼ੂਟਿੰਗ ਵਿੱਚ ਨੈਸ਼ਨਲ ਪੱਧਰ ਦੀ ਖਿਡਾਰਣ ਹੈ।
ਉਧਰ, ਆਪ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਸੇਵਾ ਭਾਵਨਾ ਨਾਲ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਭਲਕੇ ਮੰਗਲਵਾਰ ਨੂੰ ਸਵੇਰੇ 10 ਵਜੇ ਇੱਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਮਰਨ ਤੋਂ ਬਾਅਦ ਚੋਣ ਪ੍ਰਚਾਰ ਦਾ ਆਗਾਜ਼ ਕਰਨਗੇ ਅਤੇ ਸ਼ਹਿਰ ਵਿੱਚ ਰੋਡ ਸੋਅ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਰਦਾਸ ਤੋਂ ਬਾਅਦ ਆਪ ਦੇ ਵਾਲੰਟੀਅਰਾਂ ਅਤੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਕੇ ਚੋਣ ਪ੍ਰਚਾਰ ਸਬੰਧੀ ਰਣਨੀਤੀ ਤੈਅ ਕੀਤੀ ਜਾਵੇਗੀ। ਸਥਾਨਕ ਵਾਲੰਟੀਅਰ ਦੀ ਨਾਰਾਜ਼ਗੀ ਬਾਰੇ ਪੁੱਛੇ ਜਾਣ ’ਤੇ ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ।
ਉਧਰ, ਪਾਰਟੀ ਦੇ ਇਸ ਫੈਸਲੇ ਤੋਂ ਸਖ਼ਤ ਖਫ਼ਾ ਸਰਗਰਮ ਵਾਲੰਟੀਅਰ ਜੱਸੀ ਜਸਰਾਜ ਨੇ ਮੁਹਾਲੀ ਜਾਂ ਖਰੜ ਹਲਕੇ ਤੋਂ ਆਜ਼ਾਦ ਚੋਣ ਲੜਨ ਦੇ ਸ਼ੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਨੇ ਪੰਜਾਬ ਵਿੱਚ ਆਪ ਪਾਰਟੀ ਦੀਆਂ ਜੜ੍ਹਾਂ ਲਗਾਉਣ ਵਾਲੇ ਫਾਉਂਡਰ ਤੇ ਸਰਗਰਮ ਵਾਲੰਟੀਅਰਾਂ ਨੂੰ ਅਣਗੌਲਿਆ ਕਰਕੇ ਮੁਹਾਲੀ ਸਮੇਤ ਹੋਰਨਾਂ ਕਈ ਹਲਕਿਆਂ ਵਿੱਚ ਬਾਹਰੀ ਵਿਅਕਤੀਆਂ ਨੂੰ ਟਿਕਟਾਂ ਦੇ ਕੇ ਵਾਲੰਟੀਅਰਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਲਕੇ 3 ਜਨਵਰੀ ਨੂੰ ਮੁਹਾਲੀ ਦੇ ਵਾਲੰਟੀਅਰਾਂ ਅਤੇ ਦੇਸ਼-ਵਿਦੇਸ਼ ਵਿੱਚ ਬੈਠੇ ਆਪ ਦੇ ਸਮਰਥਕਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਸੰਪਰਕ ਸਾਧ ਕੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕੀਤੀ ਜਾਵੇਗੀ। ਉਂਜ ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਆਦਾਤਰ ਵਾਲੰਟੀਅਰਾਂ ਅਤੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਆਜ਼ਾਦ ਚੋਣ ਲੜਨ ਦਾ ਸੁਝਾਅ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਦੀ ਵਿਚਾਰ-ਚਰਚਾ ਤੋਂ ਬਾਅਦ ਆਜ਼ਾਦ ਚੋਣ ਲੜਨ ਦਾ ਫੈਸਲਾ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…