Nabaz-e-punjab.com

ਪੰਜਾਬ ਵਿੱਚ ਕਰੋਨਾਵਾਇਰਸ ਦੇ ਪੀੜਤ ਮਰੀਜ਼ਾਂ ਦੇ ਮਾਮਲੇ ਵਿੱਚ ਮੁਹਾਲੀ ਸਭ ਤੋਂ ਵੱਧ ਪ੍ਰਭਾਵਿਤ

ਪਿਛਲੇ 24 ਘੰਟਿਆਂ ਵਿੱਚ 10 ਨਵੇਂ ਮਰੀਜ਼ ਮਿਲੇ, ਪਿੰਡ ਜਵਾਹਰਪੁਰ ਦੇ ਸਰਪੰਚ ਜੋੜੇ ਸਣੇ ਦਰਜਨ ਲੋਕ ਕਰੋਨਾ ਤੋਂ ਪੀੜਤ

ਸਿਹਤ ਵਿਭਾਗ ਨੇ ਜਵਾਹਰਪੁਰ ਸਮੇਤ ਮੁਹਾਲੀ ਤੇ ਖਰੜ ’ਚੋਂ 138 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਕਰੋਨਾਵਾਇਰਸ ਦੀ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੇ ਮਾਮਲੇ ਵਿੱਚ ਜ਼ਿਲ੍ਹਾ ਮੁਹਾਲੀ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ 26 ਕਰੋਨਾ ਪੀੜਤ ਮਰੀਜ਼ ਆ ਚੁੱਕੇ ਹਨ। ਉਂਜ ਇਨ੍ਹਾਂ ’ਚੋਂ ਤਿੰਨ ਅੌਰਤਾਂ ਸਮੇਤ ਚਾਰ ਪੀੜਤ ਮਰੀਜ਼ ਠੀਕ ਹੋ ਕੇ ਵਾਪਸ ਆਪਣੇ ਘਰ ਪਰਤ ਆਏ ਹਨ। ਇਸ ਸਮੇਂ 21 ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ। ਜਦੋਂਕਿ ਇਕ ਮਰੀਜ਼ ਓਮ ਪ੍ਰਕਾਸ਼ ਨਵਾਂ ਗਉਂ ਦੀ ਮੌਤ ਹੋ ਚੁੱਕੀ ਹੈ। ਪਿੰਡ ਜਵਾਹਰਪੁਰ (ਡੇਰਾਬੱਸੀ) ਵਿੱਚ ਅੱਜ ਸੱਤ ਨਵੇਂ ਕੇਸ ਮਿਲੇ ਹਨ। ਜਿਨ੍ਹਾਂ ਵਿੱਚ ਸਰਪੰਚ ਗੁਰਵਿੰਦਰ ਸਿੰਘ (42), ਉਸ ਦੀ ਪਤਨੀ ਕਮਲਜੀਤ ਕੌਰ (39), ਕੁਲਵਿੰਦਰ ਕੌਰ (61), ਸੀਮਾ ਦੇਵੀ (35), ਰਮਨਪ੍ਰੀਤ ਕੌਰ (19), ਦਮਨਜੀਤ ਸਿੰਘ (16) ਅਤੇ ਅਰਸ਼ਦੀਪ ਸਿੰਘ (12) ਸ਼ਾਮਲ ਹਨ। ਇਹ ਸਾਰੇ ਪੀੜਤ ਸ਼ਰੀਕੇ ’ਚੋਂ ਚਾਚੇ-ਤਾਏ ਦਾ ਟੱਬਰ ਹੈ।
ਇਸੇ ਪਿੰਡ ਦਾ ਪੀੜਤ ਮਲਕੀਤ ਸਿੰਘ (42) ਪਹਿਲਾਂ ਹੀ ਸੈਕਟਰ-32 ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ। ਬੀਤੇ ਕੱਲ੍ਹ ਉਸ ਦੀ ਪਤਨੀ ਹਰਵਿੰਦਰ ਕੌਰ (33), ਪਿਤਾ ਭਾਗ ਸਿੰਘ (67) ਅਤੇ ਛੋਟਾ ਭਰਾ ਕੁਲਵਿੰਦਰ ਸਿੰਘ (38) ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਐਸਐਸਪੀ ਕੁਲਦੀਪ ਸਿੰਘ ਚਾਹਲ, ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਸਮੇਤ ਹੋਰਨਾਂ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਪ੍ਰਸ਼ਾਸਨ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਸਰਵੇ ਕਰ ਰਹੀਆਂ ਹਨ ਅਤੇ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਡੀਸੀ ਦਿਆਲਨ ਨੇ ਪਿੰਡ ਵਾਸੀਆਂ ਨੂੰ ਭੈਅ-ਭੀਤ ਨਾ ਹੋਣ ਦੀ ਅਪੀਲ ਕਰਦਿਆਂ ਆਪਣੇ ਘਰਾਂ ਵਿੱਚ ਰਹਿਣ ਲਈ ਪ੍ਰੇਰਿਆ।
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਵਸਨੀਕ ਗੁਲਜ਼ਾਰ ਅਲੀ ਉਰਫ਼ ਖਾਨ ਤੋਂ ਬਾਅਦ ਉਸ ਦਾ ਬੇਟਾ ਅਜ਼ੀਜ਼ ਅਲੀ ਵੀ ਕਰੋਨਾ ਦੀ ਲਪੇਟ ਵਿੱਚ ਆ ਚੁੱਕਾ ਹੈ। ਇੱਥੋਂ ਦੇ ਸੈਕਟਰ-69 ਦੀ ਪਤਨੀ ਆਰਤੀ ਸ਼ਰਮਾ (36), ਫੇਜ਼-5 ਦੀ ਰੰਜਨਾ ਦੇਵੀ, ਕਪਿਲ ਸ਼ਰਮਾ (55) ਵਾਸੀ ਜਗਤਪੁਰਾ, ਫੇਜ਼-9 ਦੀ ਵਸਨੀਕ ਜਗਦੀਸ਼ ਕੌਰ (76), ਉਸ ਦੀ ਦੋਹਤੀ ਏਕਮਵੀਰ ਕੌਰ (11), ਰਜਾਕ ਮੁਹੰਮਦ ਉਰਫ਼ ਰਾਜੂ ਵਾਸੀ ਮੌਲੀ ਬੈਦਵਾਨ, ਸੈਕਟਰ-91 ਦੀ ਵਸਨੀਕ ਮਹਿੰਦਰ ਕੌਰ (80), ਮਨਜੀਤ ਕੌਰ (55), ਪਿੰਡ ਜਵਾਹਰਪੁਰ (ਡੇਰਾਬੱਸੀ) ਦਾ ਮਲਕੀਤ ਸਿੰਘ (42), ਉਸ ਦੀ ਪਤਨੀ ਹਰਵਿੰਦਰ ਕੌਰ (33), ਪਿਤਾ ਭਾਗ ਸਿੰਘ (67) ਅਤੇ ਛੋਟਾ ਭਰਾ ਕੁਲਵਿੰਦਰ ਸਿੰਘ (38) ਆਦਿ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਡਾਕਟਰਾਂ ਅਨੁਸਾਰ ਇਨ੍ਹਾਂ ਸਾਰਿਆਂ ਦੀ ਹਾਲਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ। ਫੇਜ਼-5 ਦੀ ਪੀਜੀ ਮਾਲਕਣ ਕੁਲਵੰਤ ਕੌਰ (80), ਫੇਜ਼-3ਏ ਦੀ ਗੁਰਦੇਵ ਕੌਰ (69) ਅਤੇ ਉਸ ਦੀ ਵੱਡੀ ਰੇਸ਼ਮ ਕੌਰ (74) ਅਤੇ ਸੈਕਟਰ-69 ਅਮਨਦੀਪ ਸਿੰਘ (42) ਠੀਕ ਹੋ ਕੇ ਵਾਪਸ ਆਪਣੇ ਘਰ ਪਰਤ ਚੁੱਕੇ ਹਨ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਨਵੇਂ ਸੱਤ ਮਾਮਲਿਆਂ ਵਿੱਚ ਪੰਚ ਮਲਕੀਤ ਸਿੰਘ ਪਹਿਲਾਂ ਹੀ ਕਰੋਨਾ ਪੀੜਤ ਹੈ। ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 522 ਘਰਾਂ ਦਾ ਸਰਵੇ ਕਰਕੇ ਕਰੀਬ 2500 ਵਿਅਕਤੀਆਂ ਦੀ ਸਿਹਤ ਦੀ ਜਾਂਚ ਕੀਤੀ। ਇਸ ਦੌਰਾਨ 118 ਸ਼ੱਕੀ ਵਿਅਕਤੀਆਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਵਿੱਚ ਚਾਰ ਸੈਂਪਲ ਡੇਰਾਬੱਸੀ ਦੇ ਸ਼ਕਤੀਨਗਰ ਤੋਂ ਲਏ ਹਨ। ਇਹ ਚਾਰ ਸੈਂਪਲ ਸਰਪੰਚ ਗੁਰਵਿੰਦਰ ਸਿੰਘ ਦੇ ਨਜ਼ਦੀਕੀਆਂ ਦੇ ਹਨ।

Load More Related Articles
Load More By Nabaz-e-Punjab
Load More In Food and health

Check Also

Punjab Govt Food Programme to provide wheat, sugar, oil & salt to 40 lakh families

Punjab Govt Food Programme to provide wheat, sugar, oil & salt to 40 lakh families Tr…