nabaz-e-punjab.com

ਮਾਤਾ ਚੰਦ ਕੌਰ ਹੱਤਿਆ ਕੇਸ: ਸੀਬੀਆਈ ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਅਦਾਲਤ ਵੱਲੋਂ ਮੁਲਜ਼ਮ ਦਾ ਪੌਲੀ ਗਰਾਫ਼ ਤੇ ਹੋਰ ਟੈਸਟ ਕਰਵਾਉਣ ਦੀ ਸੀਬੀਆਈ ਦੀ ਅਰਜ਼ੀ ਰੱਦ

ਮੁਲਜ਼ਮ ਨੇ ਪੌਲੀ ਗਰਾਫ਼, ਬਰੇਨ ਮੈਪਿੰਗ ਤੇ ਨਾਰਕੋ ਐਨਾਲਾਈਸਿਸ ਟੈਸਟ ਕਰਵਾਉਣ ਤੋਂ ਕੋਰਾ ਜਵਾਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਸਤੰਬਰ:
ਪੰਜਾਬ ਦੇ ਬਹੁ ਚਰਚਿਤ ਨਾਮਧਾਰੀ ਸੰਪਰਦਾ ਦੀ ਮਾਤਾ ਚੰਦ ਕੌਰ ਹੱਤਿਆ ਕਾਂਡ ਮਾਮਲੇ ਵਿੱਚ ਸੀਬੀਆਈ ਵੱਲੋਂ ਸ਼ੱਕ ਦੇ ਆਧਾਰ ’ਤੇ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤੇ ਮੁਲਜ਼ਮ ਪਲਵਿੰਦਰ ਸਿੰਘ ਉਰਫ਼ ਡਿੰਪਲ ਵਾਸੀ ਜਨਤਾ ਕਲੋਨੀ, ਨਵੀਂ ਦਿੱਲੀ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸੋਮਵਾਰ ਨੂੰ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਜੀਐਸ ਸੇਖੋਂ ਦੀ ਅਦਾਲਤ ਵਿੱਚ ਮੁੜ ਪੇਸ਼ ਕੀਤਾ ਗਿਆ ਅਤੇ ਮੁਲਜ਼ਮ ਤੋਂ ਪੁੱਛਗਿੱਛ ਲਈ ਚਾਰ ਦਿਨ ਦੇ ਹੋਰ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ। ਪਲਵਿੰਦਰ ਪਿਛਲੇ ਸਾਲ ਤੋਂ ਲੁਧਿਆਣਾ ਵਿੱਚ ਟਿਫ਼ਨ ਬੰਬ ਧਮਾਕਾ ਅਤੇ ਕਤਲ ਦੇ ਮਾਮਲੇ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਬੀਤੀ 26 ਸਤੰਬਰ ਨੂੰ ਉਸ ਨੂੰ ਪੁਰਾਣੇ ਕੇਸ ਵਿੱਚ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿੱਥੋਂ ਸੀਬੀਆਈ ਨੇ ਮੁਲਜ਼ਮ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ।
ਸੀਬੀਆਈ ਨੇ ਅੱਜ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਮੁਲਜ਼ਮ ਡਿੰਪਲ ਦੇ ਤਿੰਨ ਅਹਿਮ ਟੈਸਟ (ਪੌਲੀ ਗਰਾਫ਼, ਬਰੇਨ ਮੈਪਿੰਗ ਟੈਸਟ ਅਤੇ ਨਾਰਕੋ ਐਨਾਲਾਈਸਿਸ ਟੈਸਟ) ਕਰਵਾਉਣ ਦੀ ਮੰਗ ਕੀਤੀ ਗਈ। ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਸੀਬੀਆਈ ਨੂੰ ਸਹਿਯੋਗ ਨਹੀਂ ਦੇ ਰਿਹਾ ਹੈ ਜਦੋਂਕਿ ਮਾਤਾ ਚੰਦ ਕੌਰ ਦੇ ਕਤਲ ਸਬੰਧੀ ਮੁਲਜ਼ਮ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਦੀ ਸ਼ਾਜ਼ਿਸ਼ ਵਿੱਚ ਸ਼ਾਮਲ ਮੁਲਜ਼ਮਾਂ ਬਾਰੇ ਪਤਾ ਕਰਨਾ ਹੈ। ਇਸ ਅਹਿਮ ਕਤਲ ਕੇਸ ਸਬੰਧੀ ਵੱਖ ਵੱਖ ਪਹਿਲੂਆਂ ’ਤੇ ਪੁੱਛਗਿੱਛ ਕਰਨੀ ਹੈ ਤਾਂ ਜੋ ਮਾਤਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਵਾਲੇ ਮੁਲਜ਼ਮਾਂ ਦੀ ਪੈੜ ਨੱਪੀ ਜਾ ਸਕੇ।
ਉਧਰ, ਬਚਾਅ ਪੱਖ ਦੇ ਵਕੀਲਾਂ ਰਣਜੋਧ ਸਿੰਘ ਸਰਾਓ ਅਤੇ ਜਗਵਿੰਦਰ ਸਿੰਘ ਸੰਤਵਾਲ ਨੇ ਮੁਲਜ਼ਮ ਪਲਵਿੰਦਰ ਦੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵਕਿਲ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਉਸ ਦਾ ਇਸ ਹੱਤਿਆ ਕਾਂਡ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਜਦੋਂ ਮਤਾ ਦੀ ਹੱਤਿਆ ਕੀਤੀ ਗਈ। ਉਸ ਸਮੇਂ ਉਹ ਵਿਦੇਸ਼ ਵਿੱਚ ਸੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਪਿਛਲੇ ਚਾਰ ਦਿਨਾਂ ਤੋਂ ਸੀਬੀਆਈ ਦੀ ਹਿਰਾਸਤ ਵਿੱਚ ਹੈ ਅਤੇ ਸੀਬੀਆਈ ਲੋੜੀਂਦੀ ਪੁੱਛਗਿੱਛ ਪੂਰੀ ਕਰ ਚੁੱਕੀ ਹੈ। ਲਿਹਾਜ਼ਾ ਹੁਣ ਮੁਲਜ਼ਮ ਦੇ ਪੁਲੀਸ ਰਿਮਾਂਡ ਦੀ ਕੋਈ ਤੁਕ ਨਹੀਂ ਬਣਦੀ ਹੈ। ਉਂਜ ਵੀ ਪਿਛਲੇ ਚਾਰ ਦਿਨਾਂ ਵਿੱਚ ਸੀਬੀਆਈ ਉਸ ਕੋਲੋਂ ਕੋਈ ਵੀ ਚੀਜ਼ ਬਰਾਮਦ ਨਹੀਂ ਕਰ ਸਕੀ ਹੈ।
ਇਸੇ ਦੌਰਾਨ ਅਦਾਲਤ ਨੇ ਮੁਲਜ਼ਮ ਪਲਵਿੰਦਰ ਨੂੰ ਪੌਲੀ ਗਰਾਫ਼, ਬਰੇਨ ਮੈਪਿੰਗ ਟੈਸਟ ਅਤੇ ਨਾਰਕੋ ਐਨਾਲਾਈਸਿਸ ਟੈਸਟ ਕਰਵਾਉਣ ਬਾਰੇ ਪੁੱਛਿਆ ਗਿਆ ਤਾਂ ਮੁਲਜ਼ਮ ਨੇ ਉਕਤ ਸਾਰੇ ਟੈਸਟ ਕਰਵਾਉਣ ਤੋਂ ਕੋਰਾ ਜਵਾਬ ਦੇ ਦਿੱਤਾ। ਉਨ੍ਹਾਂ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਹ ਕੋਈ ਟੈਸਟ ਨਹੀਂ ਕਰਵਾਉਣਾ ਚਾਹੁੰਦਾ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਪਲਵਿੰਦਰ ਸਿੰਘ ਨੂੰ ਮੁੜ ਤੋਂ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੰਦਿਆਂ ਸੀਬੀਆਈ ਨੂੰ ਹਦਾਇਤ ਕੀਤੀ ਗਈ ਕਿ ਮੁਲਜ਼ਮ ਨੂੰ 3 ਅਕਤੂਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਅਦਾਲਤ ਨੇ ਇਹ ਵੀ ਆਦੇਸ਼ ਦਿੱਤੇ ਕਿ ਮੁਲਜ਼ਮ ਡਿੰਪਲ ਦਾ ਰੋਜ਼ਾਨਾ ਮੈਡੀਕਲ ਕਰਵਾਇਆ ਜਾਵੇ ਅਤੇ ਦਿਨ ਵਿੱਚ ਘੱਟੋ ਘੱਟ ਅੱਧਾ ਘੰਟਾ ਬਚਾਅ ਪੱਖ ਦੇ ਵਕੀਲਾਂ ਨੂੰ ਮੁਲਜ਼ਮ ਨਾਲ ਮੁਲਾਕਾਤ ਕਰਨ ਦੀ ਆਗਿਆ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਨਾਮਧਾਰੀ ਸੰਪਰਦਾਇ ਦੇ ਸਤਿਗੁਰੂ ਜਗਜੀਤ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਧਰਮ ਪਤਨੀ ਮਾਤਾ ਚੰਦ ਕੌਰ ਨੇ ਆਪਣੇ ਛੋਟੇ ਭਤੀਜੇ ਉਦੈ ਸਿੰਘ ਨਾਮਧਾਰੀ ਨੂੰ ਡੇਰੇ ਦੀ ਸੇਵਾ ਸੰਭਾਲੀ ਗਈ ਸੀ ਜਦੋਂਕਿ ਦੂਜੇ ਧੜੇ ਨੇ ਮਹਾਰਾਜ ਵੀਰ ਸਿੰਘ ਦੇ ਵੱਡੇ ਸਪੁੱਤਰ ਦਲੀਪ ਸਿੰਘ ਨੂੰ ਗੱਦੀ ਸੰਭਾਲੀ ਗਈ ਸੀ। ਇਸ ਤਰ੍ਹਾਂ ਨਾਮਧਾਰੀ ਸੰਪਰਦਾਇ ਨਾਲ ਜੁੜੀ ਸੰਗਤ ਨੇ ਦੋਵਾਂ ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਸੀ। ਦੋਵਾਂ ਧੜਿਆਂ ਵਿੱਚ ਵਿਰੋਧ ਚਲਦਾ ਆ ਰਿਹਾ ਸੀ ਕਿ ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਮਾਤਾ ਚੰਦ ਕੌਰ ਨੂੰ 4 ਅਪਰੈਲ 2016 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਲੇਕਿਨ ਪਹਿਲਾਂ ਪੰਜਾਬ ਪੁਲੀਸ ਅਤੇ ਇਸ ਤੋਂ ਬਾਅਦ ਹੁਣ ਤੱਕ ਸੀਬੀਆਈ ਕਾਤਲਾਂ ਬਾਰੇ ਸੁਰਾਗ ਲਗਾਉਣ ਵਿੱਚ ਪੁਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਮਾਮਲੇ ਵਿੱਚ ਡਿੰਪਲ ਦੀ ਸ਼ੱਕ ਦੇ ਆਧਾਰ ’ਤੇ ਪਹਿਲੀ ਗ੍ਰਿਫ਼ਤਾਰੀ ਹੈ।

Load More Related Articles
Load More By Nabaz-e-Punjab
Load More In Court and Police

Check Also

Vigilance Bureau nabs PSPCL JE red-handed accepting Rs 15000 bribe

Vigilance Bureau nabs PSPCL JE red-handed accepting Rs 15000 bribe Nabaz-e-Punjab, Chandig…