Nabaz-e-punjab-com

ਕੁਰਾਲੀ ’ਚੋਂ ਬੱਚਾ ਅਗਵਾ ਕੇਸ: ਮੁਹਾਲੀ ਪੁਲੀਸ ਵੱਲੋਂ ਮੁੱਖ ਮੁਲਜ਼ਮ ਸਾਹਿਲ ਵਰਮਾ ਗ੍ਰਿਫ਼ਤਾਰ

ਮੁਲਜ਼ਮ ਨੇ ਮੁੰਬਈ ਫਿਲਮ ਇੰਡਸਟਰੀ ਵਿੱਚ ਜਾਣ ਲਈ ਪੈਸਿਆਂ ਦੇ ਜੁਗਾੜ ਲਈ ਕੀਤਾ ਸੀ ਬੱਚਾ ਅਗਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਮੁਹਾਲੀ ਪੁਲੀਸ ਨੇ ਪਿਛਲੇ ਦਿਨੀਂ ਕੁਰਾਲੀ ’ਚੋਂ ਛੇਵੀਂ ਜਮਾਤ ਵਿੱਚ ਪੜ੍ਹਦੇ ਅਸ਼ੀਸ਼ਜੋਤ ਸਿੰਘ (11) ਨੂੰ ਅਗਵਾ ਕਰਨ ਵਾਲੇ ਮੁੱਖ ਮੁਲਜ਼ਮ ਸਾਹਿਲ ਵਰਮਾ ਵਾਸੀ ਗੋਹਾਣਾ, ਜ਼ਿਲ੍ਹਾ ਸੋਨੀਪਤ (ਹਰਿਆਣਾ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ 7 ਅਪਰੈਲ ਨੂੰ ਡੇਰਾਬੱਸੀ ਦੇ ਡੀਐਸਪੀ ਸਿਮਰਨਜੀਤ ਸਿੰਘ ਲੰਗ ਨੇ ਪੀੜਤ ਅਸ਼ੀਸ਼ਜੋਤ ਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਸਹੀ ਸਲਾਮਤ ਬਰਾਮਦ ਕਰ ਲਿਆ ਸੀ, ਪ੍ਰੰਤੂ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਸੀ।
ਸ੍ਰੀ ਭੁੱਲਰ ਨੇ ਦੱਸਿਆ ਕਿ ਮੁਹਾਲੀ ਦੇ ਐਸਪੀ (ਡੀ) ਵਰੁਣ ਸ਼ਰਮਾ, ਡੀਐਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਕੁਰਾਲੀ ਥਾਣੇ ਦੀ ਐਸਐਚਓ ਮੈਡਮ ਸੰਦੀਪ ਕੌਰ ’ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਪੁਲੀਸ ਨੇ ਮੁਲਜ਼ਮ ਦੀ ਪੈੜ ਨੱਪਦਿਆਂ ਬੱਚਾ ਅਗਵਾ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਸਾਹਿਲ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ। ਬੀਤੀ 6 ਅਪਰੈਲ ਦੀ ਰਾਤ ਨੂੰ ਕਰੀਬ 9 ਵਜੇ ਅਸ਼ੀਸ਼ਜੋਤ ਸਿੰਘ ਨੂੰ ਚਾਕਲੇਟ ਦਾ ਲਾਲਚ ਦੇ ਕੇ ਸਾਹਿਲ ਨੇ ਚੌਧਰੀ ਹਸਪਤਾਲ ਦੇ ਸਾਹਮਣਿਓਂ ਅਗਵਾ ਕਰ ਲਿਆ ਗਿਆ ਸੀ। ਪੁਲੀਸ ਅਨੁਸਾਰ ਮੁਲਜ਼ਮ ਮੁੰਬਈ ਵਿੱਚ ਫਿਲਮ ਇੰਡਸਟਰੀ ਵਿੱਚ ਕੰਮ ਕਰਨਾ ਚਾਹੁੰਦਾ ਸੀ ਪ੍ਰੰਤੂ ਉਸ ਕੋਲ ਪੈਸੇ ਨਹੀਂ ਸਨ। ਜਿਸ ਕਰਕੇ ਸਾਹਿਲ ਨੇ ਬੱਚੇ ਨੂੰ ਅਗਵਾ ਕਰਕੇ ਵਾਰਸਾਂ ਤੋਂ ਫਿਰੌਤੀ ਮੰਗਣ ਦੀ ਯੋਜਨਾ ਘੜੀ ਸੀ ਤਾਂ ਜੋ ਫਿਰੌਤੀ ਦੇ ਪੈਸਿਆਂ ਨਾਲ ਆਪਣਾ ਮਕਸਦ ਪੂਰਾ ਕਰ ਸਕੇ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਸ਼ੁਰੂ ਤੋਂ ਸੰਗੀਤ ਦਾ ਸੌਕ ਹੋਣ ਕਰਕੇ ਉਹ ਮਿਊਜ਼ਿਕ ਸਿੱਖਣ ਲੱਗ ਪਿਆ ਅਤੇ ਨਾਲ-ਨਾਲ ਪੜ੍ਹਾਈ ਵੀ ਕਰਦਾ ਰਿਹਾ। ਸਾਲ 2016 ਵਿੱਚ ਚੰਡੀਗੜ੍ਹ ਵਿੱਚ ਇੱਕ ਗਾਣੇ ਦੀ ਸ਼ੂਟਿੰਗ ਕੀਤੀ ਸੀ। ਇਸ ਦੌਰਾਨ ਉਸ ਦੀ ਜਾਣ-ਪਛਾਣ ਅਮਰ ਅਤੇ ਸੋਨੂ ਦੋਵੇਂ ਵਾਸੀ ਕੁਰਾਲੀ ਨਾਲ ਹੋ ਗਈ ਸੀ, ਜੋ ਵੀ ਸ਼ੂਟਿੰਗ ਦਾ ਕੰਮ ਕਰਦੇ ਸਨ। ਸਾਹਿਲ ਕੁਝ ਸਮਾਂ ਪਰਮਿੰਦਰ ਸਿੰਘ ਉਰਫ਼ ਸੋਨੂੰ ਵਾਸੀ ਕੁਰਾਲੀ ਦੇ ਘਰ ਰਹਿੰਦਾ ਰਿਹਾ ਅਤੇ ਕਰੀਬ 2 ਮਹੀਨੇ ਤੋਂ ਉਹ ਪਪਰਾਲੀ ਫੈਕਟਰੀ ਵਿੱਚ ਬਣੇ ਕਮਰਿਆਂ ਵਿੱਚ ਕਿਰਾਏ ’ਤੇ ਰਹਿੰਦਾ ਸੀ। ਸ੍ਰੀ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਸਾਹਿਲ ਨੇ 15 ਕੁ ਦਿਨ ਪਹਿਲਾਂ ਕੁਰਾਲੀ ਦੇ ਜਸਪਾਲ ਸਿੰਘ ਤੋਂ ਇੱਕ ਮਾਰੂਤੀ ਕਾਰ 14 ਹਜ਼ਾਰ ਰੁਪਏ ਵਿੱਚ ਖਰੀਦੀ ਸੀ, ਜੋ ਰੋਜ਼ਾਨਾ ਸਿੰਘਪੁਰਾ ਰੋਡ ਕੁਰਾਲੀ ਸਟੇਡੀਅਮ ਵਿੱਚ ਜਾਂਦਾ ਸੀ। ਸਟੇਡੀਅਮ ਦੇ ਬਾਹਰ ਬਰਗਰ ਵਾਲੀ ਰੇਹੜੀ ਲੱਗੀ ਹੋਈ ਸੀ, ਜਿੱਥੇ ਬੀਤੀ 31 ਮਾਰਚ ਅਤੇ 2 ਅਪਰੈਲ ਨੂੰ ਅਸੀਸਜੋਤ ਸਿੰਘ ਸਮੇਤ ਉਸ ਦੇ 2 ਸਾਥੀ ਬੱਚਿਆਂ ਨੂੰ ਮਿਲਿਆ ਸੀ ਅਤੇ ਬਰਗਰ ਵੀ ਖੁਆਏ ਸੀ। ਇਸ ਤਰ੍ਹਾਂ ਅਸੀਸ਼ਜੋਤ ਸਿੰਘ ਨਾਲ ਉਸ ਦੀ ਨੇੜਤਾ ਹੋ ਗਈ ਸੀ।
ਪੁਲੀਸ ਅਨੁਸਾਰ ਬੀਤੀ 6 ਅਪਰੈਲ ਨੂੰ ਸ਼ਾਮ ਵੇਲੇ ਸਾਹਿਲ ਵਰਮਾ ਆਪਣੀ ਕਾਰ ਵਿੱਚ ਸਵਾਰ ਹੋ ਕੇ ਸਬਜ਼ੀ ਮੰਡੀ ਕੁਰਾਲੀ ਗਿਆ ਤਾਂ ਉਸ ਨੂੰ ਸਬਜ਼ੀ ਮੰਡੀ ਵਿੱਚ ਅਸੀਸਜੋਤ ਸਿੰਘ ਅਤੇ ਉਸ ਦੇ ਸਾਥੀ ਮਿਲੇ। ਮੁਲਜ਼ਮ ਨੇ ਬੱਚਿਆਂ ਨੂੰ ਚੌਧਰੀ ਹਸਪਤਾਲ ਦੇ ਸਾਹਮਣੇ ਡੇਅਰੀ ’ਚੋਂ ਆਈਸਕਰੀਮ ਖਾਣ ਲਈ ਲੈ ਕੇ ਦਿੱਤੀ ਅਤੇ ਅਸ਼ੀਸ਼ਜੋਤ ਨੂੰ ਘੁੰਮਣ ਫਿਰਨ ਦਾ ਲਾਲਚ ਦੇ ਕੇ ਆਪਣੀ ਕਾਰ ਵਿੱਚ ਬਿਠਾ ਕੇ ਪਿੰਡ ਸਿੰਘਪੁਰਾ ਦੇ ਰਸਤੇ ਬਾਈਪਾਸ ਨੂੰ ਹੁੰਦੇ ਹੋਏ ਲੁਧਿਆਣਾ ਵੱਲ ਲੈ ਗਿਆ। ਅਸੀਸਜੋਤ ਵਾਪਸ ਆਪਣੇ ਘਰ ਜਾਣ ਲਈ ਜਿੱਦ ਕਰਨ ਲੱਗਾ ਤਾਂ ਉਸ ਨੇ ਗੱਲਾਂ ਵਿੱਚ ਪਾ ਕੇ ਕਿਹਾ ਕਿ ਹਨੇਰਾ ਹੋ ਗਿਆ ਹੁਣ ਮੇਰੇ ਘਰ ਚੱਲਦੇ ਹਾਂ। ਲੁਧਿਆਣਾ ਤੋਂ ਪਹਿਲਾਂ ਕੁਹਾੜਾ ਕਸਬਾ ਟੱਪ ਕੇ ਕਾਰ ਸਾਈਡ ’ਤੇ ਖੜੀ ਕਰਕੇ ਬੱਚੇ ਨੂੰ ਆਪਣੇ ਨਾਲ ਸਿਟੀ ਮਾਹਲ ਰੈਸਟੋਰੈਟ ਲੈ ਗਿਆ। ਉਕਤ ਹੋਟਲ ਵਿੱਚ ਜਾ ਕੇ ਕਮਰਾ ਲਿਆ ਅਤੇ ਬੱਚੇ ਨੂੰ ਖਾਣਾ ਖੁਆਇਆ ਅਤੇ ਰਾਤ ਭਰ ਉਸ ਦੀ ਨਿਗਰਾਨੀ ਕਰਦਾ ਰਿਹਾ। ਸਵੇਰੇ ਉੱਠ ਕੇ ਦੋ ਲੱਖ ਫਿਰੌਤੀ ਲੈਣ ਲਈ ਅਸ਼ੀਸ਼ਜੋਤ ਦੇ ਘਰ ਫੋਨ ਕੀਤਾ। ਇਸ ਮਗਰੋਂ ਉਹ ਡਰ ਗਿਆ ਕਿ ਫੋਨ ਦੀ ਲੁਕੇਸ਼ਨ ਹੋਟਲ ਦੀ ਆ ਸਕਦੀ ਹੈ। ਇਸ ਤਰ੍ਹਾਂ ਫਿਰੌਤੀ ਮੰਗਣ ਤੋਂ ਬਾਅਦ ਉਹ ਬੱਚੇ ਨੂੰ ਆਟੋ ਵਿੱਚ ਬਿਠਾ ਕੇ ਲੁਧਿਆਣਾ ਸਮਰਾਲਾ ਚੌਕ ਅਤੇ ਫਿਰ ਬੱਸ ਰਾਹੀਂ ਅੰਬਾਲਾ ਲੈ ਗਿਆ। ਪ੍ਰੰਤੂ ਇਸ ਦੌਰਾਨ ਉਹ ਕਾਫੀ ਘਬਰਾ ਗਿਆ ਅਤੇ ਅੰਬਾਲਾ ਬੱਸ ਸਟੈਂਡ ’ਤੇ ਬੱਚੇ ਨੂੰ ਛੱਡ ਕੇ ਫਰਾਰ ਹੋ ਗਿਆ।
ਐਸਐਸਪੀ ਨੇ ਦੱਸਿਆ ਕਿ ਸਾਹਿਲ ਨੇ ਪੁਲੀਸ ਤੋਂ ਬਚਨ ਲਈ ਫੋਨ ’ਚੋਂ ਸਿੰਮ ਕੱਢ ਕੇ ਸੁੱਟ ਦਿੱਤਾ ਸੀ। ਇਸ ਤੋਂ ਪਹਿਲਾਂ ਮੁਲਜ਼ਮ ਨੇ ਅਸੀਸਜੋਤ ਨੂੰ ਕਾਫੀ ਡਰਾਇਆ ਸੀ ਕਿ ਜੇਕਰ ਉਸ ਨੇ ਕਿਸੇ ਕੋਲ ਉਸ ਦਾ ਨਾਮ ਲਿਆ ਤਾਂ ਉਸ ਦੀ ਖੈਰ ਨਹੀਂ। ਜੇਕਰ ਕੋਈ ਵੀ ਪੁੱਛੇ ਤਾਂ ਇਹੀ ਕਹਿਣਾ ਕਿ ਉਸ ਨੂੰ ਚਾਰ ਲੜਕੇ ਹਥਿਆਰਾਂ ਨਾਲ ਡਰਾ ਕੇ ਕੁਰਾਲੀ ਤੋਂ ਚੁੱਕ ਕੇ ਲੈ ਗਏ ਸੀ ਅਤੇ ਰੋਲਾ ਪਾਉਣ ’ਤੇ ਉਹ ਉਸ ਨੂੰ ਅੰਬਾਲਾ ਬੱਸ ਅੱਡੇ ’ਤੇ ਛੱਡ ਕੇ ਭੱਜ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…