ਜਾਪਾਨ ਦੇ ਰਾਜਦੂਤ ਤੇ ਮਿਤਸੂਬਿਸ਼ੀ ਦੇ ਐਮਡੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਮੁਲਾਕਾਤ

ਪੰਜਾਬ ਵਿੱਚ ਨਿਵੇਸ਼ ਕਰਨ ਲਈ ਦਿਖਾਈ ਦਿਲਚਸਪੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 30 ਮਾਰਚ:
ਜਪਾਨ ਦੇ ਰਾਜਦੂਤ ਅਤੇ ਮਿਤਸੂਬਿਸ਼ੀ ਦੇ ਪ੍ਰਬੰਧਕੀ ਡਾੲਰੈਕਟਰ ਅਧਾਰਿਤ ਇੱਕ ਉੱਚ ਪੱਧਰੀ ਜਪਾਨੀ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਨਿਵੇਸ਼ ਅਤੇ ਵਿਕਾਸ ਦੇ ਕੁੰਜੀਵੱਤ ਖੇਤਰਾਂ ਵਿੱਚ ਭਾਈਵਾਲੀ ਲਈ ਦਿਲਚਸਪੀ ਵਿਖਾਈ। ਉਨ੍ਹਾਂ ਨੇ ਇਸ ਦੌਰਾਨ ਨਿਵੇਸ਼ ਅਤੇ ਆਪਸੀ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਅਤੇ ਜਪਾਨ ਦੇ ਰਾਜਦੂਤ ਸ੍ਰੀ ਕੇਂਜੀ ਹਿਰਾਮਤਸੂ, ਮਿਤਸੂਬਿਸ਼ੀ ਹੈਵੀ ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਕਜ਼ੂਨੋਰੀ ਕੋਨਿਸ਼ੀ ਵਿਚਕਾਰ ਹੋਈ ਮੀਟਿੰਗ ਨੂੰ ਦੋਵਾਂ ਧਿਰਾਂ ਨੇ ਮੁਢਲੀ ਮੀਟਿੰਗ ਦੱਸਿਆ ਪਰ ਇਸ ਮੀਟਿੰਗ ਨੇ ਦੋਵਾਂ ਵਿਚਕਾਰ ਅੱਗੇ ਹੋਰ ਵਿਚਾਰ ਵਟਾਂਦਰੇ ਲਈ ਰਾਹ ਪੱਧਰਾ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਸੱਤਾ ਸੰਭਾਲਣ ਤੋਂ ਕੁਝ ਹੀ ਦਿਨਾਂ ’ਚ ਹੋਏ ਇਸ ਵਿਚਾਰ ਵਟਾਂਦਰੇ ਦੌਰਾਨ ਵੱਖ-ਵੱਖ ਖੇਤਰਾਂ ਅਤੇ ਵਿਸ਼ਿਆਂ ’ਤੇ ਗਹਿਣ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਦੋਵੇਂ ਧਿਰਾਂ ਆਪਸੀ ਭਾਈਵਾਲੀ ਦੀ ਰੂਪ ਰੇਖਾ ਤਿਆਰ ਕਰਨ ਵਾਸਤੇ ਅੱਗੇ ਹੋਰ ਗੱਲਬਾਤ ਕਰਨ ਲਈ ਸਹਿਮਤ ਹੋਈਆਂ। ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਿਤਸੂਬਿਸ਼ੀ ਨੇ ਨਿਵੇਸ਼ ਦੇ ਬਹੁਤ ਸਾਰੇ ਮਹੱਤਵਪੂਰਨ ਖੇਤਰਾਂ ਬਾਰੇ ਮੁੱਖ ਮੰਤਰੀ ਕੋਲ ਆਪਣੀ ਪੇਸ਼ਕਾਰੀ ਕੀਤੀ ਜਿਨ੍ਹਾਂ ਵਿੱਚ ਬਿਜਲੀ, ਸਮਾਰਟ ਸਿਟੀਜ਼, (ਆਟੋਮੇਟਿਡ ਗਾਈਡਵੇਅ ਟਰਾਂਜ਼ਿਟ), ਸਨਅਤੀ ਪਾਰਕ ਅਤੇ ਕੈਪਟਿਵ ਪਾਵਰ ਪਲਾਂਟ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਦੌਰਾਨ ਮੌਜੂਦਾ ਪ੍ਰੋਜੈਕਟਾਂ ਨੂੰ ਹੋਰ ਵਧੀਆ ਤੇ ਮਜ਼ਬੂਤ ਬਨਾਉਣ ਲਈ ਵੀ ਮਿਤਸੂਬਿਸ਼ੀ ਨੇ ਆਪਣਾ ਪੱਖ ਪੇਸ਼ ਕੀਤਾ।
ਮੁੱਖ ਮੰਤਰੀ ਨੇ ਏ.ਜੀ.ਟੀ ਵਿੱਚ ਦਿਲਚਸਪੀ ਵਿਖਾਈ ਜੋ ਕਿ ਟਰਾਂਜ਼ਿਟ ਓਰੀਐਂਟ ਡਿਵੈਲਪਮੈਂਟ (ਟੀ.ਓ.ਡੀ) ਅਧਾਰਿਤ ਜਨਤਿਕ ਟਰਾਂਸਪੋਟੇਸ਼ਨ ਪ੍ਰਣਾਲੀ ਹੈ। ਇਹ ਮੈਟਰੋ ਰੇਲ ਦਾ ਕਿਫ਼ਾਇਤੀ ਬਦਲ ਹੈ ਜੋ ਕਿ ਲੁਧਿਆਣਾ, ਅਮ੍ਰਿਤਸਰ ਅਤੇ ਜਲੰਧਰ ਵਰਗੇ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿੱਚ ਲੋਕਾਂ ਵਾਸਤੇ ਸਫਰ ਕਰਨ ਲਈ ਸਸਤਾ ਤੇ ਸੁਖਾਲਾ ਸਾਧਨ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਦੇ ਵਾਸਤੇ ਸੜਕਾਂ ਅਤੇ ਹਾਈਵੇਜ਼ ਦੇ ਵਿਕਾਸ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਮੁੱਖ ਮੰਤਰੀ ਨੇ ਸੂਬੇ ਵਿੱਚ ਆਰਥਿਕ ਗਲਿਆਰੇ ਦੇ ਵਿਕਾਸ ਲਈ ਜਪਾਨੀ ਨਿਵੇਸ਼ ’ਚ ਵੀ ਡੂੰਘੀ ਦਿਲਚਸਪੀ ਵਿਖਾਈ। ਮੀਟਿੰਗ ਦੌਰਾਨ ਖੇਤੀਬਾੜੀ ਅਤੇ ਬਾਗਬਾਨੀ ਦੇ ਇੱਕ ਹੋਰ ਮਹੱਤਵਪੂਰਨ ਖੇਤਰ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ ਨੇ ਇਸ ਗੱਲ ਵੱਲ ਵਿਸ਼ੇਸ਼ ਤਵੱਜੋ ਦਿੱਤੀ ਕਿ ਛੋਟੀਆਂ ਜੋਤਾਂ ਹੋਣ ਦੇ ਬਾਵਜੂਦ ਜਪਾਨ ਦੇ ਕਿਸਾਨ ਵੱਧ ਝਾੜ ਪ੍ਰਾਪਤ ਕਰਨ ਵਿੱਚ ਸਫ਼ਲ ਹੋਏ ਹਨ। ਇਸ ਸਬੰਧ ਵਿੱਚ ਪੰਜਾਬ ਦੇ ਕਿਸਾਨ ਜਪਾਨ ਕੋਲੋਂ ਕਾਫ਼ੀ ਕੁਝ ਸਿੱਖ ਸਕਦੇ ਹਨ ਅਤੇ ਜਪਾਨ ਦੇ ਕਿਸਾਨਾਂ ਵਰਗੇ ਨਵੇਂ ਢੰਗ-ਤਰੀਕੇ ਅਤੇ ਉਸੇ ਤਰ੍ਹਾਂ ਦੀ ਪਹੁੰਚ ਅਪਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਅਤੇ ਕਣਕ ਦੀ ਖੇਤੀ ਪੰਜਾਬ ਦੇ ਕਿਸਾਨਾਂ ਲਈ ਹੁਣ ਫਾਇਦੇ ਵਾਲੀ ਨਹੀਂ ਰਹੀ ਜਿਸ ਕਰਕੇ ਹੁਣ ਬਾਗਬਾਨੀ ਵਰਗੇ ਖੇਤਰਾਂ ਵੱਲ ਪੁਲਾਂਘ ਪੁੱਟਣ ਦੀ ਲੋੜ ਹੈ। ਦੋਵੇਂ ਧਿਰਾਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਸਹਿਯੋਗ ਕਰਨ ਲਈ ਨਵੀਂਆਂ ਸੰਭਾਵਨਾਵਾਂ ਦਾ ਪਤਾ ਲਾਉਣ ਦਾ ਵੀ ਫੈਸਲਾ ਕੀਤਾ।
ਮੁੱਖ ਮੰਤਰੀ ਨੇ ਜਪਾਨੀ ਮਾਹਿਰਾਂ ਨੂੰ ਪੰਜਾਬ ਖਾਸ ਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਉਣ ਦਾ ਸੱਦਾ ਦਿੱਤਾ ਤਾਂ ਜੋ ਉਹ ਖੇਤੀਬਾੜੀ ਸਹਿਯੋਗ ਬਾਰੇ ਸੰਭਾਵਨਾਵਾਂ ਦਾ ਜਾਇਜਾ ਲੈ ਸਕਣ। ਉਨ੍ਹਾਂ ਕਿਹਾ ਕਿ ਖੇਤੀ ਵਿਗਿਆਨੀਆਂ ਲਈ ਇੱਕ ਅਦਾਨ-ਪ੍ਰਦਾਨ ਦਾ ਪ੍ਰੋਗਰਾਮ ਵੀ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਵਜੋਂ ਆਪਣੇ ਪਿਛਲੇ ਕਾਰਜ ਕਾਲ ਦੌਰਾਨ ਉਨ੍ਹਾਂ ਦੀ ਸਰਕਾਰ ਵੱਲੋਂ ਕੋਲਡ ਚੇਨ ਸਮਰੱਥਾ ਵਿਕਾਸ ਪ੍ਰੋਗਰਾਮ ਸ਼ੁਰੂ ਕਰਨ ਨੂੰ ਯਾਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕੋਲਡ ਚੇਨ ਨੂੰ ਮੁੜ ਸੁਰਜੀਤ ਕਰਨ ਦਾ ਸੁਝਾਅ ਦਿੱਤਾ ਤਾਂ ਪੰਜਾਬ ਤੋਂ ਜਪਾਨ ਤੇ ਹੋਰਨਾਂ ਦੇਸ਼ਾਂ ਨੂੰ ਖੇਤੀਬਾੜੀ ਵਸਤਾਂ ਦੀ ਬਰਾਮਦ ਕੀਤੀ ਜਾ ਸਕੇ। ਪੰਜਾਬ ਵਿੱਚ ਨਾੜ (ਪਰਾਲੀ ਤੇ ਕਣਕ ਦਾ ਨਾੜ) ਦੇ ਸਾੜੇ ਜਾਣ ਦੀ ਗੰਭੀਰ ਸਮੱਸਿਆ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਜਪਾਨ ਨੇ ਇਸ ਸਮੱਸਿਆ ਦੇ ਹੱਲ ਦੀ ਪੰਜਾਬ ਸਰਕਾਰ ਨੂੰ ਪੇਸ਼ਕਸ਼ ਵੀ ਕੀਤੀ ਜੋ ਉਸ ਨੇ ਆਪਣੇ ਤਜਰਬੇ ਦੌਰਾਨ ਕੱਢਿਆ। ਉਸ ਵੱਲੋਂ ਸੁਰੱਖਿਅਤ ਤੇ ਵਾਤਾਵਰਨ ਪੱਖੀ ਤਰੀਕਿਆਂ ਨਾਲ ਨਾੜ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਨਾੜ ਨੁੂੰ ਖਾਦ ਵਿੱਚ ਬਦਲਣ ਵਾਲੀ ਤਕਨਾਲੋਜੀ ਵਿੱਚ ਦਿਲਚਸਪੀ ਵਿਖਾਈ। ਮਿਤਸੂਬਿਸ਼ੀ ਨੇ ਕਚਰੇ ਤੋਂ ਬਿਜਲੀ ਉਤਪਾਦਨ ਦੀ ਵਿਲੱਖਣ ਤਕਨਾਲੋਜੀ ਵੀ ਪੰਜਾਬ ਨੂੰ ਦੇਣ ਦੀ ਪੇਸ਼ਕਸ਼ ਕੀਤੀ। ਕੂੜੇ-ਕਰਕਟ ਖਾਸਕਰ ਸ਼ਹਿਰੀ ਖੇਤਰਾਂ ਦੇ ਕਚਰੇ ਦੇ ਨਿਪਟਾਰੇ ਲਈ ਇੱਕ ਢੁੱਕਵੇਂ ਹੱਲ ਦੇ ਰੂਪ ਵਿੱਚ ਮੁੱਖ ਮੰਤਰੀ ਇਸ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਆਧੁਨਿਕੀਕਰਨ ਲਈ ਵਚਨਬੱਧ ਹਨ ਅਤੇ ਇਸ ਕਾਰਜ ਲਈ ਜਪਾਨ ਮਹੱਤਵਪੂਰਨ ਭਾਈਵਾਲ ਹੋ ਸਕਦਾ ਹੈ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…