ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੰਵਰ ਸੰਧੂ ਨੂੰ ਸਦਮਾ, ਡਾਕਟਰ ਪੁੱਤਰ ਦੀ ਮੌਤ, ਵਾਲੰਟੀਅਰਾਂ ਵਿੱਚ ਸੋਗ ਦੀ ਲਹਿਰ

ਮੁੱਖ ਮੰਤਰੀ ਬਾਦਲ, ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਮਜੀਠੀਆ ਤੇ ਹੋਰਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਵੋਟਾਂ ਦੀ ਗਿਣਤੀ ਵਾਲੇ ਦਿਨ ਵਾਲੰਟੀਅਰਾਂ ਵੱਲੋਂ ਸ਼ਾਮ ਨੂੰ ਰੱਖੀ ਜਸ਼ਨ ਪਾਰਟੀ ਮੁਲਤਵੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹਮੁਹਾਲੀ, 1 ਮਾਰਚ:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਕੰਵਰ ਸੰਧੂ ਨੂੰ ਅੱਜ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਕਿ ਉਨ੍ਹਾਂ ਨੌਜਵਾਨ ਪੁੱਤਰ ਡਾਕਟਰ ਕਰਨ ਸੰਧੂ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੌਤ ਤੋਂ ਕੱੁਝ ਪਲ ਪਹਿਲਾਂ ਹੀ ਕਰਨ ਸੰਧੂ ਨੇ ਆਪਣੇ ਪਿਤਾ ਦੇ ਇਕ ਟਵੀਟ ਨੂੰ ਰੀਟਵੀਟ ਕੀਤਾ ਸੀ। ਡਾਕਟਰ ਸੰਧੂ ਦੀ ਅੱਜ ਸਵੇਰੇ ਸੁਵੱਖ਼ਤੇ ਅਚਾਨਕ ਤਬੀਅਤ ਖ਼ਰਾਬ ਹੋ ਗਈ। ਉਸ ਦੇ ਸੀਨੇ ਵਿੱਚ ਦਰਦ ਹੋਇਆ ਅਤੇ ਪਰਿਵਾਰ ਵਾਲੇ ਉਸ ਨੂੰ ਲੈ ਕੇ ਤੁਰੰਤ ਪੀਜੀਆਈ ਹਸਪਤਾਲ ਵਿੱਚ ਪਹੁੰਚ ਗਏ। ਜਿਥੇ ਉਸ ਨੇ ਆਖਰੀ ਸਾਹ ਲਿਆ। ਉਹ ਪਿਛਲੇ ਸਮੇਂ ਦੌਰਾਨ ਆਪਣੇ ਪਿਤਾ ਦੇ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਤੋਂ ਸਪੈਸ਼ਲ ਭਾਰਤ ਆਇਆ ਸੀ ਅਤੇ ਵਿਧਾਨ ਸਣਾ ਚੋਣਾਂ ਦੇ 11 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ 13 ਮਾਰਚ ਨੂੰ ਵਾਪਸ ਵਿਦੇਸ਼ ਜਾਣ ਦਾ ਪ੍ਰੋਗਰਾਮ ਸੀ।
ਕਰਨ ਸੰਧੂ ਸ਼ਾਦੀਸ਼ੁਦਾ ਸੀ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਕੰਵਰ ਸੰਧੂ ਵੀ ਅਕਸਰ ਆਪਣੇ ਬੇਟੇ ਕੋਲ ਆਉਂਦੇ-ਜਾਂਦੇ ਰਹਿੰਦੇ ਸਨ। ਕਰਨ ਸੰਧੂ ਦੀ ਮੌਤ ਤੋਂ ਬਾਅਦ ਆਪ ਦੇ ਵਾਲੰਟੀਅਰਾਂ ਅਤੇ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਿਸ ਨੇ ਵੀ ਇਹ ਖ਼ਬਰ ਸੁਣੀ ਉਹ ਤੁਰੰਤ ਕੰਵਰ ਸੰਧੂ ਦੇ ਨਿਵਾਸ ’ਤੇ ਪਹੁੰਚ ਗਏ ਅਤੇ ਵੱਡੀ ਗਿਣਤੀ ਵਿੱਚ ਪੀਜੀਆਈ ਵਿੱਚ ਵੀ ਆਪ ਦੀ ਸੀਨੀਅਰ ਲੀਡਰਸ਼ਿਪ ਅਤੇ ਸਰਗਰਮ ਵਾਲੰਟੀਅਰਾਂ ਦੀ ਭੀੜ ਜਮ੍ਹਾਂ ਹੋ ਗਈ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੀਨੀਅਰ ਪੱਤਰਕਾਰ ਤੇ ਆਪ ਆਗੂ ਕੰਵਰ ਸੰਧੂ ਦੇ ਪੁੱਤਰ ਡਾ. ਕਰਨ ਸਿੰਘ (35) ਦੀ ਦੁਖਦਾਈ ਅਤੇ ਬੇਵਕਤੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਨ੍ਹਾਂ ਦਾ ਅੱਜ ਸਵੇਰੇ ਪੀਜੀਆਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਮੁੱਖ ਮੰਤਰੀ ਨੇ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਾ ਕੀਤੀ ਜਾ ਸਕਣ ਵਾਲੀ ਬਹੁਤ ਹੀ ਦੁਖਦਾਈ ਘਟਨਾ ਦੱਸਿਆ। ਉਨ੍ਹਾਂ ਨੇ ਆਪਣੇ ਸ਼ੌਕ ਸੰਦੇਸ਼ ਵਿੱਚ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਸ੍ਰੀ ਸੰਧੂ ਅਤੇ ਉਹਨਾਂ ਦੇ ਪਰਿਵਾਰ ਦੇ ਮੈਬਰਾਂ ਨਾਲ ਦਿਲੋਂ ਹਮਦਰਦੀ ਰੱਖਦੇ ਹਨ। ਉਹਨਾਂ ਕਿਹਾ, ‘‘ਮੇਰੇ ਲਈ ਅਤੇ ਸ੍ਰੀ ਸੰਧੂ ਨੂੰ ਜਾਣਨ ਵਾਲਿਆਂ ਲਈ ਇਸ ਦੁਖਦਾਈ ਘਟਨਾ ਨੂੰ ਸ਼ਬਦਾਂ ਵਿੱਚ ਬਿਆਨਣਾ ਅਸੰਭਵ ਹੈ।’’
ਇਕ ਵੱਖਰੇ ਸ਼ੌਕ ਸੰਦੇਸ਼ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਦਿਆਂ ਗਮ ਵਿੱਚ ਡੁੱਬੇ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ। ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਡਾ. ਕਰਨ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਸੰਧੂ ਦੇ ਵੱਡੇ ਪੁੱਤਰ ਦੀ ਭਰ ਜਵਾਨੀ ਵਿੱਚ ਮੌਤ ਹੋਣ ਦਾ ਬਹੁਤ ਜ਼ਿਆਦਾ ਦੁੱਖ ਹੋਇਆ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਰਾਸ਼ਟਰੀ ਮਾਮਲਿਆਂ ਅਤੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੇ ਅੱਜ ਸਵੇਰੇ ਸ੍ਰੀ ਸੰਧੂ ਦੇ ਘਰ ਜਾ ਕੇ ਮੁੱਖ ਮੰਤਰੀ ਦੀਆਂ ਭਾਵਨਾਵਾਂ ਬਾਰੇ ਸਾਂਝੀਆਂ ਕੀਤੀਆਂ। ਸ੍ਰੀ ਬੈਂਸ ਨੇ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਇਸ ਨੂੰ ਬਹੁਤ ਦੁਖਦਾਈ ਘਟਨਾ ਅਤੇ ਨਿੱਜੀ ਘਾਟਾ ਦੱਸਿਆ। ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਮਜੀਠੀਆ ਨੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰ ਨੂੰ ਬਲ ਬਖ਼ਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰ ਤੋਂ ਆਮ ਆਦਮੀ ਪਾਰਟੀ ਆਗੂ ਕੰਵਰ ਸੰਧੂ ਦੇ ਬੇਟੇ ਕਰਨ ਸੰਧੂ ਦੇ ਦਿਹਾਂਤ ’ਤੇ ਅਫਸੋਸ ਪ੍ਰਗਟਾਇਆ ਹੈ। ਜਿਨ੍ਹਾਂ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਆਪਣੇ ਸੋਗ ਸੰਦੇਸ਼ ਵਿੱਚ ਕੈਪਟਨ ਨੇ ਡਾਕਟਰ ਕਰਨ ਦੇ ਬੇਵਕਤ ਦਿਹਾਂਤ ’ਤੇ ਡੂੰਘਾ ਅਫਸੋਸ ਪ੍ਰਗਟਾਇਆ ਹੈ ਅਤੇ ਪੀੜਤ ਪਰਿਵਾਰ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕੀਤੀ ਹੈ। ਸਿੰਘ ਨੇ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰ ਨੂੰ ਇਸ ਵੱਡੇ ਦੁੱਖ ਦਾ ਦਰਦ ਸਹਿਣ ਕਰਨ ਲਈ ਹਿੰਮਤ ਬਖ਼ਸ਼ਣ।
ਉਧਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਹਰਦੀਪ ਸਿੰਘ, ਅਖੰਡ ਕੀਰਤਨੀ ਜਥਾ ਦੇ ਮੁੱਖ ਬੁਲਾਰੇ ਆਰ.ਪੀ. ਸਿੰਘ, ਪ੍ਰੋ. ਮੇਹਰ ਸਿੰਘ ਮੱਲ੍ਹੀ, ਆਪ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਵਿਧਾਇਕ ਬਲਬੀਰ ਸਿੰਘ ਸਿੱਧੂ, ਖਰੜ ਦੇ ਵਿਧਾਇਕ ਜਗਮੋਹਨ ਸਿੰਘ ਕੰਗ, ਅਕਾਲੀ ਦਲ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਆਪ ਦੇ ਜ਼ੋਨਲ ਕਨਵੀਨਰ ਦਰਸ਼ਨ ਸਿੰਘ ਧਾਲੀਵਾਲ, ਯੂਥ ਵਿੰਗ ਦੇ ਸੀਨੀਅਰ ਆਗੂ ਜਗਦੇਵ ਸਿੰਘ ਮਲੋਆ, ਨਵਦੀਪ ਸਿੰਘ ਬੱਬੂ, ਮਹਿਲਾ ਵਕੀਲ ਅਮਰਦੀਪ ਕੌਰ ਸਮੇਤ ਹੋਰਨਾਂ ਡਾਕਟਰ ਕਰਨ ਸੰਧੂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾਂ ਕਰਦਿਆਂ ਕੰਵਰ ਸੰਧੂ ਨਾਲ ਹਮਦਰਦੀ ਜ਼ਾਹਰ ਕੀਤੀ ਹੈ।
(ਬਾਕਸ ਆਈਟਮ)
ਉਧਰ, ਵਿਧਾਨ ਸਭਾ ਚੋਣਾਂ ਸਬੰਧੀ ਬੀਤੀ 4 ਫਰਵਰੀ ਪਈਆਂ ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਵੇਗੀ। ਕੰਵਰ ਸੰਧੂ ਦੇ ਸਮਰਥਕ ਪੂਰੀ ਤਰ੍ਹਾਂ ਆਸਵੰਦ ਹਨ ਕਿ ਇਨ੍ਹਾਂ ਚੋਣਾਂ ਵਿੱਚ ਸ੍ਰੀ ਸੰਧੂ ਹਰ ਹਾਲਤ ਵਿੱਚ ਜਿੱਤ ਹਾਸਲ ਕਰਨਗੇ। ਇਸ ਆਸੇ ਨਾਲ ਹੀ ਆਪ ਦੇ ਸਰਗਰਮ ਵਾਲੰਟੀਅਰਾਂ ਨੇ ਖਰੜ ਵਿੱਚ ਰਾਤ ਨੂੰ ਜਸ਼ਨ ਪਾਰਟੀ ਰੱਖੀ ਸੀ ਅਤੇ ਇਸ ਸਬੰਧੀ ਸਮਰਥਕਾਂ ਨੂੰ ਸੁਨੇਹੇ ਵੀ ਲਾਏ ਗਏ ਸੀ ਲੇਕਿਨ ਡਾਕਟਰ ਕਰਨ ਸੰਧੂ ਦੀ ਬੇਵਕਤੀ ਮੌਤ ਤੋਂ ਬਾਅਦ ਜਸ਼ਨ ਪਾਰਟੀ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…