nabaz-e-punjab.com

ਪੰਜਾਬ ਨੂੰ ਲੁੱਟਣ ਵਾਲਿਆਂ ਵਿਰੁੱਧ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਕਮਿਸ਼ਨ ਗਠਿਤ ਕਰੇ ਸਰਕਾਰ: ਆਪ

‘ਵਾਈਟ ਪੇਪਰ’ ਜਾਰੀ ਕਰਨ ਸਮਾਂ ਸੀਮਾ ਹੋਵੇ ਨਿਰਧਾਰਿਤ, ਦਾਇਰਾ ਪਿਛਲੀ 20 ਸਾਲਾਂ ਤੱਕ ਵਧਾਇਆ ਜਾਵੇ: ਫੂਲਕਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਮਾਰਚ:
ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਿਛਲੇ 10 ਸਾਲ ਪੰਜਾਬ ਨੂੰ ਲੁੱਟ ਕੇ ਬਰਬਾਦ ਕਰਨ ਲਈ ਜ਼ਿੰਮੇਵਾਰ ਲੋਕਾਂ ਦਾ ਪਰਦਾਫਾਸ਼ ਕਰਨ ਲਈ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਕਮਿਸ਼ਨ ਗਠਿਤ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਵਿੱਤੀ ਹਲਾਤਾਂ ਉਪਰ ਜੋ ਵਾਈਟ ਪੇਪਰ ਪੰਜਾਬ ਸਰਕਾਰ ਲਿਆ ਰਹੀ ਹੈ ਉਸਦੀ ਸਮਾਂ ਸੀਮਾ ਤੈਅ ਹੋਵੇ ਅਤੇ ਉਸਦਾ ਦਾਇਰਾ ਪਿਛਲੇ 20 ਸਾਲਾ ਤੱਕ ਵਧਾਇਆ ਜਾਵੇ ਤਾਂਕਿ ਇਸ ਦੌਰਾਨ ਰਾਜ ਕਰਨ ਵਾਲੀਆਂ ਸਾਰੀਆਂ ਧਿਰਾਂ ਦੀ ਭੂਮਿਕਾ ਪੰਜਾਬ ਦੇ ਲੋਕ ਜਾਣ ਸਕਣ। ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਨੇ ਸੱਤਾਧਾਰੀ ਧਿਰ ਉਤੇ ਸਦਨ ਅੰਦਰ ਸੀਟਾਂ ਦੀ ਵੰਡ ਵਿਚ ਪੱਖਪਾਤ ਅਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ, ਜਿੱਥੇ ਨਾਅਰੇ ਬਾਜੀ ਕੀਤੀ ਉਥੇ ਰੋਸ ਵਜੋਂ ਸਪੀਕਰ ਦੀ ਕੁਰਸੀ ਦੇ ਸਾਹਮਣੇ ‘ਸਪੀਕਰ ਵੈਲ’ ਵਿਚ ਧਰਨਾ ਵੀ ਦਿੱਤਾ।
ਸ੍ਰੀ ਫੂਲਕਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਦੇ ਵਿੱਤੀ ਸੰਕਟ ਬਾਰੇ ਵਾਈਟ ਪੇਪਰ ਜਾਰੀ ਕਰਨ ਦੇ ਦਾਅਵੇ ਉਪਰ ਪ੍ਰਤੀਕ੍ਰਿਆ ਦਿੰਦੇ ਹੋਏ ਮੰਗ ਰੱਖ ਕਿ ਵਾਈਟ ਪੇਪਰ ਜਾਰੀ ਕਰਨ ਦੀ ਸਮਾਂ ਸੀਮਾਂ ਨਿਰਧਾਰਿਤ ਕੀਤੀ ਜਾਵੇ ਤਾਂਕਿ ਪੰਜਾਬ ਨੂੰ ਲੁੱਟਣ ਵਾਲੇ ਲੁੱਟਿਆ ਪੈਸਾ ਬਾਹਰ ਨਾ ਭੇਜ ਸਕਣ। ਇਸ ਲਈ ਸਰਕਾਰ ਜਲਦੀ ਤੋਂ ਜਲਦੀ ਲੋੜੀਂਦਾ ਕਾਨੂੰਨ ਬਣਾਵੇ। ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਪੂਰੀ ਮਦਦ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਵਾਈਟ ਪੇਪਰ ਦਾ ਦਾਇਰਾ ਪਿਛਲੇ 20 ਸਾਲ ਤੱਕ ਵਧਾਇਆ ਜਾਵੇ ਤਾਂਕਿ ਇਸ ਦੌਰਾਨ ਰਾਜ ਕਰਨ ਵਾਲੀਆਂ ਸਾਰੀਆਂ ਧਿਰਾਂ ਦੀ ਭੂਮਿਕਾ ਪੰਜਾਬ ਦੇ ਲੋਕ ਜਾਣ ਸਕਣ। ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਉਪਰ ਕਾਰਵਾਈ ਸੁਰੂ ਕਰਨ ਲਈ ਵਾਈਟ ਪੇਪਰ ਦੀ ਉਡੀਕ ਨਹੀਂ ਕੀਤੀ ਜਾਣੀ ਚਾਹੀਦੀ, ਜਾਂਚ ਕਮਿਸ਼ਨ ਇਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਕਰੇ।
ਪਾਰਟੀ ਦੇ ਸੀਨੀਅਰ ਆਗੂ ਅਤੇ ਚੀਫ ਵਿੱਪ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮਚਾਈ ਗਈ ਲੁੱਟ ਕਾਰਨ ਪੰਜਾਬ 2 ਲੱਖ ਕਰੋੜ ਰੁਪਏ ਦਾ ਕਰਜਈ ਹੋ ਗਿਆ ਹੈ। ਜਿੰਨਾਂ ਲੋਕਾਂ ਨੇ ਪੰਜਾਬ ਨੂੰ 10 ਸਾਲ ਲੁੱਟਿਆ ਅਤੇ ਰੇਤ ਮਾਫੀਆ ਸਮੇਤ ਹਰ ਤਰ੍ਹਾਂ ਦਾ ਮਾਫੀਆ ਅਤੇ ਭ੍ਰਿਸ਼ਟਾਚਾਰ ਕੀਤਾ। ਉਨ੍ਹਾਂ ਵਿਰੁੱਧ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਕਮਿਸ਼ਨ ਗਠਿਤ ਕੀਤਾ ਜਾਵੇ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਵੱਡੀ ਗਿਣਤੀ ਵਿਚ ਸਲਾਹਕਾਰਾਂ ਦੀ ਟੀਮ ਰੱਖਣ ਅਤੇ ਮੰਤਰੀਆਂ ਦੇ ਰੁਤਬੇ ਦੇਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਆਪਣੇ ਵਿੱਤੀ ਹਾਲਤ ਸੁਧਾਰਨ ਦੇ ਦਾਅਵਿਆਂ ਦੇ ਉਲਟ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਸਲਾਹਾਂ ਦੇਣ ਲਈ ਵੱਡੀ ਗਿਣਤੀ ਵਿਚ ਅਫਸਰ ਮੌਜੂਦ ਹਨ, ਜੇਕਰ ਫੇਰ ਵੀ ਸਲਾਹਕਾਰਾਂ ਦੀ ਸਲਾਹ ਲੈਣੀ ਹੈ ਤਾਂ ਸਰਕਾਰੀ ਖਜਾਨੇ ਉਪਰ ਬਿਨਾ ਭਾਰ ਪਾਏ ਸੇਵਾ ਦੇ ਤੌਰ ਤੇ ਮੁਫਤ ਲਈ ਜਾਵੇ।
(ਬਾਕਸ ਆਈਟਮ)
ਆਪ ਅਤੇ ਲੋਕ ਇਨਸਾਫ ਪਾਰਟੀ ਦੇ ਗਠਬੰਧਨ ਤੋਂ ਡਰਦੀ ਹੈ ਪੰਜਾਬ ਸਰਕਾਰ-ਫੂਲਕਾ
ਚੰਡੀਗੜ੍ਹ: ਮੁੱਖ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਬੱੁਧਵਾਰ ਨੂੰ ਵਿਧਾਨ ਸਭਾ ਅੰਦਰ ਬੈਂਸ ਭਰਾਵਾਂ ਨੂੰ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਉਪਰ ਤਿੱਖੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਗਠਬੰਧਨ ਤੋਂ ਇਨ੍ਹਾਂ ਡਰ ਗਈ ਹੈ ਕਿ ਦੋਵਾਂ ਨੂੰ ਸਦਨ ਵਿਚ ਇਕੱਠੇ ਨਹੀਂ ਬੈਠਣ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਆਪ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੂੰ ਮਜਬੂਰ ਹੋ ਕੇ ਸਦਨ ‘ਚ ਰੋਸ ਜਾਹਿਰ ਕਰਨਾ ਪਿਆ। ਸ਼ੈਸਨ ਤੋਂ ਬਾਅਦ ਸਾਰੇ ਵਿਧਾਇਕਾਂ ਦੀ ਮੌਜੂਦਗੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਚ.ਐਸ. ਫੂਲਕਾ, ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਅਤੇ ਸਿਮਰਜੀਤ ਸਿੰਘ ਬੈਂਸ ਨੇ ਸੱਤਾਧਾਰੀ ਧਿਰ ਉਤੇ ਵਿਧਾਨ ਸਭਾ ਅੰਦਰ ਪੁਰਾਣੀ ਪਰੰਪਰਾ ਨੂੰ ਤੋੜ ਕੇ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ। ਇਸ ਮੌਕੇ ਖਹਿਰਾ ਨੇ ਕਿਹਾ ਕਿ ਕਾਂਗਰਸ ਹਫਤੇ ਦੇ ਅੰਦਰ-ਅੰਦਰ ਹੀ ਅਕਾਲੀ-ਭਾਜਪਾ ਸਰਕਾਰ ਵਾਲਾ ਰੂਪ ਧਾਰਨ ਕਰਕੇ ਵਿਰੋਧੀ ਧਿਰ ਦੀ ਅਵਾਜ ਦੱਬਾਉਣ ਲੱਗੀ ਹੈ ਜਦਕਿ ਵਿਰੋਧੀ ਧਿਰ ਦੇ ਇਸ ਹੱਕ ਲਈ ਕਾਂਗਰਸੀ ਵਿਧਾਇਕ ਪੰਜਾਬ ਵਿਧਾਨ ਸਭਾ ਵਿੱਚ ਰੋਸ ਵਜੋਂ ਰਾਤਾਂ ਕੱਟਦੇ ਰਹੇ ਹਨ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…