nabaz-e-punjab.com

ਮੁਹਾਲੀ ਵਿੱਚ ਪਹਿਲਾ 5 ਰੋਜ਼ਾ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ 31 ਜਨਵਰੀ ਤੋਂ, ਸਾਰੇ ਪ੍ਰਬੰਧ ਮੁਕੰਮਲ

ਜੇਤੂ ਟੀਮ ਨੂੰ ਇੱਕ ਲੱਖ ਰੁਪਏ, ਪਹਿਲੀ ਉਪ ਜੇਤੂ ਟੀਮ ਨੂੰ 51 ਹਜ਼ਾਰ ਰੁਪਏ, ਦੂਜੀ ਉਪ-ਜੇਤੂ ਟੀਮ ਨੂੰ 21 ਹਜ਼ਾਰ ਦੇ ਇਨਾਮ

ਗੋਲਡ ਕੱਪ ਵਿੱਚ ਦੇਸ਼ ਦੀਆਂ ਪ੍ਰਸਿੱਧ 8 ਹਾਕੀ ਅਕੈਡਮੀਆਂ ਕਰਨਗੀਆਂ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਪਹਿਲਾ 5 ਰੋਜ਼ਾ ਕੇਸਾਧਾਰੀ ਹਾਕੀ ਟੂਰਨਾਮੈਂਟ ਇੱਥੋਂ ਦੇ ਹਾਕੀ ਸਟੇਡੀਅਮ ਵਿੱਚ ਭਲਕੇ 31 ਜਨਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਿੱਖ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਅਤੇ ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ 4 ਫਰਵਰੀ ਤੱਕ ਚੱਲਣ ਵਾਲੇ ਇਸ ਗੋਲਡ ਕੱਪ ਹਾਕੀ ਟੂਰਨਾਮੈਂਟ ਵਿੱਚ ਦੇਸ਼ ਦੀਆਂ ਪ੍ਰਸਿੱਧ 8 ਹਾਕੀ ਅਕੈਡਮੀਆਂ ਪੀਆਈਐਸ ਮੁਹਾਲੀ, ਸੁਰਜੀਤ ਹਾਕੀ ਅਕੈਡਮੀ ਜਲੰਧਰ, ਪੀਆਈਐਸ ਲੁਧਿਆਣਾ, ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਕੀ ਅਕੈਡਮੀ ਅੰਮ੍ਰਿਤਸਰ, ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ, ਨਾਮਧਾਰੀ ਇਲੈਵਨ ਭੈਣੀ ਸਾਹਿਬ ਅਤੇ ਸ਼ਾਹਬਾਦ ਹਾਕੀ ਅਕੈਡਮੀ ਹਰਿਆਣਾ ਸ਼ਿਰਕਤ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਇਸ ਗੋਲਡ ਕੱਪ ਦੀ ਜੇਤੂ ਟੀਮ ਨੂੰ ਰਨਨਿੰਗ ਗੋਲਡ ਕੱਪ ਸਮੇਤ 1 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਜਦੋਂ ਪਹਿਲੀ ਉਪ ਜੇਤੂ ਟੀਮਾਂ ਨੂੰ ਟਰਾਫ਼ੀ ਤੇ 51 ਹਜ਼ਾਰ ਰੁਪਏ ਤੇ ਦੂਜੀ ਉਪ ਜੇਤੂ ਟੀਮ ਨੂੰ ਟਰਾਫ਼ੀ ਤੇ 21 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਫੇਅਰ ਪਲੇਅ ਟਰਾਫ਼ੀ ਤੇ 11 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦੇ ਸਰਵੋਤਮ ਖਿਡਾਰੀ, ਸਰਵੋਤਮ ਗੋਲ ਕੀਪਰ ਤੇ ਸਰਵੋਤਮ ਸਕੋਰਰ ਨੂੰ ਵਿਸ਼ੇਸ਼ ਪੁਰਸਕਾਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਗੋਲਡ ਕੱਪ ਦੌਰਾਨ ਸਮਾਜ ਸੇਵਾ ਦੇ ਖੇਤਰ ’ਚੋਂ ਉੱਘੇ ਸਮਾਜ ਸੇਵੀ ਅਤੇ ਚੈਰੀਟੇਬਲ ਟਰੱਸਟ ਸਰਬੱਤ ਦਾ ਭਲਾ ਦੇ ਫਾਊਂਡਰ ਡਾ. ਐਸਪੀ ਸਿੰਘ ਓਬਰਾਏ, ਵਾਤਾਵਰਨ ਦੇ ਖੇਤਰ ਵਿੱਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ, ਜੈਵਿਕ ਖੇਤੀ ਵਿੱਚ ਓਮੇਂਦਰਾ ਦੱਤ, ਧਾਰਮਿਕ ਖੇਤਰ ਵਿੱਚ ਭਾਈ ਤੇਜਿੰਦਰ ਸਿੰਘ ਰਾਗੀ ਅਤੇ ਖੇਡਾਂ ਦੇ ਖੇਤਰ ਵਿਚ ਪਹਿਲਵਾਨ ਜਸਕੰਵਰ ਸਿੰਘ (ਜੱਸਾ ਪੱਟੀ) ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਅਖੀਰਲੇ ਦਿਨ ਮੁੱਖ ਮਹਿਮਾਨ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਜੇਤੂਆਂ ਨੂੰ ਇਨਾਮ ਵੰਡਣਗੇ ਜਦੋਂਕਿ ਪ੍ਰਧਾਨਗੀ ਕਰਤਾਰ ਸਿੰਘ ਪਹਿਲਵਾਨ ਅਰਜਨ ਐਵਾਰਡੀ ਕਰਨਗੇ। ਇਸ ਗੋਲਡ ਕੱਪ ਦੇ ਵੱਖ-ਵੱਖ ਦਿਨਾਂ ਦੇ ਮੁੱਖ ਮਹਿਮਾਨ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਰਪਾਲ ਸਿੰਘ ਰਾਊਂਡ ਗਲਾਸ ਸਪੋਰਟਸ ਹੋਣਗੇ।

Load More Related Articles
Load More By Nabaz-e-Punjab
Load More In Sports

Check Also

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …