ਗਲੋਬਲ ਸਿੱਖ ਕੌਂਸਲ: ਤਖ਼ਤਾਂ ਦੀ ਪ੍ਰਭੂਸੱਤਾ, ਵਿਰਾਸਤੀ ਅਸਥਾਨਾਂ ਦੀ ਸੰਭਾਲ ਲਈ ਲਏ ਅਹਿਮ ਫ਼ੈਸਲੇ

ਭਾਰਤ ਵਿੱਚ ਜੀਐਸਸੀ ਟਰੱਸਟ ਹੋਵੇਗਾ ਸਥਾਪਤ, ਨਵੰਬਰ ਮਹੀਨੇ ਚੰਡੀਗੜ੍ਹ ’ਚ ਅਗਲੀ ਏਜੀਐਮ: ਡਾ. ਕੰਵਲਜੀਤ ਕੌਰ

ਨਬਜ਼-ਏ-ਪੰਜਾਬ, ਚੰਡੀਗੜ੍ਹ, 30 ਸਤੰਬਰ:
ਵਿਸ਼ਵ ਪੱਧਰ ’ਤੇ ਸਿੱਖਾਂ ਦੇ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਪੰਥਕ ਤਰਜੀਹਾਂ ਦੀ ਮਜ਼ਬੂਤੀ ਲਈ ਮਹੱਤਵਪੂਰਨ ਕਦਮ ਚੁੱਕਦਿਆਂ 28 ਦੇਸ਼ਾਂ ਦੀਆਂ ਕੌਮੀ ਸਿੱਖ ਸੰਸਥਾਵਾਂ ਦੀ ਪ੍ਰਤੀਨਿਧ ਸੰਸਥਾ, ਗਲੋਬਲ ਸਿੱਖ ਕੌਂਸਲ (ਜੀਐਸਸੀ) ਨੇ ਪਾਕਿਸਤਾਨ ਵਿੱਚ ਸਿੱਖ ਵਿਰਾਸਤੀ ਅਸਥਾਨਾਂ ਦੇ ਰੱਖ-ਰਖਾਓ ਦੇ ਨਾਲ-ਨਾਲ ਭਾਰਤ ਵਿਚਲੇ ‘ਤਖ਼ਤਾਂ‘ ਦੀ ਪ੍ਰਭੂਸੱਤਾ, ਮਾਣ-ਮਰਯਾਦਾ ਅਤੇ ਅਧਿਆਤਮਿਕ ਅਧਿਕਾਰਾਂ ਨੂੰ ਬਹਾਲ ਕਰਨ ਦੀ ਵਕਾਲਤ ਕੀਤੀ ਹੈ। ਇਹ ਫੈਸਲਾ ਜੀਐਸਸੀ ਦੀ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਸਾਲਾਨਾ ਜਨਰਲ ਮੀਟਿੰਗ (ਏਜੀਐਮ) ਦੇ ਆਨਲਾਈਨ ਸੈਸ਼ਨ ਦੌਰਾਨ ਲਿਆ ਗਿਆ।
ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਡਾ. ਕੰਵਲਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਸਿੱਖ ਕੌਮ ਨਾਲ ਸਬੰਧਤ ਧਾਰਮਿਕ, ਮਾਨਵਤਾਵਾਦੀ ਅਤੇ ਪ੍ਰਸ਼ਾਸਕੀ ਮੁੱਦਿਆਂ ਉੱਤੇ ਡੂੰਘੀ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਪ੍ਰਧਾਨ ਡਾ. ਕੰਵਲਜੀਤ ਕੌਰ ਅਤੇ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਏ.ਜੀ.ਐਮ. ਦੀ ਸ਼ੁਰੂਆਤ ਮੌਕੇ ਉਪ ਪ੍ਰਧਾਨ ਪਰਮਜੀਤ ਸਿੰਘ ਬੇਦੀ (ਅਮਰੀਕਾ) ਵੱਲੋਂ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਭਲਾਈ ਅਤੇ ਮੁੜ-ਵਸੇਬੇ ਲਈ ਕੀਤੀ ‘ਅਰਦਾਸ‘ ਨਾਲ ਹੋਈ ਅਤੇ ਹੜ੍ਹ ਪੀੜਤਾਂ ਨਾਲ ਆਪਣੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਜੀ.ਐਸ.ਸੀ. ਵੱਲੋਂ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਤਖ਼ਤਾਂ ਨੂੰ ਕ੍ਰਮਵਾਰ ਮਹਾਰਾਸ਼ਟਰ ਅਤੇ ਬਿਹਾਰ ਰਾਜ ਸਰਕਾਰਾਂ ਦੇ ਪ੍ਰਸ਼ਾਸਕੀ ਇਖਤਿਆਰ ਤੋਂ ਮੁਕਤ ਕਰਾਉਣ ਖਾਤਰ ਪੁਰਾਣੇ ਗੁਰਦੁਆਰਾ ਕਾਨੂੰਨਾਂ ਵਿੱਚ ਸੋਧ ਕਰਾਉਣ ਲਈ ਸਥਾਨਕ ਸੰਗਤ ਦੀ ਅਗਵਾਈ ਹੇਠਲੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਜਾਵੇਗਾ।
ਇਹ ਵੀ ਫੈਸਲਾ ਲਿਆ ਗਿਆ ਕਿ ਕੌਮ ਦੀ ਪਾਰਦਰਸ਼ੀ ਢੰਗ ਨਾਲ ਸੇਵਾ ਕਰਨ ਤੇ ਬੁਨਿਆਦੀ ਸਹੂਲਤਾਂ ਦੇਣ ਲਈ ਭਾਰਤ ਵਿੱਚ ਇੱਕ ਰਜਿਸਟਰਡ ਟਰੱਸਟ ਸਥਾਪਤ ਕਰਕੇ ਚੈਰੀਟੇਬਲ ਅਤੇ ਭਾਈਚਾਰਕ ਸੇਵਾਵਾਂ ਲਈ ਵਿਦੇਸ਼ੀ ਯੋਗਦਾਨ ਇਖਤਿਆਰੀ ਕਾਨੂੰਨ (ਐਫ.ਸੀ.ਆਰ.ਏ.) ਹੇਠ ਸਰਟੀਫਿਕੇਟ ਪ੍ਰਾਪਤ ਕੀਤਾ ਜਾਵੇਗਾ। ਕੌਂਸਲ ਨੇ ਨਵੰਬਰ 2026 ਦੇ ਅੱਧ ਵਿੱਚ ਚੰਡੀਗੜ੍ਹ ਵਿਖੇ ਅਗਲੀ ਜਨਰਲ ਏ.ਜੀ.ਐਮ. ਬੁਲਾਉਣ ਦਾ ਵੀ ਫੈਸਲਾ ਲਿਆ। ਕੌਂਸਲ ਦੀ ਧਾਰਮਿਕ ਮਾਮਲੇ ਕਮੇਟੀ ਦੇ ਚੇਅਰਮੈਨ ਡਾ. ਕਰਮਿੰਦਰ ਸਿੰਘ ਨੇ ਆਪਣੇ ਖੋਜੀ ਪਰਚੇ ਵਿੱਚ ਤਖ਼ਤਾਂ ਦੀ ਆਜ਼ਾਦੀ, ਮਾਣ-ਸਨਮਾਨ ਅਤੇ ਅਧਿਆਤਮਿਕ ਅਧਿਕਾਰਾਂ ਨੂੰ ਬਹਾਲ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਸਿੱਖ ਧਰਮ ਵਿੱਚ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਪ੍ਰਮੁੱਖਤਾ ਨੂੰ ਦੁਹਰਾਇਆ ਅਤੇ ਰਾਜਨੀਤਿਕ ਦਖਲਅੰਦਾਜ਼ੀ ਤੋਂ ਮੁਕਤ ਕਰਵਾ ਕੇ ਢੁਕਵਾਂ ਆਜ਼ਾਦਾਨਾ ਰੁਤਬਾ ਮੁੜ ਪ੍ਰਾਪਤ ਕਰਨ ਲਈ ਪੰਥਕ ਏਕਤਾ ਦਾ ਸੱਦਾ ਦਿੱਤਾ।
ਸਿੱਖ ਸ਼ਖ਼ਸੀਅਤਾਂ ਦੀ ਪਦਵੀ ਪ੍ਰਤੀ ਗਲਤ ਵਿਆਖਿਆਵਾਂ ਦੇ ਮੁੱਦੇ ਉੱਤੇ ਕਾਨੂੰਨੀ ਮਾਮਲੇ ਕਮੇਟੀ ਦੇ ਚੇਅਰਪਰਸਨ ਜਗੀਰ ਸਿੰਘ ਨੇ ‘ਸੰਤ‘ ਅਤੇ ‘ਬ੍ਰਹਮ ਗਿਆਨੀ‘ ਨਾਮਕਰਨ ਦੇ ਗੁਰਬਾਣੀ-ਅਧਾਰਤ ਪ੍ਰਮਾਣਿਕ ਅਰਥਾਂ ‘ਤੇ ਇੱਕ ਪ੍ਰਭਾਵਸ਼ਾਲੀ ਖੋਜ ਪੱਤਰ ਪੇਸ਼ ਕਰਦਿਆਂ ਇਲਾਹੀ ਅਵਸਥਾ ਅਤੇ ਆਪੂ-ਐਲਾਨੀਆਂ ਪਦਵੀਆਂ ਵਿਚਕਾਰ ਅੰਤਰ ਨੂੰ ਸਪੱਸ਼ਟ ਕੀਤਾ ਜਿਸ ਕਰਕੇ ਸੰਗਤ ਗੁੰਮਰਾਹ ਹੁੰਦੀ ਹੈ ਅਤੇ ਮੌਜੂਦਾ ਸਮੇਂ ਵਿੱਚ ਭਟਕਣਾ ਵੀ ਵਧਦੀ ਹੈ।
ਮਾਨਵਤਾਵਾਦੀ ਸੰਕਟ ਵੱਲ ਧਿਆਨ ਦਿਵਾਉਂਦੇ ਹੋਏ ਜੀ.ਐਸ.ਸੀ. ਦੇ ਖਜ਼ਾਨਚੀ ਹਰਸਰਨ ਸਿੰਘ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਤਬਾਹੀ ਦੇ ਪੈਮਾਨੇ ਦਾ ਵੇਰਵਾ ਦਿੰਦਿਆਂ ਖਾਸ ਕਰਕੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਕਿਸਾਨਾਂ ਅਤੇ ਸਰਹੱਦੀ ਵਸਨੀਕਾਂ ਦੀ ਦਸ਼ਾ ਨੂੰ ਉਜਾਗਰ ਕੀਤਾ। ਕੌਂਸਲ ਨੇ ਤਾਲਮੇਲ ਵਾਲੇ ਰਾਹਤ ਕਾਰਜਾਂ ਲਈ ਵਿਸ਼ਵਵਿਆਪੀ ਸਿੱਖ ਸੰਸਥਾਵਾਂ ਨੂੰ ਸਹਾਇਤਾ ਜੁਟਾਉਣ ਦੀ ਅਪੀਲ ਵੀ ਕੀਤੀ। ਵਿਰਾਸਤੀ ਇਮਾਰਤਾਂ ਦੇ ਰੱਖ-ਰਖਾਅ ਸਬੰਧੀ ਵਿਰਾਸਤੀ ਕਮੇਟੀ ਦੇ ਚੇਅਰਮੈਨ ਯਸਪਾਲ ਸਿੰਘ ਬੈਂਸ (ਅਮਰੀਕਾ) ਨੇ ਪਾਕਿਸਤਾਨ ਸਥਿਤ ਇਤਿਹਾਸਕ ਸਿੱਖ ਅਸਥਾਨਾਂ ਦੀ ਬਹਾਲੀ ਬਾਰੇ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਦੇ ਸਮਰਥਨ ਦਾ ਸਵਾਗਤ ਕਰਦਿਆਂ ਅਣਗੌਲੇ ਗੁਰਦੁਆਰਿਆਂ ਅਤੇ ਵਿਰਾਸਤੀ ਅਸਥਾਨਾਂ ਨੂੰ ਸੁਰੱਖਿਅਤ ਰੱਖਣ ਲਈ ਨਿਰੰਤਰ ਨਿਗਰਾਨੀ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਆਪਣੀਆਂ ਸਬੰਧਤ ਰਿਪੋਰਟਾਂ ਵਿੱਚ ਪ੍ਰਧਾਨ ਡਾ. ਕੰਵਲਜੀਤ ਕੌਰ, ਸਕੱਤਰ ਹਰਜੀਤ ਸਿੰਘ ਅਤੇ ਖਜ਼ਾਨਚੀ ਹਰਸਰਨ ਸਿੰਘ ਨੇ ਜੀਐਸਸੀ ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਧਾਰਮਿਕ ਸੁਧਾਰਾਂ, ਮਾਨਵਤਾਵਾਦੀ ਇਮਦਾਦ ਅਤੇ ਹੋਰ ਪਹਿਲਕਦਮੀਆਂ ਲਈ ਇੱਕ ਸਪੱਸ਼ਟ ਰੋਡਮੈਪ ਦਾ ਮੁਲਾਂਕਣ ਕੀਤਾ। ਮੀਟਿੰਗ ਦੀ ਸਮਾਪਤੀ ਮੌਕੇ ਉਪ ਪ੍ਰਧਾਨ ਰਾਮ ਸਿੰਘ ਬੰਬੇ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਡੈਲੀਗੇਟਾਂ ਦੇ ਸੂਝਵਾਨ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸੈਸ਼ਨ ਨੂੰ ਅਧਿਆਤਮਿਕ ਤੌਰ ’ਤੇ ਗਿਆਨ ਭਰਪੂਰ ਬਣਾਉਣ ਤੋਂ ਇਲਾਵਾ ਏਕਤਾ ਤੇ ਦੂਰਦ੍ਰਿਸ਼ਟੀ ਦੇ ਉਦੇਸ਼ ਨਾਲ ਸਿੱਖ ਕੌਮ ਦੀ ਸੇਵਾ ਕਰਨ ਲਈ ਗਲੋਬਲ ਸਿੱਖ ਕੌਂਸਲ ਦੀ ਵਚਨਬੱਧਤਾ ਨੂੰ ਦੁਹਰਾਇਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…