ਮੁਹਾਲੀ ਹਲਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਤੱਕੜੀ ਦਾ ਬਟਨ ਦਬਾਇਓ: ਫਤਹਿ ਸਿੰਘ ਸਿੱਧੂ

ਲੇਬਰਫੈੱਡ ਪੰਜਾਬ ਦੇ ਐਮਡੀ ਪਰਮਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਆਯੋਜਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
‘ਪਿੰਡ ਸੋਹਾਣਾ ਵਿੱਚ ਰਹਿੰਦੇ ਮੇਰੇ ਹਰਮਨ ਪਿਆਰੇ ਲੋਕੋ ਇਸ ਵਾਰ ਮੁੜ ਗਲਤੀ ਨਾ ਕਰ ਬੈਠਿਓ, ਫਿਰ ਪਿੱਛੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ। ਜੇਕਰ ਤੁਸੀਂ ਹਲਕੇ ਦਾ ਭਲਾ ਤੇ ਤਰੱਕੀ ਚਾਹੁੰਦੇ ਹੋ ਤਾਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੂੰ ਜਿਤਾਉਣ ਲਈ ਸਿਰਫ਼ ਤੇ ਸਿਰਫ਼ ਤੱਕੜੀ ਦਾ ਹੀ ਬਟਨ ਦਬਾਇਓ’ ਇਹ ਵਿਚਾਰ ਪਿੰਡ ਸੋਹਾਣਾ ਵਿੱਚ ਲੇਬਰਫੈੱਡ ਪੰਜਾਬ ਦੇ ਐਮਡੀ ਪਰਮਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਆਯੋਜਿਤ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਆਗੂ ਫਤਹਿ ਸਿੰਘ ਸਿੱਧੂ ਨੇ ਸਾਂਝੇ ਕੀਤੇ।
ਇਸ ਮੌਕੇ ਫਤਹਿ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਮੇਂ ਹਰ ਵਰਗ ਲਈ ਸਿਰਫ ਅਕਾਲੀ-ਭਾਜਪਾ ਸਰਕਾਰ ਤੋਂ ਹੀ ਅਜਿਹੀ ਆਸ ਲਗਾਈ ਜਾ ਸਕਦੀ ਹੈ, ਜਿਹੜੀ ਕਿ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ। ਇੱਥੋਂ ਦੇ ਲੋਕ ਜ ੋਕਿ 10 ਸਾਲਾਂ ਤੋਂ ਕਾਂਗਰਸ ਵਿਧਾਇਕ ਦੀ ਨਲਾਇਕੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਲਈ ਇਹ ਇੱਕ ਸੁਨਿਹਰੀ ਮੌਕਾ ਹੈ ਕਿ ਉਹ ਇਸ ਬਦਲਾਅ ਦਾ ਹਿੱਸਾ ਬਣ ਸਕਦੇ ਹਨ ਅਤੇ ਆਉਣ ਵਾਲੇ ਸਮੇਂ ’ਚ ਮੋਹਾਲੀ ਹਲਕੇ ਦੇ ਹੋਰ ਵਿਕਾਸ ਲਈ ਕੈਪਟਨ ਸਿੱਧੂ ਨੂੰ ਜਿੱਤ ਦਿਵਾ ਕੇ ਆਪਣਾ ਬੱਚਿਆਂ ਦੇ ਭਵਿੱਖ ਨੂੰ ਸੰਵਾਰ ਸਕਦੇ ਹਨ। ਉਨ੍ਹਾਂ ਮੋਹਾਲੀ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੁਹਾਲੀ ਹਲਕੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਉਹ ਆਪਣਾ ਵੋਟ ਅਕਾਲੀ-ਭਾਜਪਾ ਦੇ ਉਮੀਦਵਾਰ ਨੂੰ ਹੀ ਪਾਉਣ। ਉਨ੍ਹਾਂ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਲੋਕ ਇਕੱਠੇ ਹੋਣ ਤਾਂ ਕਿ ਮੋਹਾਲੀ ’ਚ ਬੀਤੇ 10 ਸਾਲਾਂ ਤੋਂ ਜੋ ਕੰਮ ਵਿਧਾਇਕ ਬਲਬੀਰ ਸਿੱਧੂ ਨਹੀਂ ਕਰਾ ਸਕੇ, ਉਨ੍ਹਾਂ ਨੂੰ ਕੈਪਟਨ ਸਿੱਧੂ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੀ ਹਾਜਰੀ ਹੇਠ ਪੂਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ।
ਇਸ ਮੌਕੇ ਲੇਬਰਫੈਡ ਦੇ ਐਮਡੀ ਪਰਮਿੰਦਰ ਸੋਹਾਣਾ ਨੇ ਦਾਅਵਾ ਕੀਤਾ ਕਿ ਸੋਹਾਣਾ ਦੇ ਵਸਨੀਕ ਕੈਪਟਨ ਸਿੱਧੂ ਨੂੰ ਭਾਰੀ ਵੋਟਾਂ ਦੇ ਅੰਤਰ ਨਾਲ ਜਿੱਤ ਦਿਵਾਉਣ ਵਿੱਚ ਮੋਹਰੀ ਰੋਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਿੱਧੂ ਨੂੰ ਸੇਵਾ ਦਾ ਇੱਕ ਮੌਕਾ ਦਿੱਤਾ ਤਾਂ ਉਹ ਮੁਹਾਲੀ ਖੇਤਰ ਦੇ ਵਿਕਾਸ, ਹਰ ਨਾਗਰਿਕ ਦੇ ਮਾਣ ਸਨਮਾਨ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਚੋਣ ਮੈਨੀਫੈਸਟੋ ਵਿੱਚ ਹਲਕੇ ਦੇ ਸਾਰੇ ਪਿੰਡਾਂ ਦੀਆਂ ਗਲੀਆਂ ਨੂੰ ਪੱਕਾ ਕਰਨ ਦੇ ਨਾਲ ਪਿੰਡਾਂ ਵਿੱਚ ਸੋਲਰ ਲਾਈਟਾਂ ਵੀ ਲਗਾਉਣ ਦਾ ਐਲਾਨ ਕੀਤਾ ਹੈ। ਸ੍ਰੀ ਸੋਹਾਣਾ ਨੇ ਕਿਹਾ ਕਿ ਇਸ ਗੱਠਜੋੜ ਸਰਕਾਰ ਪਿੰਡਾਂ ਵਿਚ ਆਟਾ ਦਾਲ ਸਕੀਮ ਵਿੱਚ ਹੋਰ ਵਾਧੇ ਕਰਦੇ ਹੋਏ ਚੀਨੀ ਅਤੇ ਘਿਓ ਵੀ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸਾਰੀਆਂ ਲਿੰਕ ਸੜਕਾਂ 18 ਫੁੱਟ ਚੌੜੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਇਹ ਵਿਕਾਸ ਕਾਰਜ ਤਾਂ ਹੀ ਪੂਰੇ ਹੋ ਸਕਦੇ ਹਨ ਜੇਕਰ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਆਵੇ। ਉਨ੍ਹਾਂ ਦੀ ਇੱਕ-ਇੱਕ ਵੋਟ ਅਕਾਲੀ-ਭਾਜਪਾ ਸਰਕਾਰ ਲਈ ਕੀਮਤੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 4 ਫਰਵਰੀ ਨੂੰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਹੱਕ ’ਚ ਵੋਟਾਂ ਪਾਉਣ।
ਸ੍ਰੀ ਸੋਹਾਣਾ ਨੇ ਕਿਹਾ ਕਿ ਇਸ ਤੋਂ Îਇਲਾਵਾ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ’ਚ ਕਿਸਾਨਾਂ ਲਈ ਵੱਡੀਆਂ ਰਿਆਇਤਾਂ ਦਾ ਐਲਾਨ ਕਰਦਿਆਂ ਢਾਈ ਏਕੜ ਵਾਲੇ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ’ਤੇ ਘੱਟੋ ਘੱਟ ਸਮਰਥਨ ਮੁੱਲ ਤੋਂ ਇਲਾਵਾ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਐਲਾਨ ਕੀਤਾ ਹੈ। ਛੋਟੇ ਕਿਸਾਨਾਂ ਨੂੰ 2 ਲੱਖ ਰੁਪਏ ਦਾ ਵਿਆਜ਼ ਰਹਿਤ ਖੇਤੀਬਾੜੀ ਕਰਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ। ਹਰੇਕ ਕਿਸਾਨ ਲਈ ਟਿਊਬਵੈੱਲ ਕੁਨੈਕਸ਼ਨ ਅਤੇ ਮੁਫ਼ਤ ਤੇ ਲਗਾਤਾਰ 10 ਘੰਟੇ ਬਿਜਲੀ ਦੇਣ ਦਾ ਇੰਤਜ਼ਾਮ ਕੀਤਾ ਹੈ। ਇਸ ਮੌਕੇ ਮਾਨ ਸਿੰਘ ਸੋਹਾਣਾ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਬਲਾਕ ਸੰਮਤੀ ਦੇ ਚੇਅਰਮੈਨ ਰੇਸ਼ਮ ਸਿੰਘ, ਅਕਾਲੀ ਕੌਂਸਲਰ ਸੁਰਿੰਦਰ ਸਿੰਘ ਰੋਡ ਤੇ ਬੀਬੀ ਕਮਲਜੀਤ ਕੌਰ, ਨੰਬਰਦਾਰ ਹਰਵਿੰਦਰ ਸਿੰਘ ਤੇ ਹਰਸੰਗਤ ਸਿੰਘ ਅਤੇ ਮਨਮੋਹਨ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…