Share on Facebook Share on Twitter Share on Google+ Share on Pinterest Share on Linkedin ਸਿੱਖਿਆ ਮੰਤਰੀ ਅਰੁਣਾ ਚੌਧਰੀ ਅਤੇ ਪੰਜਾਬ ਬੋਰਡ ਦੇ ਚੇਅਰਮੈਨ ਢੋਲ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ: ਕੈਪਟਨ ਵਜ਼ਾਰਤ ਵਿੱਚ ਸ਼ਾਮਲ ਨਵੀਂ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਪੰਜਾਬ ਦੇ ਸਿੱਖਿਆ ਮਹਿਕਮੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਅੱਜ ਪਹਿਲੇ ਦਿਨ ਹੀ ਆਪਣੀਆਂ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ। ਸਿੱਖਿਆ ਮੰਤਰੀ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨਾਲ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਪ੍ਰੀਖਿਆ ਸੰਚਾਲਨ ਦਾ ਨਿਰੀਖਣ ਕੀਤਾ। ਇਹ ਜਾਣਕਾਰੀ ਦਿੰਦਿਆਂ ਸ੍ਰੀ ਢੋਲ ਨੇ ਕਿਹਾ ਕਿ ਸਿੱਖਿਆ ਬੋਰਡ ਅਤੇ ਸਿੱਖਿਆ ਮਹਿਕਮੇ ਦਾ ਅਹਿਮ ਕੰਮ ਵਿਦਿਆਰਥੀਆਂ ਨੂੰ ਪੜ੍ਹਾਉਣਾ ਤੇ ਪ੍ਰੀਖਿਆਵਾਂ ਲੈਣਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਦੀਆਂ ਚਲਦੀਆਂ ਪ੍ਰੀਖਿਆਵਾਂ ਨੂੰ ਦੇਖਦਿਆਂ ਅੱਜ ਗਣਿਤ ਵਿਸ਼ੇ ਦਾ ਅਹਿਮ ਪੇਪਰ ਹੋਣ ਕਾਰਨ ਇਹ ਇੱਛਾ ਜ਼ਾਹਰ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇੇ ਚੱਲ ਰਹੇ ਪ੍ਰੀਖਿਆ ਸੈਂਟਰਾਂ ਦਾ ਜਾਇਜਾ ਲਿਆ ਜਾਵੇ। ਉਨ੍ਹਾਂ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੂੰ ਨਾਲ ਲੈ ਕੇ ਅੱਜ ਮੁਹਾਲੀ ਦੇ ਏਸੀ ਨੈਸ਼ਨਲ ਪਬਲਿਕ ਸਕੂਲ ਜ਼ੀਰਕਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤ ਸਿੰਘ ਵਾਲਾ (ਭਬਾਤ) ਦੇ ਦਸਵੀਂ ਦੇ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕਰਦਿਆਂ ਪ੍ਰੀਖਿਆਵਾਂ ਦੇ ਸੰਚਾਲਨ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ। ਸ੍ਰੀ ਢੋਲ ਨੇ ਦੱਸਿਆ ਕਿ ਮੰਤਰੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਲ ਕੇ ਉਨ੍ਹਾਂ ਤੋਂ ਸਿੱਖਿਆ ਸੁਧਾਰਾਂ ਲਈ ਸੁਝਾਅ ਵੀ ਮੰਗੇ ਗਏ। ਇਸ ਮੌਕੇ ਸਿੱਖਿਆ ਮੰਤਰੀ ਨੇ ਚੋਣਵੇੱ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰੀਖਿਆਵਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਇਸ ਸਬੰਧੀ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਸਿੱਖਿਆ ਮੰਤਰੀ ਨੇ ਪੰਜਾਬ ਬੋਰਡ ਵੱਲੋਂ ਪ੍ਰੀਖਿਆਵਾਂ ਦੇ ਸੰਚਾਲਨ ਲਈ ਨਿਗਰਾਨ ਅਮਲੇ ਅਤੇ ਅਬਜ਼ਰਵਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਖਿਆਵਾਂ ਦੇ ਸੰਚਾਲਨ ਉੱਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਕੂਲੀ ਸਿੱਖਿਆ ਵਿੱਚ ਹੋਰ ਸੁਧਾਰ ਲਿਆਉਣ ਲਈ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾਣਗੇ। ਪੰਜਾਬ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਦੀ ਹੋ ਰਹੀ ਸਲਾਨਾ ਪ੍ਰੀਖਿਆ ਦੇ ਦੋਵਾਂ ਸ਼੍ਰੇਣੀਆਂ ਦੇ ਗਣਿਤ ਵਿਸ਼ੇ ਦੇ ਲਏ ਗਏ ਪੇਪਰ ਦੌਰਾਨ ਅੱਜ ਪੰਜਾਬ ਭਰ ਦੇ ਸਾਰਿਆਂ ਜ਼ਿਲ੍ਹਿਆਂ ਦੇ ਪ੍ਰੀਖਿਆ ਕੇਂਦਰਾਂ ਵਿੱਚ ਅਮਨ ਸ਼ਾਂਤੀ ਬਣੀ ਰਹੀ ਅਤੇ ਕਿਸੇ ਥਾਂ ਤੋਂ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਸਮਾਚਾਰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦਸਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਦੇ3 ਲੱਖ 56 ਹਜ਼ਾਰ 386 ਵਿਦਿਆਰਥੀਆਂ ਵੱਲੋਂ 2458 ਕੇਂਦਰਾਂ ਵਿਖੇ ਅਤੇ ਬਾਰ੍ਹਵੀਂ ਦੇ ਗਣਿਤ ਵਿਸ਼ੇ ਦੇ 54262 ਵਿਦਿਆਰਥੀਆਂ ਵੱਲੋਂ 1422 ਪ੍ਰੀਖਿਆ ਕੇਂਦਰਾਂ ਵਿੱਚ ਇਮਤਿਹਾਨ ਦਿੱਤਾ ਗਿਆ। ਸ਼੍ਰੀ ਢੋਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਾਰ੍ਹਵੀਂ ਸ਼੍ਰੇਣੀ ਦੇ 34 ਹੋਰ ਵੱਖ-ਵੱਖ ਵਿਸ਼ਿਆਂ ਦੇ 11604 ਵਿਦਿਆਰਥੀਆਂ ਨੇ 671 ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ