ਅੱਠਵੀਂ ਜਮਾਤ ਦਾ ਨਤੀਜਾ: ਕੁੜੀਆਂ ਨੇ ਬਾਜੀ ਮਾਰੀ, ਬਠਿੰਡਾ ਦੀ ਹਰਨੂਰਪ੍ਰੀਤ ਕੌਰ ਅੱਵਲ

ਨਬਜ਼-ਏ-ਪੰਜਾਬ, ਮੁਹਾਲੀ, 30 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਵੱਲੋਂ ਅੱਜ ਸ਼ਾਮ ਐਲਾਨੇ ਗਏ ਅੱਠਵੀਂ ਜਮਾਤ ਦੇ ਸਾਲਾਨਾ ਨਤੀਜੇ ਵਿੱਚ ਕੁੜੀਆਂ ਨੇ ਬਾਜੀ ਮਾਰੀ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ (ਬਠਿੰਡਾ) ਦੀ ਵਿਦਿਆਰਥਣ ਹਰਨੂਰਪ੍ਰੀਤ ਕੌਰ ਪੁੱਤਰੀ ਜੁਗਰਾਜ ਸਿੰਘ ਨੇ 100 ਫੀਸਦੀ (600\600) ਅੰਕ ਲੈ ਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਨਿਊ ਫਲਾਵਰਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਿਊ ਅੰਤਰਯਾਮੀ ਕਲੋਨੀ (ਅੰਮ੍ਰਿਤਸਰ) ਦੀ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਅਮਰਦੀਪ ਸਿੰਘ ਨੇ ਕੁੱਲ 600 ਅੰਕਾਂ ’ਚੋਂ 598 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਮੱਲਿਆ ਹੈ। ਗੁਰਲੀਨ ਦੀ ਪਾਸ ਪ੍ਰਤੀਸ਼ਤਤਾ 99.67 ਫੀਸਦੀ ਬਣਦੀ ਹੈ। ਇੰਜ ਹੀ ਸਰਕਾਰੀ ਐਲੀਮੈਂਟਰੀ ਕੂਲ ਰਤੋਕੇ (ਸੰਗਰੂਰ) ਦੇ ਵਿਦਿਆਰਥੀ ਅਰਮਾਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ 597 ਅੰਕ ਲੈ ਕੇ ਪੰਜਾਬ ’ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੀ ਪਾਸ ਪ੍ਰਤੀਸ਼ਤਤਾ 99.58 ਫੀਸਦੀ ਹੈ।
ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਇਸ ਸਾਲ 2 ਲੱਖ 91 ਹਜ਼ਾਰ 917 ਵਿਦਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 2 ਲੱਖ 36 ਹਜ਼ਾਰ 987 ਵਿਦਿਆਰਥੀ ਪਾਸ ਹੋਏ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.31 ਫੀਸਦੀ ਰਹੀ ਹੈ। ਇਸ ਵਾਰ ਅੱਠਵੀਂ ਦੀ ਪਾਸ ਪ੍ਰਤੀਸ਼ਤਤਾ ਪਿਛਲੇ ਸਾਲ ਨਾਲੋਂ 6 ਫੀਸਦੀ ਵੱਧ ਹੈ। ਇਸ ਵਾਰ 1 ਲੱਖ 38 ਹਜ਼ਾਰ 958 ਲੜਕੀਆਂ ਨੇ ਅੱਠਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 1 ਲੱਖ 37 ਹਜ਼ਾਰ 330 ਵਿਦਿਆਰਥਣਾਂ ਪਾਸ ਹੋਈਆਂ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.83 ਫੀਸਦੀ ਬਣਦੀ ਹੈ, ਜਦੋਂਕਿ 1 ਲੱਖ 52 ਹਜ਼ਾਰ 943 ਮੁੰਡਿਆਂ ’ਚੋਂ 1 ਲੱਖ 49 ਹਜ਼ਾਰ 642 ਪਾਸੇ ਹੋਏ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.84 ਫੀਸਦੀ ਹੈ। 16 ਟਰਾਂਸਜੈਡਰਾਂ ’ਚੋਂ 15 ਨੇ ਅੱਠਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।
ਸਰਕਾਰੀ ਸਕੂਲਾਂ ਦੇ 202278 ਵਿਦਿਆਰਥੀਆਂ ’ਚੋਂ 1 ਲੱਖ 98 ਹਜ਼ਾਰ 381 ਬੱਚੇ ਪਾਸ ਹੋਏ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.07 ਫੀਸਦੀ ਹੈ। ਪ੍ਰਾਈਵੇਟ ਸਕੂਲਾਂ ਦੇ 73 ਹਜ਼ਾਰ 415 ’ਚੋਂ 72 ਹਜ਼ਾਰ 908 ਵਿਦਿਆਰਥੀ ਪਾਸ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.31 ਫੀਸਦੀ ਅਤੇ ਏਡਿਡ ਸਕੂਲਾਂ ਦੇ 16 ਹਜ਼ਾਰ 224 ਵਿਦਿਆਰਥੀਆਂ ’ਚੋਂ 15 ਹਜ਼ਾਰ 698 ਪਾਸ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.76 ਫੀਸਦੀ ਹੈ।

ਉਨ੍ਹਾਂ ਦੱਸਿਆ ਕਿ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਅਗਲੇ ਦਿਨ 1 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ਉੱਤੇ ਦੇਖ ਸਕਦੇ ਹਨ। ਇਸ ਮੌਕੇ ਬੋਰਡ ਦੇ ਸਕੱਤਰ ਅਵਿਕੇਸ ਗੁਪਤਾ, ਉਪ ਸਕੱਤਰ ਮਨਮੀਤ ਸਿੰਘ ਭੱਠਲ, ਸਹਾਇਕ ਸਕੱਤਰ ਗੁਰਪ੍ਰੇਮ ਸਿੰਘ ਅਤੇ ਰਵਜੀਤ ਕੌਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…