ਸਿੱਖਿਆ ਮੰਤਰੀ ਵੱਲੋਂ ਹੁਸ਼ਿਆਰਪੁਰ ਵਿੱਚ ਵਾਪਰੇ ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਤੋਂ ਸਮੁੱਚੇ ਮਾਮਲੇ ਦੀ ਰਿਪੋਰਟ ਮੰਗੀ, ਜ਼ਖ਼ਮੀਆਂ ਦੀ ਸੰਭਾਲ ਦੇ ਨਿਰਦੇਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਅਪਰੈਲ:
ਹੁਸ਼ਿਆਰਪੁਰ ਵਿਖੇ ਪ੍ਰਾਈਵੇਟ ਸਕੂਲ ਦੀ ਇਕ ਬੱਸ ਨਾਲ ਵਾਪਰੇ ਸੜਕ ਹਾਦਸੇ ਵਿੱਚ ਮਾਰੇ ਗਏ ਤਿੰਨ ਵਿਦਿਆਰਥੀਆਂ ਅਤੇ ਇਕ ਡਰਾਈਵਰ ਦੇ ਦੇਹਾਂਤ ’ਤੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਡੂੰਘੇ ਦੱੁਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮਾਮਲੇ ਸਬੰਧੀ ਸਿੱਖਿਆ ਮੰਤਰੀ ਨੇ ਜ਼ਿਲਾ ਸਿੱਖਿਆ ਅਧਿਕਾਰੀ ਹੁਸ਼ਿਆਰਪੁਰ ਤੋਂ ਇਸ ਸਬੰਧੀ ਪੂਰੀ ਰਿਪੋਰਟ ਮੰਗ ਲਈ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਕੂਲੀ ਬੱਚਿਆਂ ਵਾਲੀ ਬੱਸ ਨਾਲ ਵਾਪਰਿਆ ਹਾਦਸਾ ਬਹੁਤ ਅਸਹਿ ਤੇ ਅਕਹਿ ਹੈ ਅਤੇ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਨਿੱਜੀ ਤੌਰ ’ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਸਾਂਝੀ ਕਰਦਿਆਂ ਕਿਹਾ ਕਿ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਜ਼ਖਮੀ ਵਿਦਿਆਰਥੀਆਂ ਦੀ ਜਲਦ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਜ਼ਖਮੀਆਂ ਦਾ ਇਲਾਜ ਪੰਜਾਬ ਸਰਕਾਰ ਤਰਫੋਂ ਮੁਫਤ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਸਿੱਖਿਆ ਅਧਿਕਾਰੀ ਹੁਸ਼ਿਆਰਪੁਰ ਤੋਂ ਜਿੱਥੇ ਇਸ ਦੁਖਦ ਹਾਦਸੇ ਦੀ ਮੁਕੰਮਲ ਰਿਪੋਰਟ ਮੰਗੀ ਹੈ ਉਥੇ ਇਹ ਵੀ ਕਿਹਾ ਗਿਆ ਹੈ ਕਿ ਜ਼ਖਮੀਆਂ ਦੀ ਸੰਭਾਲ ਕੀਤੀ ਜਾਵੇ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇ। ਸ੍ਰੀਮਤੀ ਚੌਧਰੀ ਨੇ ਇਹ ਵੀ ਕਿਹਾ ਕਿ ਉਹ ਸਮੂਹ ਡੀ.ਈ.ਓਜ਼ ਨੂੰ ਇਹ ਨਿਰਦੇਸ਼ ਵੀ ਦੇਣਗੇ ਕਿ ਉਹ ਆਪੋ-ਆਪਣੇ ਸਬੰਧਤ ਜ਼ਿਲ੍ਹਿਆਂ ਦੇ ਸਕੂਲ ਪ੍ਰਬੰਧਕਾਂ ਨੂੰ ਇਹ ਹਦਾਇਤਾਂ ਕਰਨ ਕਿ ਸਕੂਲੀ ਵਿਦਿਆਰਥੀਆਂ ਵਾਲੀਆਂ ਬੱਸਾਂ ਨੂੰ ਸਾਵਧਾਨੀ ਨਾਲ ਚਲਾਉਣ ਅਤੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਪੀਡ ’ਤੇ ਵੀ ਕੰਟਰੋਲ ਕਰਨ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਸਿੰਘਪੁਰ ਨੇੜੇ ਕੈਬ੍ਰਿਜ ਇੰਟਰੈਨਸ਼ਨਲ ਪਬਲਿਕ ਸਕੂਲ ਦਸੂਹਾ ਦੀ ਬੱਸ ਦਾ ਮਹਿੰਦਰਾ ਬਲੈਰੋ ਕੈਂਟਰ ਨਾਲ ਟੱਕਰ ਹੋਣ ਕਰ ਕੇ ਹਾਦਸਾ ਵਾਪਰ ਗਿਆ ਜਿਸ ਵਿੱਚ ਤਿੰਨ ਵਿਦਿਆਰਥੀਆਂ ਸੁਰਭੀ, ਅਨਿਰੁੱਧ ਤੇ ਤਨਿਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। 13 ਵਿਦਿਆਰਥੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ 4 ਨੂੰ ਸ਼ਿਵਮ ਹਸਪਤਾਲ ਹੁਸਿਆਰਪੁਰ ਵਿਖੇ ਰੈਫਰ ਕੀਤਾ ਗਿਆ। ਇਨ੍ਹਾਂ ਵਿੱਚੋਂ ਇਕ ਦੀ ਹਾਲਤ ਨਾਜ਼ੁਕ ਹੈ। 9 ਵਿਦਿਆਰਥੀ ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਸਿਵਲ ਹਸਪਤਾਲ ਵਿਖੇ ਦਾਖਲ ਹਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…