Share on Facebook Share on Twitter Share on Google+ Share on Pinterest Share on Linkedin ਸਿੱਖਿਆ ਮੰਤਰੀ ਵੱਲੋਂ ਪੰਜਾਬ ਭਰ ਦੇ ਸਕੂਲਾਂ ਵਿੱਚ ਅਧਿਆਪਕਾਂ ਦੇ ਡੈਪੂਟੇਸ਼ਨ ਰੱਦ ਕੋਈ ਵੀ ਅਧਿਆਪਕ ਜਾਂ ਕਰਮਚਾਰੀ ਜਿਸ ਸਕੂਲ ’ਚੋਂ ਤਨਖਾਹ ਲੈ ਰਿਹਾ ਹੈ, ਉਥੇ ਹੀ ਡਿਊਟੀ ਨਿਭਾਏਗਾ: ਅਰੁਨਾ ਚੌਧਰੀ ਕੋਈ ਵੀ ਅਧਿਆਪਕ ਡੈਪੂਟੇਸ਼ਨ ’ਤੇ ਨਾ ਹੋਵੇ, ਸਕੂਲ ਮੁਖੀ ਦੀ ਤੈਅ ਕੀਤੀ ਜਵਾਬਦੇਹੀ: ਅਤਿਅੰਤ ਲੋੜੀਂਦੇ ਕੇਸ ਵਿੱਚ ਵਾਧੂ ਚਾਰਜ ਜਾਂ ਡੈਪੂਟੇਸ਼ਨ ਕਰਨ ਲਈ ਡੀਪੀਆਈ ਤੋਂ ਪ੍ਰਵਾਨਗੀ ਹੋਵੇਗਾ ਲਾਜ਼ਮੀ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਅਪਰੈਲ: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਟਾਫ ਦੀ ਸੁਚੱਜੀ ਵਰਤੋਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਸੂਬੇ ਭਰ ਦੇ ਕਿਸੇ ਵੀ ਸਕੂਲ ਵਿੱਚ ਕੀਤੇ ਕਿਸੇ ਵੀ ਅਧਿਆਪਕ/ਕਰਮਚਾਰੀ ਦੇ ਡੈਪੂਟੇਸ਼ਨ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦਾ ਫੈਸਲਾ ਕੀਤਾ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਅਧਿਆਪਕਾਂ ਦੇ ਆਰਜ਼ੀ ਪ੍ਰਬੰਧਾਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਅਤੇ ਇਹ ਬਹੁਤ ਗੰਭੀਰ ਮਸਲਾ ਸੀ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਦੀ ਕੀਤੇ ਡੈਪੂਟੇਸ਼ਨ ਰੱਦ ਕਰ ਕੇ ਸਬੰਧਤ ਅਧਿਆਪਕ ਨੂੰ ਉਨ੍ਹਾਂ ਦੀ ਪੱਕੇ ਤਾਇਨਾਤੀ ਵਾਲੇ ਸਕੂਲ ਵਿੱਚ ਭੇਜਣ। ਇਸ ਦੇ ਨਾਲ ਹੀ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਕੰਮ ਕਰਦੇ ਸਟਾਫ ਦੀ ਤਨਖਾਹ ਕਢਵਾਉਣ ਅਤੇ ਵੰਡਣ ਵੇਲੇ ਇਹ ਯਕੀਨੀ ਬਣਾਉਣਗੇ ਕਿ ਇਥੋਂ ਕੋਈ ਵੀ ਅਧਿਕਾਰੀ/ਕਰਮਚਾਰੀ ਡੈਪੂਟੇਸ਼ਨ ’ਤੇ ਨਹੀਂ ਗਿਆ ਹੋਇਆ। ਇਸ ਸਬੰਧੀ ਜੇਕਰ ਕਿਸੇ ਕਿਸਮ ਦੀ ਅਣਗਹਿਲੀ ਧਿਆਨ ਵਿੱਚ ਆਉਂਦੀ ਹੈ ਤਾਂ ਸਾਰੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ। ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਸੂਬੇ ਦੇ ਕਈ ਸਕੂਲਾਂ ਵਿੱਚ ਅਧਿਆਪਕ/ਕਰਮਚਾਰੀ ਡੈਪੂਟੇਸ਼ਨ ’ਤੇ ਬੈਠੇ ਹਨ ਜਿਸ ਕਾਰਨ ਅਜਿਹੇ ਅਧਿਆਪਕਾਂ ਦੇ ਪੱਕੇ ਤਾਇਨਾਤੀ ਵਾਲੇ ਸਕੂਲ ਵਿੱਚ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਜੇਕਰ ਕਿਸੇ ਅਤਿਅੰਤ ਲੋੜੀਂਦੇ ਕੇਸ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਅਧਿਆਪਕ ਨੂੰ ਲੋੜ ਅਨੁਸਾਰ ਵਾਧੂ ਡਿਊਟੀ ਜਾਂ ਡੈਪੂਟੇਸ਼ਨ ’ਤੇ ਭੇਜਣਾ ਹੈ ਤਾਂ ਇਸ ਬਾਰੇ ਸਬੰਧਤ ਡੀ.ਪੀ.ਆਈ. ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ