nabaz-e-punjab.com

ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਦੀਆਂ ਤਰੀਕਾਂ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਹਿ-ਵਿੱਦਿਅਕ ਮੁਕਾਬਲਿਆਂ ਦੀਆਂ ਤਰੀਕਾਂ ਦਾ ਸ਼ਡਿਊਲ ਤੈਅ ਕਰ ਦਿੱਤਾ ਗਿਆ ਹੈ। ਇਹ ਮੁਕਾਬਲੇ ਅਗਸਤ ਵਿੱਚ ਸ਼ੁਰੂ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਦੱਸਿਆ ਕਿ ਇਸ ਸਾਲ ਦੇ ਵਿੱਦਿਅਕ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਭੰਗੜਾ, ਗਿੱਧਾ, ਲੋਕ ਨਾਚ, ਰਿਵਾਇਤੀ ਗੀਤ ਅਤੇ ਸੋਲੋ ਡਾਂਸ ਆਦਿ ਨੂੰ ਛੱਡ ਕੇ ਸ਼ਬਦ, ਵਾਰ, ਕਵੀਸ਼ਰੀ, ਕਵਿਤਾ, ਗੀਤ, ਸੁੰਦਰ ਲਿਖਾਈ, ਚਿੱਤਰਕਲਾ, ਨਾਟਕ, ਸ਼ਬਦ ਜੋੜ, ਭਾਸ਼ਣ, ਮੌਲਿਕ ਲਿਖਤ, ਆਮ ਗਿਆਨ ਅਤੇ ਗਤਕਾ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਭਾਸ਼ਣ, ਲਿਖਤਾਂ ਆਦਿ ਦਾ ਮਜ਼ਮੂਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਫ਼ਲਸਫ਼ੇ ਨਾਲ ਸਬੰਧਤ ਹੋਣਗੇ। ਵਾਈਸ ਚੇਅਰਮੈਨ ਨੇ ਦੱਸਿਆ ਕਿ ਇਹ ਵਿੱਦਿਅਕ ਮੁਕਾਬਲੇ ਦੋ ਰੂਟਾਂ ਵਿੱਚ ਕਰਵਾਏ ਜਾ ਰਹੇ ਹਨ। ਪਹਿਲੇ ਰੂਟ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ 20 ਅਗਸਤ ਤੋਂ 22 ਅਗਸਤ ਤੱਕ ਬਠਿੰਡਾ, ਪਟਿਆਲਾ, ਜਲੰਧਰ, ਫ਼ਾਜ਼ਿਲਕਾ, ਸ਼ਹੀਦ ਭਗਤ ਸਿੰਘ ਨਗਰ, ਫ਼ਿਰੋਜ਼ਪੁਰ, ਰੂਪਨਗਰ, ਬਰਨਾਲਾ, ਪਠਾਨਕੋਟ, ਮਾਨਸਾ ਤੇ ਲੁਧਿਆਣਾ ਅਤੇ ਦੂਜੇ ਰੂਟ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 27 ਤੋਂ 29 ਅਗਸਤ ਤੱਕ ਐਸ.ਏ.ਐਸ. ਨਗਰ (ਮੁਹਾਲੀ), ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫ਼ਤਹਿਗੜ੍ਹ ਸਾਹਿਬ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਸੰਗਰੂਰ ਵਿਖੇ ਕਰਵਾਏ ਜਾਣੇ ਹਨ। ਇਸੇ ਤਰਾਂ ਖੇਤਰੀ ਪੱਧਰ ਦੇ ਵਿੱਦਿਅਕ ਮੁਕਾਬਲਿਆਂ ਦਾ ਪਹਿਲਾ ਰੂਟ ਅੰਮ੍ਰਿਤਸਰ ਅਤੇ ਜਲੰਧਰ ਖੇਤਰ ਵਿੱਚ 17 ਤੋਂ 19 ਸਤੰਬਰ ਤੱਕ ਹੋਵੇਗਾ ਤੇ ਦੂਜਾ ਰੂਟ ਬਠਿੰਡਾ ਅਤੇ ਸੰਗਰੂਰ ਖੇਤਰ ਵਿੱਚ 25 ਤੋਂ 27 ਸਤੰਬਰ ਤੱਕ ਹੋਵੇਗਾ।
ਸ੍ਰੀ ਸਚਦੇਵਾ ਨੇ ਤਫ਼ਸੀਲ ਦਿੰਦਿਆਂ ਕਿਹਾ ਕਿ ਚਿੱਤਰਕਲਾ ਅਤੇ ਭਾਸ਼ਣ ਲਈ ਸਿਰਲੇਖ ਪਹਿਲਾਂ ਬੋਰਡ ਦਫ਼ਤਰ ਵੱਲੋਂ ਦਿੱਤੇ ਜਾਂਦੇ ਸਨ ਪਰ ਇਸ ਵਾਰ ਵਿਦਿਆਰਥੀਆਂ ਨੂੰ ਖ਼ੁਦ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਫ਼ਲਸਫ਼ੇ ਨਾਲ ਸਬੰਧਤ ਸਿਰਲੇਖ ਤਿਆਰ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਵਿੱਦਿਅਕ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਹਦਾਇਤ ਵਜੋਂ ਬੋਰਡ ਦੇ ਵਾਈਸ ਚੇਅਰਮੈਨ ਨੇ ਕਿਹਾ ਕਿ ਸ਼ਬਦ ਗਾਇਨ ਵਿੱਚ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਬਾਣੀ ਵਿਚੋਂ ਹੀ ਚੁਣੇ ਜਾਣ ਪਰ ਚਿੱਤਰਕਲਾ ਮੁਕਾਬਲਿਆਂ ਵਿੱਚ ਗੁਰੂ ਜੀ ਦੇ ਸਰੂਪ ਬਣਾਉਣ ਦੀ ਮਨਾਹੀ ਹੈ, ਪਰ ਚਿੱਤਰ ਕੇਵਲ ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ਤੇ ਆਧਾਰਿਤ ਹੀ ਬਣਾਏ ਜਾਣ।
ਸ੍ਰੀ ਬਲਦੇਵ ਸਚਦੇਵਾ ਨੇ ਪੰਜਾਬ ਰਾਜ ਦੇ ਸਮੂਹ ਸਰਕਾਰੀ, ਮਾਨਤਾ ਪ੍ਰਾਪਤ, ਐਫੀਲੀਏਟਿਡ ਸੰਸਥਾਵਾਂ ਦੇ ਮੁਖੀਆਂ ਅਤੇ ਮੁਕਾਬਲਿਆਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਅਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਮੂਹਿਕ ਅਪੀਲ ਵੀ ਕੀਤੀ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਕੋਈ ਵੀ ਅੱਖਰ, ਸ਼ਬਦ, ਗੀਤ, ਵਾਰ, ਨਾਟਕ, ਕਵਿਤਾ, ਭਾਸ਼ਣ ਆਦਿ ਵਿਵਾਦਿਤ ਨਹੀਂ ਹੋਣਾ ਚਾਹੀਦਾ ਤੇ ਵਿੱਦਿਅਕ ਮੁਕਾਬਲਿਆਂ ਵਿੱਚ ਮਰਿਆਦਾ ਦਾ ਖ਼ਾਸ ਧਿਆਨ ਰੱਖਿਆ ਜਾਵੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.com ਦੇਖੀ ਜਾਵੇ ਜਾਂ ਫ਼ੋਨ ਨੰਬਰ 9855082821, 9888022647 ਤੇ 9872685400 ’ਤੇ ਸੰਪਰਕ ਕੀਤਾ ਜਾਵੇ।

Load More Related Articles
Load More By Nabaz-e-Punjab
Load More In Education and Board

Check Also

ਸਹੁੰ ਚੁੱਕ ਸਮਾਗਮ: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ

ਸਹੁੰ ਚੁੱਕ ਸਮਾਗਮ: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ ਨਬਜ਼-ਏ…