nabaz-e-punjab.com

ਅੌਰਤਾਂ ਨੂੰ ਨਸ਼ਿਆਂ ’ਚ ਧੱਕਣ ਦਾ ਮਾਮਲਾ: ਡੀਐਸਪੀ ਦਲਜੀਤ ਢਿੱਲੋਂ ਦੇ ਪੁਲੀਸ ਰਿਮਾਂਡ ’ਚ ਵਾਧਾ

ਤਿੰਨ ਹੋਰ ਮੁਲਜ਼ਮ ਅਮਨ ਲੁਧਿਆਣਾ, ਅਸ਼ੋਕ ਕੁਮਾਰ ਕਪੂਰਥਲਾ ਤੇ ਮੁਲਾਂਪੁਰ ਦੀ ਪ੍ਰੀਤੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਵੱਲੋਂ ਅੌਰਤਾਂ ਨੂੰ ਨਸ਼ਿਆਂ ਵਿੱਚ ਧੱਕਣ ਅਤੇ ਜਬਰ ਜਨਾਹ ਦੇ ਗੰਭੀਰ ਦੋਸ਼ਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਚਰਚਿਤ ਬਰਖ਼ਾਸਤ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੂੰ ਪਹਿਲਾਂ ਦਿੱਤਾ 3 ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਮੰਗਲਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਡੀਐਸਪੀ ਨੂੰ ਮੁੜ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਢਿੱਲੋਂ ਦੇ ਖ਼ਿਲਾਫ਼ ਸਟੇਟ ਕਰਾਈਮ ਥਾਣਾ ਫੇਜ਼-4 ਵਿੱਚ ਐਨਡੀਪੀਐਸ ਅਤੇ ਹੋਰ ਵੱਖ ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਹੋਰ ਮੁਲਜ਼ਮ ਅਮਨ ਲੁਧਿਆਣਾ, ਅਸ਼ੋਕ ਕੁਮਾਰ ਕਪੂਰਥਲਾ ਅਤੇ ਮੁਲਾਂਪੁਰ ਦੀ ਲੜਕੀ ਪ੍ਰੀਤੀ ਫਿਲਹਾਲ ਪੁਲੀਸ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਦੀ ਭਾਲ ਵਿੱਚ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਡੀਐਸਪੀ ਦੇ ਖ਼ਿਲਾਫ਼ ਇੱਕ ਹੋਰ ਲੜਕੀ ਸਾਹਮਣੇ ਆਈ ਹੈ। ਜਿਸ ਨੇ ਉਸ ਨਾਲ ਜਬਰ ਜਨਾਹ ਦਾ ਦੋਸ਼ ਲਾਇਆ ਹੈ।
ਸਟੇਟ ਕਰਾਈਮ ਵਿੰਗ ਦੇ ਏਆਈਜੀ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਮਾਮਲੇ ਦੇ ਵੱਖ ਵੱਖ ਪਹਿਲੂਆਂ ਬਾਰੇ ਡੂੰਘਾਈ ਨਾਲ ਜਾਂਚ ਪੜਤਾਲ ਕਰਨ ਲਈ ਡੀਐਸਪੀ ਢਿੱਲੋਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਹੋਰ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਡੀਐਸਪੀ ਕੋਲੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਜਿਸ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਉਹ ਲੜਕੀਆਂ ਨਾਲ ਗੱਲਬਾਤ ਕਰਨ ਲਈ ਵਰਤਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਇਸ ਮਾਮਲੇ ਵਿੱਚ ਫਰਾਰ ਤਿੰਨ ਮੁਲਜ਼ਮਾਂ ਅਮਨ ਲੁਧਿਆਣਾ, ਅਸ਼ੋਕ ਕੁਮਾਰ ਕਪੂਰਥਲਾ ਅਤੇ ਲੜਕੀ ਪ੍ਰੀਤੀ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ ਬਾਰੇ ਪੁੱਛਗਿੱਛ ਕਰਨੀ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਕਰਨਾ ਹੈ ਕਿ ਉਹ (ਡੀਐਸਪੀ) ਨਸ਼ਿਆਂ ਦੀ ਸਪਲਾਈ ਕਿੱਥੋ ਲੈ ਕੇ ਆਉਂਦਾ ਹੈ ਅਤੇ ਇਸ ਗੋਰਖਧੰਦੇ ਵਿੱਚ ਹੋਰ ਕਿਹੜੇ ਅਧਿਕਾਰੀ ਅਤੇ ਲੋਕ ਸ਼ਾਮਲ ਹਨ।
ਉਧਰ, ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਡੀਐਸਪੀ ਢਿੱਲੋਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ। ਡੀਐਸਪੀ ਪਿਛਲੇ ਹਫ਼ਤੇ ਤੋਂ ਪੁਲੀਸ ਹਿਰਾਸਤ ਵਿੱਚ ਹੈ ਅਤੇ ਪੁਲੀਸ ਲੋੜੀਂਦੀ ਪੁੱਛਗਿੱਛ ਕਰ ਚੁੱਕੀ ਹੈ। ਲਿਹਾਜ਼ਾ ਢਿੱਲੋਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਜਾਵੇ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਰਖ਼ਾਸਤ ਡੀਐਸਪੀ ਨੂੰ ਮੁੜ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …