ਵਿਵਾਦਿਤ ਕਿਤਾਬ: ਸਿੱਖ ਜਥੇਬੰਦੀਆਂ ਤੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮਾਰਚ

ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਿਰੁੱਧ ਸਿੱਖਿਆ ਬੋਰਡ ਦੇ ਬਾਹਰ ਧਰਨਾ 9ਵੇਂ ਦਿਨ ’ਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਵਿਵਾਦਿਤ ਇਤਿਹਾਸ ਦੀ ਕਿਤਾਬ ਪੜਾਉਣ ਦਾ ਮਾਮਲਾ ਠੱਲ੍ਹਣ ਦਾ ਨਾਮ ਨਹੀਂ ਲੈ ਲਿਆ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਸਮੇਤ ਸਿੱਖ ਜਥੇਬੰਦੀਆਂ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁਨਾਂ ਨੇ ਅੱਜ ਮੁਹਾਲੀ ਵਿੱਚ ਵਿਸ਼ਾਲ ਰੋਸ ਮਾਰਚ ਕੀਤਾ। ਉਧਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਅੱਜ ਨੌਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਜਥੇਦਾਰ ਸਿਰਸਾ ਨੇ ਦੱਸਿਆ ਕਿ ਕਿਤਾਬ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਹੈ ਕਿ ਉਨ੍ਹਾਂ ਨੇ ਕਿਸੇ ਵੀ ਹਿੰਦੂ ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ, ਨਾ ਹੀ ਕੋਈ ਨਵੀਂ ਸੰਸਥਾ ਚਲਾਈ, ਨਾ ਹੀ ਕਿਸੇ ਵੱਖਰੇ ਧਰਮ ਦੀ ਸਥਾਪਨਾ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦੇ ਅਤੇ ਹਿੰਦੂ ਮੱਤ ਦੇ ਵਿਚਾਰਾਂ ਵਿੱਚ ਕੋਈ ਅੰਤਰ ਹੈ। ਲੇਖਕ ਵੱਲੋਂ ਸਿੱਟਾ ਕੱਢਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ ਧਰਮ ਦੇ ਹੀ ਪ੍ਰਚਾਰਕ ਸਨ। ਕਿਤਾਬ ਵਿੱਚ ਗੁਰੂ ਤੇਗ਼ ਬਹਾਦਰ ਬਾਰੇ ਪੰਨਾ ਨੰਬਰ 113 ਉੱਤੇ ਲਿਖਿਆ ਹੈ ਕਿ ਹਿੰਦ ਦੀ ਚਾਦਰ ਨੂੰ ਧਾਰਮਿਕ ਕਾਰਨਾਂ ਕਰਕੇ ਸ਼ਹੀਦ ਨਹੀਂ ਸੀ ਕੀਤਾ ਗਿਆ ਸਗੋਂ ਉਹ ਇਕ ਰਾਜਸੀ ਵਿਦਰੋਹੀ ਸਨ। ਇੰਜ ਹੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ ਬਹੁਤ ਘਟੀਆ ਦਰਜੇ ਦੀ ਸ਼ਬਦਾਵਲੀ ਵਰਤੀ ਗਈ ਹੈ। ਬੰਦਾ ਸਿੰਘ ਬਹਾਦਰ ਨੂੰ ਮਜ਼ਲੂਮਾਂ ਦਾ ਖੂਨ ਚੂਸਣ ਵਾਲਾ, ਅੌਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਇਕ ਰਾਖ਼ਸ਼ਿਸ਼ ਦੱਸਿਆ ਗਿਆ ਹੈ।
ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਸਿੱਖਿਆ ਬੋਰਡ, ਪੰਜਾਬ ਸਰਕਾਰ ਅਤੇ ਪੁਲੀਸ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਹੁਣ ਤੱਕ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਕਤ ਕਿਤਾਬ ਵਿੱਚ ਗੁਰੂ ਸਾਹਿਬਾਨਾਂ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਕਿਤਾਬ ਧੜੱਲੇ ਨਾਲ ਮਾਰਕੀਟ ਵਿੱਚ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਲੇਖਕ ਅਤੇ ਪਬਲਿਸ਼ਰ ਵਿਰੁੱਧ ਅਪਰਾਧਿਕ ਪਰਚਾ ਦਰਜ ਕਰਨ ਦੀ ਬਜਾਏ ਖਾਨਾਪੂਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਤਹਾਸ ਦੀ ਇਸ ਵਿਵਾਦਿਤ ਕਿਤਾਬ ’ਚੋਂ ਇਤਰਾਜ਼ਯੋਗ ਤੱਥ ਹਟਾਏ ਜਾਣ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਢੁੱਕਵੀਆਂ ਸਜ਼ਾਵਾਂ ਦਿੱਤੀਆਂ ਜਾਣ।
ਇਸ ਮੌਕੇ ਬਾਬਾ ਲਾਭ ਸਿੰਘ, ਗੁਰਜੰਟ ਸਿੰਘ ਖਾਲਸਾ ਕਰਨਾਲ, ਗੁਰਦਿੱਤ ਸਿੰਘ ਪਾਣੀਪਤ, ਇੰਦਰਜੀਤ ਸਿੰਘ ਹਨੂਮਾਨਗੜ੍ਹ, ਬਲਜੀਤ ਸਿੰਘ ਖਾਲਸਾ, ਗੁਰਵਿੰਦਰ ਸਿੰਘ ਭੰਗੂ, ਕਿਸਾਨ ਯੂਨੀਅਨ (ਖੋਸਾ) ਦੇ ਆਗੂ ਦਲਵਿੰਦਰ ਸਿੰਘ ਪੰਜੋਲਾ, ਗਨਾਨ ਚੌਧਰੀ ਮੱਧ ਪ੍ਰਦੇਸ਼, ਰਜਿੰਦਰ ਸਿੰਘ ਬਾਲੀ, ਡਾ. ਇਕਬਾਲ ਸਿੰਘ, ਨਸੀਬ ਸਿੰਘ ਮਰਾਣਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਅਤੇ ਬੀਬੀਆਂ ਨੇ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ।

Load More Related Articles
Load More By Nabaz-e-Punjab
Load More In Protest

Check Also

ਮਹਿਲਾ ਕਾਂਗਰਸ ਵੱਲੋਂ ਅੌਰਤਾਂ ਦੀ ਸੁਰੱਖਿਆ ਦੇ ਮੁੱਦੇ ’ਤੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਮਹਿਲਾ ਕਾਂਗਰਸ ਵੱਲੋਂ ਅੌਰਤਾਂ ਦੀ ਸੁਰੱਖਿਆ ਦੇ ਮੁੱਦੇ ’ਤੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਨਬਜ਼-ਏ-ਪੰਜਾਬ…