Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਭ੍ਰਿਸ਼ਟਾਚਾਰੀ ਵਿਰੁੱਧ ਤਿੰਨ ਦਿਨਾਂ ਵਿੱਚ ਦੋਸ਼ ਪੱਤਰ ਦਾਇਰ ਕਰਨ ਦਾ ਸਮਾਂ ਕੀਤਾ ਨਿਰਧਾਰਿਤ, ਰਿਸ਼ਵਤਖੋਰਾ ਦੀ ਨੀਂਦ ਉੱਡੀ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਮਾਰਚ: ਪੰਜਾਬ ਵਿੱਚ ਪਾਰਦਰਸ਼ੀ ਅਤੇ ਮਿਆਰੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਕਰੜੀ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਾਨੂੰਨੀ ਵਿਵਸਥਾ ਯਕੀਨੀ ਬਣਾਉਣ ਤੋਂ ਇਲਾਵਾ ਭ੍ਰਿਸ਼ਟਾਚਾਰ ਵਿਰੁੱਧ ਤਿੰਨ ਦਿਨਾਂ ਵਿੱਚ ਚਾਰਜਸ਼ੀਟ ਦਾਇਰ ਕਰਨ ਦਾ ਸਮਾਂ ਨਿਰਧਾਰਤ ਕੀਤਾ ਹੈ। ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਯਮਾਂ ਅਤੇ ਸੰਵਿਧਾਨਕ ਤਰੀਕਿਆਂ ਨਾਲ ਆਪਣਾ ਕੰਮ ਕਰਨ ਲਈ ਆਖਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਨਿਗਰਾਨੀ ਰੱਖਣ ਲਈ ਡਿਜ਼ੀਟਲ ਪ੍ਰਣਾਲੀ ਵਰਤਣ ਲਈ ਅਪੀਲ ਕੀਤੀ ਹੈ। ਭ੍ਰਿਸ਼ਟਾਚਾਰ ਵਿਰੁੱਧ ਤੇਜ਼ੀ ਨਾਲ ਅਤੇ ਫੈਸਲਾਕੁੰਨ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਤਿੰਨ ਦਿਨਾਂ ਦੇ ਅੰਦਰ ਇਹਨਾਂ ਨੂੰ ਨੋਟਿਸ ਜਾਰੀ ਕਰਕੇ ਚਾਰਜਸ਼ੀਟ ਦਾਇਰ ਕਰਨ ਲਈ ਆਖਿਆ ਹੈ। ਹਰੇਕ ਧਿਰ ਦੀ ਗੱਲ ਨਿਰਪੱਖਤਾ ਨਾਲ ਸੁਣਨ ਅਤੇ ਢੁਕਵਾਂ ਤਰੀਕਾ ਅਪਨਾਉਣ ਦਾ ਹੁਕਮ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਆਪਣੇ ਜੂਨੀਅਰ ਅਧਿਕਾਰੀਆਂ ਦੇ ਕਾਰਜਾਂ ’ਤੇ ਨਿਗਰਾਨੀ ਰੱਖਣ ਦੇ ਵੀ ਨਿਰਦੇਸ਼ ਦਿੱਤੇ ਹਨ ਅਤੇ ਇਸੇ ਦੌਰਾਨ ਹੀ ਉਹਨਾਂ ਨੂੰ ਆਪਣੇ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਕਰਨ ਲਈ ਕਿਹਾ ਹੈ। ਸਰਕਾਰੀ ਮੁਲਾਜ਼ਮਾਂ ਦੀ ਭਲਾਈ ਅਤੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸੁਧਾਰ ਲਿਆਉਣ ਵਾਸਤੇ ਵੱਖ-ਵੱਖ ਕਦਮ ਚੁੱਕਣ ਲਈ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਲਏ ਗਏ ਫੈਸਲੇ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਆਸ ਕਰਦੇ ਹਨ ਕਿ ਸਾਰੇ ਜ਼ਿਲ੍ਹਾ ਅਧਿਕਾਰੀ ਤੁਰੰਤ ਕਾਰਵਾਈ ਸ਼ੁਰੂ ਕਰਨ ਅਤੇ ਤੇਜ਼ੀ ਨਾਲ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣਗੇ। ਉਹਨਾਂ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਸਬੰਧ ਵਿੱਚ ਇਹ ਤਬਦੀਲੀ ਇਕਦਮ ਦਿਸਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਲੋਕਾਂ ਨਾਲ ਸਿੱਧਾ ਰਾਬਤਾ ਰੱਖਣ ਵਾਲੇ ਮੁੱਖ ਸੱਤ ਅਧਿਕਾਰੀਆਂ ਨੂੰ ਆਪਣੇ ਕੰਮਕਾਜ ਕਰਨ ਦੇ ਤੌਰ ਤਰੀਕਿਆਂ ਵਿੱਚ ਸੁਧਾਰ ਲਿਆਉਣ ਅਤੇ ਇਹਨਾਂ ਨੂੰ ਲੋਕ ਪੱਖੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਵਿੱਚ ਸਬ-ਰਜਿਸਟਰਾਰ, ਤਹਿਸੀਲ, ਸਬ ਡਵੀਜ਼ਨ, ਟਰਾਂਸਪੋਰਟ, ਖੁਰਾਕ ਤੇ ਸਿਵਲ ਸਪਲਾਈ, ਪੁਲੀਸ ਸਟੇਸ਼ਨ ਅਤੇ ਪਾਵਰਕੌਮ ਦੇ ਅਧਿਕਾਰੀ ਸ਼ਾਮਲ ਹਨ। ਉਹਨਾਂ ਨੇ ਅਧਿਕਾਰੀਆਂ ਨੂੰ ਹਰੇਕ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਦਫ਼ਤਰ ਵਿੱਚ ਹਾਜ਼ਰ ਰਹਿਣ ਅਤੇ ਦੌਰੇ ’ਤੇ ਹੋਣ ਦੀ ਸੂਰਤ ਵਿੱਚ ਇਸ ਦੀ ਸੂਚਨਾ ਵੈਬਸਾਈਟ ਅਤੇ ਨੋਟਿਸ ਬੋਰਡ ’ਤੇ ਲਿਖਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਲਣ ਦਾ ਸਮਾਂ ਨਿਸ਼ਚਤ ਹੋਣਾ ਚਾਹੀਦਾ ਹੈ ਅਤੇ ਮਿਲਣ ਲਈ ਫੋਨ ਜਾਂ ਵੈਬ ’ਤੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਸਾਰੀਆਂ ਅਰਜ਼ੀਆਂ ਦੀ ਸਕੈਨਿੰਗ ਅਤੇ ਇਸ ਦਾ ਰਿਕਾਰਡ ਕੰਪਿਊਟਰ ਉਪਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਜਵਾਬ ਤੁਰੰਤ ਈ-ਮੇਲ, ਐਸ.ਐਮ.ਐਸ. ਜਾਂ ਡਾਕ ਰਾਹੀਂ ਭੇਜਿਆ ਜਾਣਾ ਚਾਹੀਦਾ ਹੈ ਅਤੇ ਸਮੇਂ ਦੀ ਸੀਮਾ ਆਰ.ਟੀ.ਐਸ. ਐਕਟ ਦੇ ਅਨੁਸਾਰ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੀਆਂ ਰਜਿਸਟਰੀਆਂ ਉਸੇ ਦਿਨ ਹੀ ਹੋਣੀਆਂ ਚਾਹੀਦੀਆਂ ਹਨ ਅਤੇ ਜੇ ਕੋਈ ਰਜਿਸਟਰੀ ਕਰਨ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਲਿਖਤੀ ਰੂਪ ਵਿੱਚ ਰਿਕਾਰਡ ’ਤੇ ਲਿਆਂਦਾ ਜਾਵੇ। ਸਾਰੇ ਇੰਤਕਾਲ ਸੱਤ ਦਿਨਾਂ ਦੇ ਅੰਦਰ ਹੋਣੇ ਚਾਹੀਦੇ ਹਨ ਅਤੇ ਇੰਤਕਾਲ ਦੀ ਅਰਜ਼ੀ ਜਿਸ ਉਪਰ ਇੰਤਕਾਲ ਕਰਾਉਣ ਵਾਲੀ ਧਿਰ ਦਾ ਪੂਰਾ ਨਾਮ ਅਤੇ ਪਤਾ ਲਿਖਿਆ ਹੋਵੇ, ਉਹ ਸਬ-ਰਜਿਸਟਰਾਰ ਵੱਲੋਂ ਉਸੇ ਦਿਨ ਹੀ ਫਰਦ ਕੇਂਦਰ ਨੂੰ ਭੇਜੀ ਜਾਣੀ ਚਾਹੀਦੀ ਹੈ। ਟਰਾਂਸਪੋਰਟ ਪ੍ਰਣਾਲੀ ਨੂੰ ਸਾਫ-ਸੁਥਰਾ ਬਣਾਉਣ ਲਈ ਮੁੱਖ ਮੰਤਰੀ ਨੇ ਸਾਰੇ ਟਰਾਂਸਪੋਰਟ ਟੈਕਸਾਂ ਦੇ ਆਨਲਾਈਨ ਭੁਗਤਾਨ ਦੇ ਹੁਕਮ ਦਿੱਤੇ ਅਤੇ ਬਕਾਏ ਦੀ ਵਸੂਲੀ ਵੀ ਕੰਪਿਊਟਰ ਅਧਾਰਿਤ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਬਿਜਲੀ ਕੁਨੈਕਸ਼ਨਾਂ ਦੀਆਂ ਸਾਰੀਆਂ ਅਰਜ਼ੀਆਂ ਆਨਲਾਈਨ ਕੀਤੀਆਂ ਜਾਣ ਅਤੇ ਲੰਬਿਤ ਪਏ ਮਾਮਲੇ ਵੈਬ ਸਾਈਟ ’ਤੇ ਪਾਏ ਜਾਣ ਅਤੇ ਇਹਨਾਂ ਦੀ ਨਿਗਰਾਨੀ ਡਿਪਟੀ ਕਮਿਸ਼ਨਰਾਂ ਵਲੋਂ ਕੀਤੀ ਜਾਵੇ। ਸੂਬੇ ਦੇ ਲੋਕਾਂ ਨੂੰ ਪੂਰਾ ਮਾਣ-ਸਤਿਕਾਰ ਦੇਣ ਲਈ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਲੋਕਾਂ ਲਈ ਬੈਠਣ ਦਾ ਚੰਗਾ ਪ੍ਰਬੰਧ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ। ਫਾਰਮਾਂ ਅਤੇ ਅਰਜ਼ੀਆਂ ਨੂੰ ਭਰਨ ਲਈ ਸਹਾਇਤਾ ਮੁਹੱਈਆ ਕਰਵਾਉਣ ਵਾਸਤੇ ਕਾਉਂਟਰ ਬਣਾਉਣ ਤੋਂ ਇਲਾਵਾ ਲੋਕਾਂ ਲਈ ਸੂਚਨਾ ਸਬੰਧੀ ਬੋਰਡ ਅਤੇ ਪੈਫਲੈਂਟ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਕਾਰਜਾਂ ਸਬੰਧੀ ਸੂਚਨਾ ਐਸ.ਐਮ.ਐਸ ਰਾਹੀਂ ਦੇਣ ਦੇ ਨਿਰਦੇਸ਼ ਦਿੱਤੇ। ਲੋਕਾਂ ਪ੍ਰਤੀ ਨਰਮੀ ਅਤੇ ਸਨੇਹਪੂਰਵਕ ਵਤੀਰਾ ਰੱਖਣ ਦੀ ਅਪੀਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੂੰ ਕਰਦਾਤਿਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ