Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਦਾ ਹਕਾਰਤ ਭਰਿਆ ਸ਼ੋਹਦਾ ਬਿਆਨ: ਕੈਨੇਡਾ ਦੇ ਰੱਖਿਆ ਮੰਤਰੀ ਨੂੰ ਨਾ ਮਿਲਣਾ ਨਹਾਇਤ ਅਫ਼ਸੋਸਨਾਕ: ਬੀਰ ਦਵਿੰਦਰ ਸਿੰਘ ਵਿਦੇਸ਼ੀ ਮੁਲਕ ਦੀ ਰਾਜਨੀਤੀ ਵਿੱਚ ਪੰਜਾਬੀਆਂ ਤੇ ਸਿੱਖਾਂ ਦੀ ਵੱਡੀ ਭੂਮਿਕਾ ਮਾਣ ਵਾਲੀ ਗੱਲ: ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਅਪਰੈਲ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਕਾਰਤ ਭਰਿਆ ਸ਼ੋਹਦਾ ਬਿਆਨ ਕਿ ਉਹ ਕੈਨੇਡਾ ਦੇ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਨੂੰ ਉਨ੍ਹਾਂ ਦੇ ਭਾਰਤ ਦੌਰੇ ਸਮੇਂ ਨਹੀਂ ਮਿਲਣਗੇ, ਨਹਾਇਤ ਅਫ਼ਸੋਸਨਾਕ ਤੇ ਅਤਿ ਨਿੰਦਣ ਯੋਗ ਹੈ। ਇਹ ਬਿਆਨ ਸ਼ਿਸ਼ਟਾਚਾਰ ਅਤੇ ਇਖ਼ਲਾਕ ਦੇ ਸਾਰੇ ਤਕਾਜ਼ਿਆਂ ਤੋਂ ਸੱਖਣਾ ਹੈ। ਇਹ ਵਿਚਾਰ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਉਨ੍ਹਾਂ ਦੇ ਮਨ ਵਿੱਚ ਕਨੇਡਾ ਦੀ ਟਰੂਡੋ ਸਰਕਾਰ ਦੇ ਵਿਰੁੱਧ ਰੰਜਸ਼ ਹੈ ਕਿਉਂਕਿ ਕਨੇਡਾ ਸਰਕਾਰ ਨੇ ਅਪਰੈਲ 2016 ਵਿੱਚ ਉਨ੍ਹਾ ਦੀ ਕਨੇਡਾ ਫੇਰੀ ਤੇ ਪਾਬੰਦੀ ਲਾ ਦਿੱਤੀ ਸੀ। ਪ੍ਰੰਤੂ ਅੱਜ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ, ਹੁਣ ਨਿੱਜੀ ਜਿਹੀ ਨਿਗੁਣੀ ਰੰਜਸ਼ ਨੂੰ ਦਰਕਿਨਾਰ ਕਰਕੇ, ਰਾਜ ਧਰਮ ਨਿਭਾਉਣਾਂ ਉਨ੍ਹਾਂ ਦਾ ਪਹਿਲਾ ਫ਼ਰਜ਼ ਬਣਦਾ ਹੈ। ਕੈਪਟਨ ਦੀ ਰੰਜਸ਼ ਦੀ ਵਜ੍ਹਾ ਇਹ ਹੈ ਕਿ ਇੱਕ ਜਥੇਬੰਦੀ, ਜਿਸ ਦਾ ਨਾਮ ‘ਸਿੱਖਜ਼ ਫਾਰ ਜਸਟਿਸ’ ਹੈ ਨੇ ਕਨੇਡਾ ਦੀ ਇੱਕ ਅਦਾਲਤ ਵਿੱਚ, ਕੈਪਟਨ ਅਮਰਿੰਦਰ ਸਿੰਘ ਜੋ ਉਸ ਵੇਲੇ ਪੰਜਾਬ ਕਾਂਗਰਸ ਦੇ ਪਰਧਾਨ ਸਨ, ਉਨ੍ਹਾਂ ਦੇ ਵਿਰੁੱਧ ਇੱਕ ਕੇਸ ਪਾ ਦਿੱਤਾ ਸੀ ਤੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਜੇ ਕੈਪਟਨ ਅਮਰਿੰਦਰ ਸਿੰਘ ਕਨੇਡਾ ਆ ਕੇ ਪੰਜਾਬ ਦੀਆਂ ਪ੍ਰਸਤਾਵਿਤ ਵਿਧਾਨ ਸਭਾ ਚੋਣਾ ਦੇ ਸਬੰਧ ਵਿੱਚ ਮੀਟਿੰਗਾਂ ਜਾਂ ਜਲਸੇ ਕਰਦੇ ਹਨ ਤਾਂ ਉਸ ਨਾਲ ਕਨੇਡਾ ਵਿੱਚ ਅਮਨ ਕਾਨੂੰਨ ਦੀ ਸਥਿੱਤੀ ਵਿਗੜ ਸਕਦੀ ਹੈ। ਉਜ਼ਰਦਾਰਾਂ ਨੇ ਅਦਾਲਤ ਵਿੱਚ ਪੇਸ਼ ਕੀਤੀ ਆਪਣੀ ਯਾਚਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਹਵਾਲਾ ਵੀ ਦਿੱਤਾ ਸੀ ਜਿਸ ਵਿੱਚ ਕੈਪਟਨ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ, ਸਾਲ 1984 ਵਿੱਚ ਹੋਏ ਸਿੱਖ ਵਿਰਧੀ ਦੰਗਿਆਂ ਵਿੱਚ ਉਸਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਨੂੰ ਨਿਰਦੋਸ਼ ਦੱਸਿਆ ਸੀ।ਚੇਤੇ ਰਹੇ ਕਿ ਇਸ ਬਿਆਨ ਨਾਲ ਸਭ ਸਿੱਖ ਹਿਰਦੇ ਵਲੂੰਦਰੇ ਗਏ ਸਨ ਜੋ ਪਿਛਲੇ 32 ਸਾਲਾਂ ਤੋਂ ਇਨਸਾਫ਼ ਦੂ ਗੁਹਾਰ ਲਗਾਉਂਦੇ ਦਰ-ਬ-ਦਰ ਭਟਕ ਰਹੇ ਸਨ। ਕਨੇਡਾ ਇੱਕ ਬਹੁਨਸਲੀ ਤੇ ਬਹੁਸੱਭਿਆਚਾਰੀ ਧਰਮ ਨਿਰਪੱਖ ਰਾਸ਼ਟਰ ਹੈ। ਇਸ ਦੇਸ਼ ਵਿੱਚ ਭਾਰਤੀ ਨਾਗਰਿਕ, ਖਾਸ ਕਰਕੇ ਪੰਜਾਬੀ ਅਤੇ ਸਿੱਖ ਵੱਡੀ ਗਿਣਤੀ ਵਿੱਚ ਵੱਸੇ ਹੋਏ ਹਨ। ਪੰਜਾਬੀ ਭਾਈਚਾਰਾ ਕਨੇਡਾ ਵਿੱਚ, ਹਰ ਪੱਖੋਂ ਪ੍ਰਫੁੱਲਤ ਹੋ ਰਿਹਾ ਹੈ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਭਰਾ ਸਮਾਜਿਕ ਤੇ ਆਰਥਿਕ ਤੌਰ ਤੇ ਸਮਰੱਥ ਹਨ ਅਤੇ ਕੈਨੇਡਾ ਦੇ ਵੱਡੇ-ਵੱਡੇ ਕਾਰੋਬਾਰੀ ਅਦਾਰਿਆਂ ’ਤੇ ਕਾਬਜ਼ ਹਨ। ਉੱਥੋਂ ਦੀ ਰਾਜਨੀਤੀ ਵਿੱਚ ਪੰਜਾਬੀਆਂ ਅਤੇ ਸਿੱਖਾਂ ਦੀ ਵੱਡੀ ਭੁਮਿਕਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚ, ਤਿੰਨ ਸਿੱਖ ਮੰਤਰੀ ਹਨ। ਇਹ ਪੂਰੀ ਸਿੱਖ ਕੌਮ ਅਤੇ ਪੰਜਾਬ ਲਈ ਵੱਡੇ ਗੌਰਵ ਦੀ ਗੱਲ ਹੈ ਕਿ ਕੈਨੇਡਾ ਦੀ ਸੰਘ (ਫੈਡਰਲ) ਸਰਕਾਰ ਵਿੱਚ ਸਰਦਾਰ ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ ਦੇ ਅਤੀ ਮਹੱਤਵਪੂਰਨ ਰੁਤਬੇ ਤੇ ਆਸੀਨ ਹਨ। ਜ਼ਿਕਰ ਯੋਗ ਹੈ ਕਿ ਇਹ ਮਾਣ ਉੱਤਰੀ ਅਮਰੀਕਾ ਵਿੱਚ ਕਿਸੇ ਸਿੱਖ ਨੂੰ, ਪਹਿਲੀ ਵਾਰ ਪ੍ਰਾਪਤ ਹੋਇਆ ਹੈ। ਮੇਰਾ ਮੰਨਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਹਠੀਲਾ ਰਵੱਈਆਂ, ਭਵਿੱਖ ਵਿੱਚ ਕਨੇਡਾ ਵੱਸਦੇ ਪੰਜਾਬੀਆ ਅਤੇ ਸਿੱਖਾਂ ਵਾਸਤੇ ਵੱਡੀਆਂ ਮੁਸ਼ਕਲਾਂ ਪੈਦਾ ਕਰਨ ਦਾ ਬਹਾਨਾ ਬਣ ਸਕਦਾ ਹੈ। ਉਨ੍ਹਾਂ ਨੂੰ ਤਾਂ ਪੰਜਾਬੀਆਂ ਦੇ ਵਡੇਰੇ ਹਿੱਤਾਂ ਲਈ ਲਚਕੀਲਾ ਰਵੱਈਆ ਅਪਣਾ ਕੇ, ਕੈਨੇਡਾ ਅਤੇ ਪੰਜਾਬ ਦੇ ਰਿਸ਼ਤਿਆਂ ਨੂੰ ਹੋਰ ਬਿਹਤਰ ਬਣਾਉਂਣ ਲਈ ਨਿੱਗਰ ਪਹਿਲਕਦਮੀ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੇਰਾ ਸੁਝਾਅ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਬੈਠਕ ਬੁਲਾ ਕੇ, ਉਸ ਨੂੰ ਸੰਬੋਧਨ ਕਰਨ ਲਈ ਕੈਨੇਡਾ ਦੇ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਨੂੰ ਨਿੱਘਾ ਸੱਦਾ ਦੇਣ ਤੇ ਨਾਲ ਹੀ ਪੰਜਾਬ ਵਿਧਾਨ ਸਭਾ ਵੱਲੋਂ, ਕਨੇਡਾ ਦੀ ਫੈਡਰਲ ਸਰਕਾਰ ਵਿੱਚ ਪੰਜਾਬੀਆਂ ਦੀ ਕਾਬਲੀਅਤ ਨੂੰ ਤਸਲੀਮ ਕਰਕੇ ਉਨ੍ਹਾਂ ਨੂੰ ਵਿਸ਼ਵਾਸ਼ਪਾਤਰਤਾ ਦੇ ਯੋਗ ਸਮਝਕੇ ਵੱਡੀ ਮਾਣ ਯੋਗ ਪ੍ਰਤੀਨਿੱਧਤਾ ਦੇਣ ਲਈ ਪਰਧਾਨ ਮੰਤਰੀ ਜਸਟਿਨ ਟਰੂਡੋ ਦੀ ਪ੍ਰਸੰਸਾ ਵਿੱਚ ਇੱਕ ਧੰਨਵਾਦ ਦਾ ਮਤਾ ਵੀ ਪਾਸ ਕਰਕੇ ਭੇਜਣਾ ਚਾਹੀਦਾ ਹੈ, ਤਾਂ ਕਿ ਪੂਰੇ ਵਿਸ਼ਵ ਵਿੱਚ ਇਹ ਸੰਦੇਸ਼ ਜਾਵੇ ਕਿ ਪੰਜਾਬੀ ਅਤੇ ਸਿੱਖ ਕੋਈ ਨਾਸ਼ੁਕਰਿਆਂ ਦੀ ਕੌਮ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੁਆਰਾ ਚੁਣੀ ਗਈ ਪੰਜਾਬ ਦੀ ਪਰਜਾਤੰਤਰਕ ਸਰਕਾਰ ਦੇ ਮੁੱਖ ਮੰਤਰੀ ਹਨ, ਉਹ ਕਿਸੇ ਰਿਆਸਤ ਦੇ ਮਹਾਰਾਜੇ ਦੇ ਰੂਪ ਵਿੱਚ ਨਿਰੰਕੁਸ਼ ਤਾਨਾਸ਼ਾਹ ਨਹੀਂ ਹਨ। ਉਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਦਾਇਰਿਆਂ ਵਿੱਚ ਰਹਿ ਕੇ ਹੀ, ਪੂਰੀ ਦਾਨਾਈ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਊਣਾ ਹੈ। ਸਰਦਾਰ ਹਰਜੀਤ ਸਿੰਘ ਸੱਜਣ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ, ਕੈਨੇਡਾ ਦੇ ਰੱਖਿਆ ਮੰਤਰੀ ਹਨ ਤੇ ਭਾਰਤ ਵਿੱਚ ਆਪਣੇ ਸਰਕਾਰੀ ਦੌਰੇ ਤੇ ਆ ਰਹੇ ਹਨ, ਤੇ ਜੇ ਉਹ ਆਪਣੇ ਪਿਤਰੀ ਸੂਬੇ, ਪੰਜਾਬ ਵਿੱਚ ਫੇਰੀ ਪਾਉਂਣਾ ਚਾਹੁਣ, ਤਾਂ ਪੰਜਾਬ ਸਰਕਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਤਹਿਸ਼ੁਦਾ ਸ਼ਿਸਟਾਚਾਰ ਅਨੁਸਾਰ, ਬਣਦਾ ਮਾਣ ਦੇਣਾ ਹੀ ਪਵੇਗਾ। ਜੇ ਕੈਪਟਨ ਅਮਰਿੰਦਰ ਸਿੰਘ ਇਸ ਸਾਰੇ ਅਮਲ ਤੋਂ ਪਾਸਾ ਵੱਟ ਲੈਂਦੇ ਹਨ ਤਾਂ ਪੰਜਾਬੀਆਂ ਦੇ ਮਨਾਂ ਵਿੱਚ ਉਹ ਤੇ ਉਨ੍ਹਾਂ ਦੀ ਸਰਕਾਰ ਅਲੱਗ-ਥਲੱਗ ਹੇਏ ਖੜ੍ਹੇ ਰਹਿ ਜਾਣਗੇ। ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਹ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਸਦਾ ਸਾਰਾ ਪਰਿਵਾਰ, ਬਸਤੀਵਾਦ ਦੀ ਜਲਾਲਤ ਨੂੰ ਯਾਦ ਕਰਵਾਉਂਦੇ, ਬਰਤਾਨਵੀ ਸਾਮਰਾਜ ਦੇ ਸ਼ਹਿਜਾਦੇ ਚਾਰਲਸ ਅਤੇ ਸ਼ਹਿਜਾਦੀ ਕੈਮਿਲਾ ਦੀਆਂ ਜੁੱਤੀਆਂ ਚੱਟਣ ਵਿੱਚ ਤਾਂ, ਪੰਜਾਬ ਦਾ ਮੁੱਖ ਮੰਤਰੀ ਹੁੰਦੇ ਹੋਏ ਵੀ ਫਖ਼ਰ ਮਹਿਸੂਸ ਕਰਦਾ ਰਿਹਾ ਹੈ। ਜਿਨ੍ਹਾਂ ਦੇ ਸ਼ਾਹੀ ਖਾਨਦਾਨ ਨੇ ਭਾਰਤ ਨੂੰ ਸਦੀਆਂ ਤੱਕ ਗ਼ੁਲਾਮ ਰੱਖਿਆ ਅਤੇ ਅਣਗਿਣਤ ਸਿੱਖਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ। ਜੇ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਪੱਤਰਕਾਰ ਮਿੱਤਰ ਅਰੂਸਾ ਆਲਮ ਨੂੰ, ਉਸਦੀਆਂ ਸਖੀਆਂ-ਸਹੇਲੀਆਂ ਸਮੇਤ, ਪੰਜਾਬ ਮੰਤਰੀ ਮੰਡਲ ਦੇ ਸਹੂੰ ਚੁੱਕ ਸਮਾਗਮ ਸਮੇਂ, ਪੰਜਾਬ ਰਾਜਭਵਨ ਵਿੱਚ, ਪਹਿਲੀ ਕਤਾਰ ਵਿੱਚ ਬਿਠਾ ਕੇ, ਸਨਮਾਨ ਦਿੱਤਾ ਜ ਸਕਦਾ ਹੈ, ਫੇਰ ਪੰਜਾਬੀਆਂ ਅਤੇ ਸਮੁੱਚੀ ਸਿੱਖ ਕੌਮ ਦੇ ਮਾਣ, ਅਤੇ ਗੁਰੂ ਦੇ ਸਿੱਖ, ਸਰਦਾਰ ਹਰਜੀਤ ਸਿੰਘ ਸੱਜਣ, ਰੱਖਿਆ ਮੰਤਰੀ ਕੈਨੇਡਾ ਦੇ ਮੱਥੇ ਲਗਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਮ ਕਿਉਂ ਆ ਰਹੀ ਹੈ? ਭਾਵੇਂ ਕੁੱਝ ਵੀ ਹੋਵੇ ਸਰਦਾਰ ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ ਕੈਨੇਡਾ, ਪੰਜਾਬ ਅਤੇ ਸਿੱਖ ਕੌਮ ਦਾ ਮਾਣ ਹਨ, ਉਹ ਸਾਡੇ ਅਤੀ ਸਤਿਕਾਰਤ ਮਹਿਮਾਨ ਹਨ, ਉਨ੍ਹਾਂ ਨੂੰ ਪੰਜਾਬ ਵਿੱਚ, ਹਰ ਉਹ ਮਾਣ ਸਤਿਕਾਰ ਦਿੱਤਾ ਜਾਵੇਗਾ, ਜਿਸ ਦੇ ਉਹ ਮੁਸਤਹੱਕ ਹਨ। ਉਨ੍ਹਾਂ ਦੀ ਸ਼ਾਨ ਤੇ ਅਦਬ ਕਿਸੇ ਮੁੱਖ ਮੰਤਰੀ ਦੀ ਨਿੱਜੀ ਰੰਜਸ਼ ਤੇ ਬੀਮਾਰ ਮਾਨਸਿਕਤਾ ਦੀ ਮੁਥਾਜ ਨਹੀਂ। ਪੂਰਾ ਪੰਜਾਬ, ਪੂਰੇ ਅਦਬ ਨਾਲ ਸਰਦਾਰ ਹਰਜੀਤ ਸਿੰਘ ਸੱਜਣ ਦੀ ਉਡੀਕ ਕਰ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ