ਕਾਂਗਰਸ ਆਗੂ ਰਾਹੁਲ ਗਾਂਧੀ ਵਿੱਚ ਪ੍ਰਧਾਨ ਮੰਤਰੀ ਬਣਨ ਦੀ ਸਮਰਥਾ: ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿੱਚ ਪੀੜ੍ਹੀ ਦੇ ਬਦਲਾਵ ਦਾ ਸੱਦਾ, ਖੇਤੀ ’ਤੇ ਟੈਕਸ ਬਾਰੇ ਨੀਤੀ ਆਯੋਗ ਦੀ ਤਜਵੀਜ਼ ਨੂੰ ਬੇਤੁੱਕੀ ਦੱਸਿਆ

20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਰਿਫਾਇਨਰੀ ਦੇ ਵਿਸਤਾਰ ਬਾਰੇ ਖੁਲਾਸਾ

ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਪੂਰੀ ਤਰ੍ਹਾਂ ਦੂਰ ਕਰਨ ਲਈ ਵਿਦਿਅਕ ਯੋਗਤਾ ਮੁਤਾਬਕ ਰੁਜ਼ਗਾਰ ਜ਼ਰੂਰੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਮਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਪੂਰੀ ਸਮਰਥਾ ਹੈ ਅਤੇ ਦੇਸ਼ ਦੀ 70 ਫੀਸਦੀ ਯੁਵਾ ਆਬਾਦੀ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਕਾਂਗਰਸ ਵਿੱਚ ਪੀੜ੍ਹੀ ਦੇ ਬਦਲਾਵ ਦਾ ਇਹ ਢੁਕਵਾਂ ਸਮਾਂ ਹੈ। ਨਿਊਜ਼ 18 ਸੀ.ਐਨ.ਐਨ ਲਈ ‘‘ਰਾਇਜ਼ਿੰਗ ਪੰਜਾਬ 2017’’ ਸ਼ੋਅ ਵਿੱਚ ਉੱਘੇ ਪੱਤਰਕਾਰ ਵੀਰ ਸਿੰਘਵੀ ਨਾਲ ਇਕ ਵਿਸਤ੍ਰਤ ਇੰਟਰਵਿਊ ਵਿੱਚ ਮੁੱਖ ਮੰਤਰੀ ਨੇ ਸੂਬੇ ਵਿੱਚ ਖੇਤੀਬਾੜੀ ਅਤੇ ਉਦਯੋਗ ਦੀ ਸੁਰਜੀਤੀ ਵਾਸਤੇ ਆਪਣੀ ਸਰਕਾਰ ਦੀਆਂ ਯੋਜਨਾਵਾਂ ਦਾ ਉਲੇਖ ਕੀਤਾ। ਇਸੇ ਦੌਰਾਨ ਉਨ੍ਹਾਂ ਨੇ ਸੂਬੇ ਵਿੱਚੋਂ ਨਸ਼ੇ ਮਾਫੀਏ ਦਾ ਪੂਰੀ ਤਰ੍ਹਾਂ ਖੁਰਾ-ਖੋਜ ਮਿਟਾਉਣ ਲਈ ਵੀ ਆਪਣੀ ਵਚਨਬੱਧਤਾ ਦੁਹਰਾਈ ਜੋ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਤਿੱਖੀ ਮੁਹਿੰਮ ਦੇ ਨਤੀਜੇ ਵਜੋਂ ਆਪਣੀਆਂ ਆਖਰੀ ਸਾਹਾਂ ’ਤੇ ਹੈ। ਬੇਰੋਜ਼ਗਾਰੀ, ਬਿਜਲੀ ਅਤੇ ਸਰਹੱਦੀ ਹੱਤਿਆਵਾਂ ਤੋਂ ਲੈ ਕੇ ਰਾਹੁਲ ਗਾਂਧੀ ਦੀ ਕਾਂਗਰਸ ਨੂੰ ਅਗਵਾਈ ਦੇਣ ਦੀ ਸਮਰੱਥਾ ਤੱਕ ਦੇ ਸਵਾਲਾਂ ਦੇ ਜਵਾਬ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਸ਼ਬਦਾਂ ਵਿੱਚ ਦਿੱਤੇ।
ਇਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਦੀ ਸਰਕਾਰ ’ਤੇ ਪ੍ਰਭਾਵ ਪਾਉਣ ਵਾਲੇ ਮੁੱਦਿਆਂ, ਪਾਰਟੀ ਅਤੇ ਦੇਸ਼ ਦੇ ਹਿੱਤਾਂ ਸਬੰਧੀ ਵੀ ਆਪਣੇ ਵਿਚਾਰ ਰੱਖੇ। ਮੁੱਖ ਮੰਤਰੀ ਨੇ ਨੀਤੀ ਆਯੋਗ ਵੱਲੋਂ ਕਿਸਾਨਾਂ ’ਤੇ ਟੈਕਸ ਲਾਉਣ ਦੀ ਯੋਜਨਾ ਨੂੰ ਬੇਤੁੱਕੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਕਿਸਾਨਾਂ ’ਤੇ ਵੱਡੀ ਮਾਰ ਪਵੇਗੀ ਜੋ ਕਿ ਪਹਿਲਾਂ ਹੀ ਕਰਜ਼ੇ ਦੇ ਵੱਡੇ ਬੋਝ ਥੱਲੇ ਰੀਂਘ ਰਹੇ ਹਨ ਅਤੇ ਬਹੁਤ ਸਾਰੇ ਖੁਦਕੁਸ਼ੀ ਕਰਨ ਵਰਗਾ ਸਿਖਰਲਾ ਕਦਮ ਚੁੱਕ ਰਹੇ ਹਨ। ਪਾਰਟੀ ਨੂੰ ਮੌਜੂਦਾ ਪ੍ਰਸਥਿਤੀ ਵਿੱਚੋਂ ਕੱਢਣ ਦੀ ਰਾਹੁਲ ਗਾਂਧੀ ਦੀ ਸਮਰੱਥਾ ਸਬੰਧੀ ਆਪਣਾ ਸਮਰਥਨ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੱੁਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਵਿੱਚ ਕਾਬਲੀਅਤ ਅਤੇ ਨਿਰਣਾਇਕ ਸਮਰੱਥਾ ਵੇਖੀ ਹੈ। ਵੱਖ-ਵੱਖ ਨਾਵਾਂ ਰਾਹੀਂ ਉਨ੍ਹਾਂ ਦੇ ਵੱਕਾਰ ਨੂੰ ਸੱਟ ਮਾਰਨ ਲਈ ਜਾਣਬੁੱਝ ਕੇ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਪੂਰੀ ਸਮਰੱਥਾ ਹੈ। ਸੂਬੇ ਵਿੱਚ ਨਿਵੇਸ਼ਕਾਂ ਅਤੇ ਉਦਯੋਗ ਵਿੱਚ ਘਟੇ ਭਰੋਸੇ ਦੇ ਸਬੰਧੀ ਵਿੱਚ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਸੱਤਾ ਵਿੱਚ ਆਇਆਂ ਅਜੇ ਸਿਰਫ ਛੇ ਹਫਤੇ ਹੋਏ ਹਨ ਅਤੇ ਇਹ ਇਨ੍ਹਾਂ ਵਿੱਚ ਵਿਸ਼ਵਾਸ਼ ਪੈਦਾ ਕਰਨ ਦੇ ਸਮਰੱਥ ਹੋਈ ਹੈ।
ਉਨ੍ਹਾਂ ਕਿਹਾ ਕਿ ਬਠਿੰਡਾ ਤੇਲ ਸੋਧਕ ਕਾਰਖਾਨੇ ਨੇ 20,000 ਕਰੋੜ ਦੇ ਨਾਲ ਆਪਣਾ ਪਸਾਰ ਕਰਨ ਦੀ ਤਿਆਰੀ ਕਰ ਲਈ ਹੈ। ਨਸ਼ਿਆਂ ਵਰਗੇ ਪੇਚੀਦਾ ਮਸਲੇ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ੀਆਂ ਦੇ ਖਾਤਮੇ ਲਈ ਢੁਕਵਾਂ ਮਾਹੌਲ ਤਿਆਰ ਕਰਨ ਵਿੱਚ ਸਫਲ ਹੋਈ ਹੈ। ਇਹ ਨਸ਼ੇ ਹੁਣ ਬਹੁਤ ਘੱਟ ਉਪਲਬਧ ਹੋ ਰਹੇ ਹਨ ਜਿਸਦਾ ਸਬੂਤ ਇਨ੍ਹਾਂ ਦੀਆਂ ਕੀਮਤਾਂ ਚੜ੍ਹਣ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨੌਜੁਆਨ ਮੁੜ ਵਸੇਬਾ ਕੇਂਦਰਾਂ ਵਿੱਚ ਜਾ ਰਹੇ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਨਸ਼ੇ ਮਾਫੀਆ ਦੀ ਕਮਰ ਤੋੜ ਦਿੱਤੀ ਹੈ ਜਿਸ ਦਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾਂ ਨੂੰ ਰੋਜ਼ਗਾਰ ਦਿੱਤੇ ਜਾਣ ਤੋਂ ਬਿਨਾਂ ਉਹਨਾਂ ਨੂੰ ਪੂਰੀ ਤਰ੍ਹਾਂ ਨਸ਼ਿਆਂ ਤੋਂ ਦੂਰ ਕਰਨਾ ਅੌਖਾ ਹੋਵੇਗਾ। ਇਸ ਕਰਕੇ ਉਨ੍ਹਾਂ ਦੀ ਸਰਕਾਰ ਇਨ੍ਹਾਂ ਨੌਜੁਆਨਾਂ ਨੂੰ ਰੋਜ਼ਗਾਰ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਦਯੋਗ ਦੀ ਸੁਰਜੀਤੀ ਨਾਲ ਰੋਜ਼ਗਾਰ ਦੇ ਵੱਡੀ ਪੱਧਰ ’ਤੇ ਮੌਕੇ ਵਧਣਗੇ।
ਉਨ੍ਹਾਂ ਕਿਹਾ ਕਿ ਉਹਨਾਂ ਨੂੰ ਸੂਬੇ ਵਿੱਚ ਉਦਯੋਗ ਅਤੇ ਨਿਵੇਸ਼ ਦੇ ਵਾਸਤੇ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 90 ਲੱਖ ਨੌਜੁਆਨ ਜਾਂ ਤਾਂ ਬੇਰੋਜ਼ਗਾਰ ਹਨ ਜਾਂ ਉਹਨਾਂ ਨੂੰ ਆਪਣੇ ਪੱਧਰ ਤੋਂ ਹੇਠਾਂ ਦਾ ਰੋਜ਼ਗਾਰ ਮਿਲਿਆ ਹੋਇਆ ਹੈ। ਉਨ੍ਹਾਂ ਦੀ ਸਰਕਾਰ ਰੋਜ਼ਗਾਰ ਪੈਦਾ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸੂਬੇ ਦੀ ਖੇਤੀਬਾੜੀ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੂੰ ਉਤਸ਼ਾਹਤ ਕਰਨ ਦਾ ਕਾਰਜ ਕਰ ਰਹੀ ਹੈ ਅਤੇ ਤਕਰੀਬਨ 70 ਫੀਸਦੀ ਛੋਟੇ ਕਿਸਾਨ ਹਨ। ਕਿਸਾਨਾਂ ਨੂੰ ਝੋਨੇ ਦੇ ਚੱਕਰ ਵਿੱਚੋਂ ਬਾਹਰ ਕੱਢ ਕੇ ਬਦਲਵੀਆਂ ਫਸਲਾਂ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਨੀਤੀ ਆਯੋਗ ਨੇ ਕਿਸਾਨਾਂ ’ਤੇ ਟੈਕਸ ਲਾਉਣ ਦਾ ਸੁਝਾਅ ਦਿੱਤਾ ਹੈ ਪਰ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਛੋਟੇ ਕਿਸਾਨ ਟੈਕਸ ਲਾਉਣ ਕਾਰਨ ਬਚੇ ਨਹੀਂ ਰਹਿ ਸਕਦੇ। ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਸਿਹਰਾ ਪਿਛਲੀ ਸਰਕਾਰ ਨੂੰ ਦਿੱਤਾ ਅਤੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਪਾਸੋਂ ਪਾਕਿਸਤਾਨ ਤੇ ਨਿਪਾਲ ਨੂੰ ਬਿਜਲੀ ਵੇਚਣ ਦੀ ਆਗਿਆ ਮੰਗੀ ਗਈ ਹੈ। ਪਰ ਨਾਲ ਹੀ ਮੁੱਖ ਮੰਤਰੀ ਨੇ ਬਾਦਲਾਂ ’ਤੇ ਵਰ੍ਹਦਿਆਂ ਆਖਿਆ ਕਿ ਬਾਦਲ ਸਰਕਾਰ ਆਪਣੇ ਪਿੱਛੇ ਭਾਰੀ ਕਰਜ਼ਾ ਛੱਡ ਕੇ ਗਈ ਹੈ ਅਤੇ ਕਾਂਗਰਸ ਸਰਕਾਰ ਕੋਲ ਤਨਖ਼ਾਹਾਂ ਦੇਣ ਅਤੇ ਵਿਕਾਸ ਲਈ ਵੀ ਪੈਸਾ ਨਹੀਂ ਛੱਡਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਰਥਿਕ ਵਿਕਾਸ ਨੂੰ ਮੁੜ ਲੀਹ ’ਤੇ ਲਿਆਉਣ ਤੋਂ ਇਲਾਵਾ ਸੂਬੇ ਵਿੱਚ ਸਿੱਖਿਆ ਤੇ ਸਿਹਤ ਸੁਧਾਰਾਂ ’ਤੇ ਵੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੰਗੀ ਸਕੂਲੀ ਸਿੱਖਿਆ ਤੋਂ ਅਣਹੋਂਦ ਕਰਕੇ ਵਧੀਆ ਉਚੇਰੀ ਸਿੱਖਿਆ ਦੀ ਸਮੱਸਿਆ ਬਰਕਰਾਰ ਹੈ ਜਿਸ ਕਰਕੇ ਫੌਜ ਵਿੱਚ ਭਰਤੀ ਸਮੇਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪੰਜਾਬੀਆਂ ਵੱਲੋਂ ਖਾਸ ਮਾਅਰਕਾ ਨਾ ਮਾਰ ਸਕਣ ਦੀ ਤਸਵੀਰ ਸਪੱਸ਼ਟ ਉਘੜ ਆਉਂਦੀ ਹੈ। ਸਰਹੱਦ ’ਤੇ ਹੁੰਦੀਆਂ ਹੱਤਿਆਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹੱਤਿਆਵਾਂ ਤੇ ਮੁੱਠਭੇੜ ਦੀਆਂ ਘਟਨਾਵਾਂ ਤਾਂ ਬਹੁਤ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ ਪਰ ਜਿਹੜਾ ਵਹਿਸ਼ੀਆਨਾ ਢੰਗ ਅਸੀਂ ਹੁਣ ਦੇਖਿਆ, ਇਸ ਤੋਂ ਪਹਿਲਾਂ ਕਦੀ ਨਹੀਂ ਵਾਪਰਿਆ। ਉਨ੍ਹਾਂ ਕਿਹਾ ਕਿ ਦੋ ਭਾਰਤੀ ਜਵਾਨਾਂ ਦੀਆਂ ਦੇਹਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਨਾਲ ਲੋਕਾਂ ਦਾ ਗੁੱਸਾ ਭੜਕਿਆ ਅਤੇ ਭਾਰਤੀ ਫੌਜ ਨੂੰ ਅਜਿਹੇ ਹਮਲਿਆਂ ਦਾ ਕਰਾਰਾ ਜਵਾਬ ਦੇਣ ਦੀ ਲੋੜ ਹੈ। ਹਾਲਾਂਕਿ ਉਨ੍ਹਾਂ ਇਸ ਗੱਲੋਂ ਵੀ ਸੁਚੇਤ ਕੀਤਾ ਕਿ ਲੰਮੇ ਸਮੇਂ ਲਈ ਭਾਰਤ ਤੇ ਪਾਕਿਸਤਾਨ ਨੂੰ ਆਉਂਦੀਆਂ ਪੀੜ੍ਹੀਆਂ ਦੇ ਭਵਿੱਖ ਤੇ ਅਮਨ-ਸ਼ਾਂਤੀ ਲਈ ਸੋਚਣ ਦੀ ਲੋੜ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸਾਫ-ਸਾਫ ਸ਼ਬਦਾਂ ਵਿੱਚ ਇਕ ਵਾਰ ਫੇਰ ਕਿਹਾ ਕਿ ਖਾਲਿਸਤਾਨੀ ਸਮਰਥਕ ਕੈਨੇਡਾ ਵਿੱਚ ਬੈਠ ਕੇ ਗਲਤ ਜਾਣਕਾਰੀ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਉਹ ਖਾਲਿਸਤਾਨੀਆਂ ਨੂੰ ਪੰਜਾਬ ਦੀ ਸ਼ਾਂਤੀ ਤੇ ਸਥਿਰਤਾ ਵਿੱਚ ਵਿਘਨ ਪਾਉਣ ਦੀ ਇਜਾਜ਼ਤ ਕਿਸੇ ਵੀ ਕੀਮਤ ’ਤੇ ਨਹੀਂ ਦੇਣਗੇ। ਇਕ ਹੋਰ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨਿਰਸੰਦੇਹ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ ਪਰ ਅੰਗਰੇਜ਼ੀ ਭਾਸ਼ਾ ਨੂੰ ਵੀ ਪ੍ਰਫੁੱਲਤ ਕਰਨਾ ਜ਼ਰੂਰੀ ਹੈ ਤਾਂ ਕਿ ਸਾਡੇ ਨੌਜਵਾਨਾਂ ਨੂੰ ਆਲਮੀ ਮੰਡੀ ਵਿੱਚ ਰੁਜ਼ਗਾਰ ਹਾਸਲ ਕਰਨ ਦੇ ਯੋਗ ਬਣਾਇਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਆਖਿਆ ਕਿ ਉਹ ਫੇਸਬੁੱਕ ’ਤੇ ਬਹਿਸ ਕਰਨ ਨੂੰ ਪਸੰਦ ਕਰਦੇ ਹਨ ਅਤੇ ਕਈ ਵਾਰ ਤਾਂ ਰਾਤ ਭਰ ਅਤੇ ਇੱਥੋਂ ਤੱਕ ਕਿ ਸਵੇਰ ਤੱਕ ਆਪਣੇ ਨੁਕਤੇ ’ਤੇ ਬਹਿਸ ਕਰਦੇ ਹਨ। ਉਨ੍ਹਾਂ ਮਜ਼ਾਕ ਵਿੱਚ ਕਿਹਾ ਕਿ ਇਸ ਤਰ੍ਹਾਂ ਨੌਜਵਾਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਿਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…