nabaz-e-punjab.com

ਕੈਪਟਨ ਅਮਰਿੰਦਰ ਵੱਲੋਂ ਅਕਾਲੀ-ਭਾਜਪਾ ਨੂੰ ਨਸੀਅਤ, ਸਿਰਫ਼ ਤੱਥਾਂ ਦੇ ਆਧਾਰ ’ਤੇ ਗੱਲ ਕਰੋ

ਬਾਦਲਾਂ ਦੇ ਨੰਗੇ-ਚਿੱਟੇ ਝੂਠ ਨੂੰ ਬੇਪਰਦ ਕਰਦਿਆਂ ਨਸ਼ਿਆਂ ਦੇ ਖਾਤਮੇ, ਕਣਕ ਦੀ ਖਰੀਦ, ਉਦਯੋਗ ਦੀ ਮੁੜ ਸੁਰਜੀਤੀ ਦੀ ਸਫ਼ਲਤਾ ਬਾਰੇ ਤੱਥ ਪੇਸ਼

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਦੋ ਮਹੀਨੇ ਦੇ ਕਾਰਜਕਾਲ ਦੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ ਨਿਰਲੱਜ ਆਲੋਚਨਾ ’ਤੇ ਤਿੱਖੇ ਰੂਪ ਵਿਚ ਵਰ੍ਹਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਅਜਿਹੇ ਢੀਠਪੁਣੇ ਵਾਲੇ ਛੱਲ-ਕਪਟ ਵਾਸਤੇ ਸ਼ਰਮ ਆਉਣੀ ਚਾਹੀਦੀ ਹੈ ਜੋ ਕਿ ਅਸਲ ਤੱਥਾਂ ਅਤੇ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਉਲਟ ਹਨ। ਆਪਣੇ ਤਾਬੜ-ਤੋੜ ਬਿਆਨ ਵਿਚ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀ ਦਲ ਦੇ ਪਿਤਾਮਾ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੀਆਂ ਸ਼ਰਮਨਾਕ ਟਿੱਪਣੀਆਂ ਨਾਲ ਧੱਕਾ ਲੱਗਾ ਹੈ ਜੋ ਲੋਕਾਂ ਨੂੰ ਮੂਰਖ ਬਣਾਉਣ ਦੀ ਆਪਣੀ ਲਾਲਸਾ ਕਾਰਨ ਬੇਧੜਕ ਨੰਗਾ-ਚਿੱਟਾ ਝੂਠ ਬੋਲ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਇਹ ਵਿਚਾਰ ਪੂਰੀ ਤਰ੍ਹਾਂ ਬੇਅਦਬੀ ਵਾਲੇ ਹਨ ਕਿਉਂਕਿ ਉਨ੍ਹਾਂ ਦੇ ਪਿਛਲੇ 10 ਸਾਲ ਦੇ ਕੁਸ਼ਾਸਨ ਕਾਰਨ ਹੀ ਸੂਬਾ ਸਾਰੇ ਮੋਰਚਿਆਂ ’ਤੇ ਬੁਰੀ ਤਰ੍ਹਾਂ ਹੇਠਾਂ ਧੱਸ ਗਿਆ ਹੈ ਅਤੇ ਇਸ ਉਪਰ ਕਰਜ਼ੇ ਦਾ ਭਾਰੀਭਰਕਮ ਬੋਝ ਪੈ ਗਿਆ ਹੈ ਜਿਸ ਕਾਰਨ ਹੀ ਕਾਂਗਰਸ ਸਰਕਾਰ ਅੱਗੇ ਮੁਸੀਬਤਾਂ ਦਰਪੇਸ਼ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰਾਸਤ ਵਿਚ ਮਿਲੀ ਤਬਾਹੀ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਸੂਬੇ ਨੂੰ ਵਿਨਾਸ਼ ਦੀ ਇਸ ਪੀੜਾ ਵਿਚੋਂ ਬਾਹਰ ਕੱਢਣ ਅਤੇ ਇਸ ਨੂੰ ਪ੍ਰਗਤੀ ਦੀ ਲੀਹ ’ਤੇ ਲਿਆਉਣ ਵਿਚ ਸਫਲ ਹੋਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ, ਉਦਯੋਗ ਦੀ ਮੁੜ ਸੁਰਜੀਤੀ, ਵੀ.ਆਈ.ਪੀ ਸੱਭਿਆਚਾਰ ਦਾ ਖਾਤਮਾ, ਸਿੱਖਿਆ ਅਤੇ ਟਰਾਂਸਪੋਰਟ ਸੁਧਾਰਾਂ ਅਤੇ ਕਿਸਾਨਾਂ ਦੇ ਕਰਜ਼ੇ ਖਤਮ ਕਰਨ ਵੱਲ ਨੂੰ ਕਦਮ ਚੁੱਕਣ ਸਣੇ ਵੱਖ-ਵੱਖ ਪ੍ਰਮੁੱਖ ਮੋਰਚਿਆਂ ਉੱਤੇ ਉਨ੍ਹਾਂ ਨੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਉਦਯੋਗ ਦੀ ਮੁੜ ਸੁਰਜੀਤੀ ਨਾਲ ਵੱਡੀ ਪੱਧਰ ਉੱਤੇ ਨੌਕਰੀਆਂ ਪੈਦਾ ਹੋਣਗੀਆਂ।
ਨਸ਼ੇ ਮਾਫੀਆ ਵੱਲੋਂ ਆਖਰੀ ਸਾਹ ਭਰਨ ਅਤੇ ਉਦਯੋਗਿਕ ਤੇ ਵਪਾਰਕ ਘਰਾਣਿਆਂ ਵੱਲੋਂ ਸੂਬੇ ਵਿਚ ਪੂੰਜੀ ਨਿਵੇਸ਼ ਕਰਨ ਵੱਲ ਨੂੰ ਕਦਮ ਪੁੱਟਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਸਥਿਤੀ ਦੋ ਮਹੀਨੇ ਪਹਿਲਾਂ ਵਾਲੀ ਸਥਿਤੀ ਨਾਲੋਂ ਪੂਰੀ ਤਰ੍ਹਾਂ ਉਲਟ ਗਈ ਹੈ ਜਦੋਂ ਨਸ਼ੇ ਦੇ ਤਸਕਰਾਂ ਅਤੇ ਸਮਗਲਰਾਂ ਦਾ ਰਾਜ ਚਲਦਾ ਸੀ ਅਤੇ ਸਨਅਤਾਂ ਸੂਬੇ ਨੂੰ ਛੱਡ ਕੇ ਭੱਜ ਰਹੀਆਂ ਸਨ। ਮੁੱਖ ਮੰਤਰੀ ਨੇ ਕਣਕ ਦੀ ਬਿਨਅੜਚਨ ਖਰੀਦ ਦਾ ਵੀ ਜ਼ਿਕਰ ਕੀਤਾ ਅਤੇ ਅਪ੍ਰੈਲ ਵਿਚ ਕਿਸਾਨਾਂ ਨੂੰ ਅੱਜ ਤੱਕ ਦੇ ਸਭ ਤੋਂ ਵੱਧ ਕੀਤੇ ਗਏ ਭੁਗਤਾਨ ਦੀ ਵੀ ਚਰਚਾ ਛੇੜੀ। ਅਜਿਹਾ ਕਰਦੇ ਹੋਏ ਉਨ੍ਹਾਂ ਨੇ ਅਕਾਲੀ ਅਤੇ ਭਾਜਪਾ ਵੱਲੋਂ ਨੰਗੇ-ਚਿੱਟੇ ਝੂਠਾਂ ਦਾ ਤਿੱਖਾ ਜਵਾਬ ਦਿੱਤਾ ਜੋ ਕਿ ਕੰਧ ’ਤੇ ਲਿਖੇ ਠੋਸ ਤੱਥਾਂ ਨੂੰ ਅਣਗੌਲੇ ਕਰਕੇ ਛੱਲ ਕਪਟ ਤੇ ਉਤਾਰੂ ਹੋਏ ਪਏ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਕਾਨੂੰਨ ਵਿਵਸਥਾ ਵਿਚ ਵੱਡੀ ਪੱਧਰ ’ਤੇ ਸੁਧਾਰ ਵੇਖਣ ਨੂੰ ਸਾਹਮਣੇ ਆਇਆ ਹੈ। ਸੂਬੇ ਦੇ ਆਮ ਲੋਕ ਹੁਣ ਪਿਛਲੇ ਦਹਾਕੇ ਨਾਲੋਂ ਅਨੇਕਾਂ ਗੁਣਾ ਵੱਧ ਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਵਾਸਤੇ ਰੂਪ ਰੇਖਾ ਤਿਆਰ ਕਰਨ ਲਈ ਕਮਿਸ਼ਨ ਸਥਾਪਤ ਕਰ ਦਿੱਤਾ ਗਿਆ ਹੈ ਜਿਸ ਵੱਲੋਂ ਛੇਤੀ ਹੀ ਆਪਣੀ ਰਿਪੋਰਟ ਦਿੱਤੇ ਜਾਣ ਦੀ ਸੰਭਾਵਨਾ ਹੈ। ਇਹ ਰਿਪੋਰਟ ਆਉਣ ਦੇ ਨਾਲ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ ਜਿਸ ਦਾ ਉਨ੍ਹਾਂ ਨੇ ਨਿੱਜੀ ਤੌਰ ’ਤੇ ਲੋਕਾਂ ਨਾਲ ਵਾਅਦਾ ਕੀਤਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਾ ਕੇਵਲ ਇਸ ਦੀ ਜਾਂਚ ਵਾਸਤੇ ਇੱਕ ਨਵਾਂ ਕਮਿਸ਼ਨ ਸਥਾਪਤ ਕੀਤਾ ਹੈ ਸਗੋਂ ਅਜਿਹੇ ਕੇਸਾਂ ਵਿਚ ਸਜ਼ਾ ਨੂੰ ਵਧਾਏ ਜਾਣ ਵੱਲ ਨੂੰ ਵੀ ਕਦਮ ਪੁੱਟੇ ਹਨ ਜੋ ਕਿ ਕੁਝ ਦਿਨ ਪਹਿਲਾਂ ਸੂਬੇ ਦੇ ਐਡਵੋਕੇਟ ਜਨਰਲ ਵੱਲੋਂ ਆਈ.ਪੀ.ਸੀ ਦੀ ਧਾਰਾ 295 ਵਿਚ ਸੋਧ ਕਰਨ ਦੀ ਦਿੱਤੀ ਰਾਇ ’ਤੇ ਅਧਾਰਤ ਹਨ।
ਬਾਦਲਾਂ ਦੇ ਆਲੋਚਨਾ ਕਰਨ ਦੇ ਇੱਕ ਹੋਰ ਮੁੱਦੇ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ‘ਕੁਰਕੀ’ ਨੂੰ ਜਾਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਜਿਸ ਤੋਂ ਸਾਬਕਾ ਮੁੱਖ ਮੰਤਰੀ ਜਾਂ ਤਾਂ ਜਾਣੂ ਨਹੀਂ ਹਨ ਜਾਂ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਜਾਣਬੁਝ ਕੇ ਅਣਜਾਣ ਬਣ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦਾ ਸਰਪ੍ਰਸਤ ਇਹ ਨਹੀਂ ਜਾਣਦਾ ਕਿ ਕਾਂਗਰਸ ਸਰਕਾਰ ਨੇ ਨਾ ਕੇਵਲ ਆਪਣੇ ਸਾਰੇ ਚੋਣ ਵਾਅਦਿਆਂ ਨੂੰ ਪੂਰੇ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ ਸਗੋਂ ਇਨ੍ਹਾਂ ਨੂੰ ਸਮੇਂ ਬੱਧ ਸੀਮਾ ਵਿਚ ਲਾਗੂ ਕਰਨ ਲਈ ਵੀ ਕਾਰਵਾਈ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਨ੍ਹਾਂ ਤੱਥਾਂ ਦੇ ਬਾਵਜੂਦ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਅਨੇਕਾਂ ਵਿੱਤੀ ਸੰਕਟ ਦਰਪੇਸ਼ ਹਨ ਪਰ ਫਿਰ ਵੀ ਉਹ ਪੰਜਾਬ ਦੇ ਲੋਕਾਂ ਨਾਲ ਕੀਤੇ ਇੱਕ ਇੱਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਅਤੇ ਉਨ੍ਹਾਂ ਦੇ ਜੁੰਡੀਦਾਰਾਂ ਨੂੰ ਸਿਰਫ ਆਲੋਚਨਾ ਦੀ ਖਾਤਰ ਸਰਕਾਰ ਦੀ ਆਲੋਚਨਾ ਬੰਦ ਕਰਨ ਅਤੇ ਇਸ ਦੀ ਬਜਾਏ ਸੂਬੇ ਨੂੰ ਮੁੜ ਲੀਹ ’ਤੇ ਲਿਆਉਣ ਲਈ ਸਾਥ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਕੁਸ਼ਾਸਨ ਕਾਰਨ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਘੱਟੋ ਘੱਟ ਹੁਣ ਤਾਂ ਖਾਤਮਾ ਕਰਨ ਲਈ ਉਨ੍ਹਾਂ ਨੂੰ ਸਾਥ ਦੇਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…