ਖਰੜ ਵਿੱਚ ਵਿਧਾਇਕ ਜਗਮੋਹਨ ਕੰਗ ਵਿਰੁੱਧ ਬਵਾਗਤ ਦਾ ਝੰਡਾ ਚੁੱਕਣ ਵਾਲੀ ਬੀਬੀ ਗਰਚਾ ਨੂੰ ਹਮੇਸ਼ਾਂ ਲਈ ਕਾਂਗਰਸ ’ਚੋਂ ਕੱਢਿਆਂ

‘ਹਲਕਾ ਖਰੜ ਤੋਂ ਕਾਂਗਰਸੀ ਉਮੀਦਵਾਰ ਜਗਮੋਹਨ ਕੰਗ ਦੀ ਹਾਰ ਦਾ ਠੀਕਰਾ ਪਾਰਟੀ ਨੇ ਮੇਰੇ ਸਿਰ ਭੰਨਿਆ’: ਗਰਚਾ

ਪਹਿਲਾਂ ਹੀ ਤੀਜੇ ਨੰਬਰ ’ਤੇ ਚੱਲ ਰਹੇ ਵਿਧਾਇਕ ਕੰਗ ਐਤਕੀਂ ਵੱਡੇ ਫਰਕ ਨਾਲ ਹਾਰਨਗੇ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖਰੜ ਵਿੱਚ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ ਕੰਗ ਦੇ ਖ਼ਿਲਾਫ਼ ਬਵਾਗਤ ਦਾ ਝੰਡਾ ਚੁੱਕਣ ਵਾਲੀ ਸੀਨੀਅਰ ਆਗੂ ਤੇ ਪ੍ਰਦੇਸ਼ ਕਾਂਗਰਸ ਦੀ ਸੂਬਾ ਜਨਰਲ ਸਕੱਤਰ ਬੀਬੀ ਲਖਵਿੰਦਰ ਕੌਰ ਗਰਚਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਹਮੇਸ਼ਾਂ ਹਮੇਸ਼ਾਂ ਲਈ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ’ਚੋਂ ਕੱਢ ਦਿੱਤਾ ਗਿਆ ਹੈ। ਚੋਣਾਂ ਤੋਂ ਮਹਿਜ 12 ਘੰਟੇ ਪਹਿਲਾਂ ਹਾਈ ਕਮਾਂਡ ਦੀ ਇਸ ਕਾਰਵਾਈ ਕਾਰਨ ਬਾਕੀ ਬਾਗੀਆਂ ਨੂੰ ਕੰਨ ਹੋ ਗਏ ਹਨ। ਬੀਬੀ ਗਰਚਾ ਨੂੰ ਕੱਢੇ ਜਾਣ ਨਾਲ ਚੋਣ ਮੁਕਾਬਲੇ ਤੋਂ ਪਿੱਛੇ ਹੱਟਣ ਤੋਂ ਇਨਕਾਰ ਕਰਨ ਕਰਕੇ ਪਾਰਟੀ ਤੋਂ ਬਾਹਰ ਕੀਤੇ ਗਏ ਬਾਗੀ ਆਗੂਆਂ ਦੀ ਗਿਣਤੀ ਵਧ ਕੇ 22 ਹੋ ਗਈ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਬੀਬੀ ਗਰਚਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀਆਂ ਵਿੱਚ ਜਿਣੇ ਜਾਂਦੇ ਸਨ ਅਤੇ ਪਿਛਲੀ ਕਾਂਗਰਸ ਸਰਕਾਰ ਵਿੱਚ ਕੈਪਟਨ ਨੇ ਮਹਿਲਾ ਆਗੂ ਨੂੰ ਓਐਸਡੀ ਦਾ ਅਹੁਦਾ ਦਿੱਤਾ ਗਿਆ ਸੀ ਅਤੇ ਐਤਕੀਂ ਵੀ ਬੀਬੀ ਗਰਚਾ ਦੇ ਸਮਰਥਕ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਉੱਚੇ ਅਹੁਦਾ ਮਿਲਣ ਦੀ ਆਸ ਲਗਾਈ ਬੈਠੇ ਸੀ। ਇਹ ਵੀ ਚਰਚਾ ਜ਼ੋਰਾਂ ’ਤੇ ਸੀ ਕਿ ਜੇਕਰ ਟਿਕਟ ਨਹੀਂ ਮਿਲੀ ਹੈ ਤਾਂ ਸਰਕਾਰ ਵਿੱਚ ਜਰੂਰ ਬਣਦਾ ਮਾਣ ਸਤਿਕਾਰ ਮਿਲੇਗਾ ਪਰ ਪਾਰਟੀ ਦੇ ਇਸ ਫੈਸਲੇ ਨਾਲ ਵਰਕਰਾਂ ਦੀਆਂ ਸਾਰੀਆਂ ਆਸਾਂ ਤੇ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ।
ਉਧਰ, ਪੰਜਾਬ ਕਾਂਗਰਸ ’ਚੋਂ ਹਮੇਸ਼ਾਂ ਲਈ ਬਰਖ਼ਾਸਤ ਕੀਤੀ ਗਈ ਬੀਬੀ ਲਖਵਿੰਦਰ ਕੌਰ ਗਰਚਾ ਨੇ ਪਾਰਟੀ ਦੇ ਫੈਸਲੇ ’ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਲਕਾ ਖਰੜ ਤੋਂ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਦੀ ਹੋਣ ਵਾਲੀ ਹਾਰ ਦਾ ਪਹਿਲਾਂ ਹੀ ਠੀਕਰਾ ਉਨ੍ਹਾਂ ਸਿਰ ਭੰਨ ਦਿੱਤਾ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਬੀਬੀ ਗਰਚਾ ਨੇ ਕਿਹਾ ਕਿ ਉਨ੍ਹਾਂ ਹਲਕਾ ਖਰੜ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸਿਰਤੋੜ ਮਿਹਨਤ ਕੀਤੀ ਜਦਕਿ ਹਲਕੇ ਦੇ ਸਾਰੇ ਕਾਂਗਰਸੀ ਵਰਕਰ ਅਤੇ ਸਥਾਨਕ ਆਗੂ ਜਗਮੋਹਨ ਸਿੰਘ ਕੰਗ ਦੇ ਖਿਲਾਫ਼ ਸਨ ਅਤੇ ਆਪੋ ਆਪਣੇ ਘਰਾਂ ਵਿੱਚ ਸ਼ਾਂਤ ਬੈਠੇ ਹੋਏ ਸਨ। ਇਨ੍ਹਾਂ ਨਰਾਜ਼ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਬੀਬੀ ਗਰਚਾ ਨੇ ਨਾਲ ਤੋਰ ਕੇ ਕਾਂਗਰਸ ਪਾਰਟੀ ਵਿੱਚ ਨਵੀਂ ਰੂਹ ਫੂਕੀ ਅਤੇ ਕਾਂਗਰਸੀ ਵਰਕਰਾਂ ਨੂੰ ਚੋਣਾਂ ਲਈ ਪੂਰੀ ਤਰ੍ਹਾਂ ਲਾਮਬੰਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਤੋਂ ਪਹਿਲਾਂ ਕਰਵਾਏ ਗਏ ਸਰਵੇਖਣ ਵਿੱਚ ਪਾਰਟੀ ਨੂੰ ਜਗਮੋਹਨ ਸਿੰਘ ਕੰਗ ਦੀ ਹਾਰ ਨਜ਼ਰ ਆ ਰਹੀ ਸੀ ਅਤੇ ਬੀਬੀ ਗਰਚਾ ਦਾ ਨਾਂ ਅੱਗੇ ਸੀ। ਇਸ ਦੇ ਬਾਵਜੂਦ ਵੀ ਸਰਵੇਖਣਾਂ ਤੋਂ ਉਲਟ ਜਾ ਕੇ ਪਾਰਟੀ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਨੂੰ ਪੈਸੇ ਦੇ ਕੇ ਜਗਮੋਹਨ ਕੰਗ ਟਿਕਟ ਹਥਿਆਉਣ ਵਿੱਚ ਕਾਮਯਾਬ ਹੋ ਗਏ। ਇਸ ਦੇ ਵਿਰੋਧ ਵਿੱਚ ਸ੍ਰੀਮਤੀ ਗਰਚਾ ਨੇ ਆਪਣੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਪ੍ਰੰਤੂ ਅਲੱਗ ਚੋਣ ਲੜਨ ਦਾ ਐਲਾਨ ਨਹੀਂ ਸੀ ਕੀਤਾ। ਜਗਮੋਹਨ ਕੰਗ ਨਾਲ ਮਤਭੇਦ ਹੋਣ ਕਾਰਨ ਉਨ੍ਹਾਂ ਹਲਕਾ ਬੱਸੀ ਪਠਾਣਾਂ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਅਤੇ ਹਲਕਾ ਮੁਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਨਾਲ ਜਾ ਕੇ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਸੀ। ਸ੍ਰੀਮਤੀ ਗਰਚਾ ਨੇ ਉਨ੍ਹਾਂ ਨੂੰ ਪਾਰਟੀ ’ਚੋਂ ਕਢਵਾਉਣ ਵਿੱਚ ਆਸ਼ਾ ਕੁਮਾਰੀ ਅਤੇ ਜਗਮੋਹਨ ਕੰਗ ਦਾ ਹੱਥ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਦਿੱਲੋਂ ਸਤਿਕਾਰ ਕਰਦੇ ਹਨ ਅਤੇ ਹਮੇਸ਼ਾਂ ਕਰਦੇ ਰਹਿਣਗੇ।
ਹੁਣ ਜਦੋਂ ਹਲਕਾ ਖਰੜ ਤੋਂ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਨਾਲ ਹਲਕਾ ਖਰੜ ਦੇ ਕਾਂਗਰਸੀ ਆਗੂ ਅਤੇ ਵਰਕਰ ਨਹੀਂ ਤੁਰੇ ਅਤੇ ਉਨ੍ਹਾਂ ਨੇ ਕੰਗ ਨੂੰ ਸਮਰਥਨ ਨਹੀਂ ਦਿੱਤਾ ਤਾਂ ਪਹਿਲਾਂ ਹੀ ਆਪਣੀ ਹਾਰ ਤੋਂ ਘਬਰਾਉਂਦਿਆਂ ਕੰਗ ਨਾਲ ਹਾਈ ਕਮਾਂਡ ਨੂੰ ਗਲਤ ਤੇ ਗੁੰਮਰਾਕੁੰਨ ਰਿਪੋਰਟਾਂ ਦੇ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਕੱਢਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ। ਸ੍ਰੀਮਤੀ ਗਰਚਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਹਲਕਾ ਖਰੜ ਤੋਂ ਕਾਂਗਰਸੀ ਉਮੀਦਵਾਰ ਕੰਗ ਪਹਿਲਾਂ ਤੋਂ ਤੀਜੇ ਨੰਬਰ ’ਤੇ ਚੱਲ ਰਹੇ ਸਨ, ਪ੍ਰੰਤੂ ਹੁਣ ਤਾਂ ਬਿਲਕੁਲ ਸਪੱਸ਼ਟ ਹੀ ਹੋ ਗਿਆ ਹੈ ਕਿ ਉਹ ਵੱਡੇ ਫਰਕ ਨਾਲ ਚੋਣ ਹਾਰ ਕੇ ਕਾਂਗਰਸ ਪਾਰਟੀ ਦੇ ਹੱਥੋਂ ਇਹ ਸੀਟ ਗੁਆਉਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…