nabaz-e-punjab.com

ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਮਦਦ ਲਈ ਕੀਤਾ ਧੰਨਵਾਦ

ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਤੀਰਅੰਦਾਜ਼ੀ ਦਾ ਸਾਜ਼ੋ-ਸਾਮਾਨ ਖਰੀਦਣ ਦੀ ਪ੍ਰਕ੍ਰਿਆ ਤੇਜ਼ ਕਰਨ ਲਈ ਆਖਿਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਜੁਲਾਈ
ਚੀਨ ਵਿੱਚ ਸਾਲ 2017 ਦੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਚੁਣੇ ਗਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੀਰਅੰਦਾਜ਼ਾਂ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਮੇਂ ਸਿਰ ਦਖ਼ਲ ਦੇਣ ਲਈ ਧੰਨਵਾਦ ਕੀਤਾ ਜਿਸ ਸਦਕਾ ਉਨ੍ਹਾਂ ਦਾ ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲੈਣਾ ਯਕੀਨੀ ਹੋ ਸਕਿਆ। ਨਾ-ਉਮੀਦ ਹੋਏ ਵਿਦਿਆਰਥੀਆਂ ਦੀ ਅਪੀਲ ’ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਇਨ੍ਹਾਂ ਤੀਰਅੰਦਾਜ਼ਾਂ ਨੂੰ ਲੋੜੀਂਦੇ ਫੰਡ ਤੁਰੰਤ ਜਾਰੀ ਕਰਨ ਦੇਣ ਦੇ ਹੁਕਮ ਦਿੱਤੇ।
ਮੁੱਖ ਮੰਤਰੀ ਨੇ ਲੋੜੀਂਦੇ ਖਰਚੇ ਦੀ ਰਾਸ਼ੀ ਜਮ੍ਹਾਂ ਕਰਵਾਉਣ ਦੀ ਅੰਤਮ ਹੱਦ ਮੁੱਕਣ ਤੋਂ ਕੁਝ ਘੰਟੇ ਪਹਿਲਾਂ ਦਖ਼ਲ ਦਿੱਤਾ। ਤੀਰਅੰਦਾਜ਼ਾਂ ਨੇ ਅੱਜ ਮੁੱਖ ਮੰਤਰੀ ਨੂੰ ਇੱਥੇ ਸਰਕਾਰੀ ਰਿਹਾਇਸ਼ ’ਤੇ ਮਿਲ ਕੇ ਫੰਡਾਂ ਦੀ ਘਾਟ ਕਾਰਨ ਸੁਨਹਿਰੀ ਮੌਕੇ ਤੋਂ ਖੁੰਝ ਨਾ ਜਾਣ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਯੂਨੀਵਰਸਿਟੀ ਨੇ ਵਸੀਲਿਆਂ ਦੀ ਘਾਟ ਕਾਰਨ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 19 ਤੋਂ 30 ਅਗਸਤ ਤੱਕ ਤਾਈਪਾਈ ਵਿਖੇ ਹੋ ਰਹੇ ਕੌਮਾਂਤਰੀ ਮੁਕਾਬਲੇ ਲਈ ਇਨ੍ਹਾਂ ਤੀਰਅੰਦਾਜ਼ਾਂ ਦੀ ਚੋਣ ਹੋਣੀ ਪੰਜਾਬ ਲਈ ਮਾਣ ਵਾਲੀ ਗੱਲ ਹੈ ਅਤੇ ਮੁੱਖ ਮੰਤਰੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਉਹ ਆਪਣੇ ਵਤਨ ਦਾ ਨਾਮ ਉੱਚਾ ਕਰਨਗੇ। ਖੇਡਾਂ ਨੂੰ ਉਤਸ਼ਾਹਤ ਕਰਨ ਵਿੱਚ ਖੁਦ ਡੂੰਘੀ ਦਿਲਚਸਪੀ ਲੈਣ ਵਾਲੇ ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੂੰ ਤੀਰਅੰਦਾਜ਼ਾਂ ਲਈ ਨਵਾਂ ਸਾਜ਼ੋ-ਸਾਮਾਨ ਖਰੀਦਣ ਨਾਲ ਸਬੰਧਤ ਬਕਾਇਆ ਪਈਆਂ ਫਾਈਲਾਂ ਨੂੰ ਛੇਤੀ ਪ੍ਰਵਾਨਗੀ ਦੇਣ ਲਈ ਆਖਿਆ।
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਯੂਨੀਵਰਸਿਟੀ ਨੇ ਮੰਗਲਵਾਰ ਦੀ ਸ਼ਾਮ ਨੂੰ ਤੀਰਅੰਦਾਜ਼ ਪ੍ਰਭਜੋਤ ਕੌਰ, ਇੰਦਰਜੀਤ ਵਰਮਾ, ਅਮਨਜੀਤ ਸਿੰਘ, ਲਵਜੀਤ ਸਿੰਘ ਅਤੇ ਸਨੇਹਲ ਮਨਧੇਰ ਲਈ ਲੋੜੀਂਦੇ ਫੰਡ ਜਾਰੀ ਕਰ ਦਿੱਤੇ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਉਪ ਕੁਲਪਤੀ ਐਸ.ਕੇ. ਸੰਧੂ ਨੂੰ ਭਰੋਸਾ ਦਿਵਾਇਆ ਕਿ ਜੇਕਰ ਯੂਨੀਵਰਸਿਟੀ ਖਰਚਾ ਚੁੱਕਣ ਦੇ ਸਮਰਥ ਨਾ ਹੋਈ ਤਾਂ ਸਰਕਾਰ ਵੱਲੋਂ ਇਕ ਲੱਖ 73 ਹਜ਼ਾਰ ਰੁਪਏ ਪ੍ਰਤੀ ਤੀਰਅੰਦਾਜ਼ ਦਾ ਬਿੱਲ ਸਹਿਣ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…