ਪੰਜਾਬ ਵਿੱਚ ਆਪ ਪਾਰਟੀ ਨੇ ਨਸ਼ਾ-ਵਿਰੋਧੀ ਮੁਹਿੰਮ ਲਈ ਕਮਰਕੱਸੀ, ਆਪ ਵਾਲੰਟੀਅਰਾਂ ਤੇ ਉਮੀਦਵਾਰਾਂ ਤੋਂ ਅੰਕੜੇ ਮੰਗੇ

ਨਕੋਦਰ (ਜਲੰਧਰ) ਵਿੱਚ ‘ਆਪ’ ਦੇ ਸ਼ੁਕਰਾਨਾ-ਸਮਾਰੋਹ ਵਿੱਚ ਹੋਇਆ ਭਾਰੀ ਇਕੱਠ, ਸੀਨੀਅਰ ਆਗੂ ਬਾਗੋਬਾਗ

ਨਬਜ਼-ਏ-ਪੰਜਾਬ ਬਿਊਰੋ, ਨਕੋਦਰ (ਜਲੰਧਰ), 26 ਫਰਵਰੀ:
ਆਮ ਆਦਮੀ ਪਾਰਟੀ (ਆਪ) ਨੇ ਅੱਜ ਰਸਮੀ ਤੌਰ ਉੱਤੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਦਿਆਂ ਸਮੁੱਚੇ ਸੂਬੇ ਵਿੱਚ ਨਸ਼ਾ-ਪੀੜਤਾਂ ਤੇ ਨਸ਼ਾ-ਛੁਡਾਊ ਕੇਂਦਰਾਂ ਦੇ ਅੰਕੜੇ ਇਕੱਠੇ ਕਰਨ ਲਈ ਆਪਣੇ ਉਮੀਦਵਾਰਾਂ ਤੇ ਵਲੰਟੀਅਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ। ਅੱਜ ਨਕੋਦਰ ਵਿੱਚ ਪਾਰਟੀ ਵਲੰਟੀਅਰਾਂ ਦਾ ਧੰਨਵਾਦ ਕਰਨ ਲਈ ਰੱਖੇ ਸਮਾਰੋਹ ਵਿੱਚ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਅਤੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਸਮੇਤ ਇਸ ਦੇ ਸੀਨੀਅਰ ਰਾਸ਼ਟਰੀ ਆਗੂ ਮੌਜੂਦ ਸਨ। ਪਾਰਟੀ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦਾ ਸਾਹਮਣਾ ਕਰਨ ਲਈ ਇੱਕ ਰੂਪ-ਰੇਖਾ ਜੱਗ ਜ਼ਾਹਿਰ ਕੀਤੀ ਕਿਉਂਕਿ ਇਹ ਮੁੱਦਾ ਆਮ ਆਦਮੀ ਪਾਰਟੀ ਦੇ ਮੈਨੀਫ਼ੈਸਟੋ ਵਿੱਚ ਕੀਤੇ ਪ੍ਰਮੁੱਖ ਵਾਅਦਿਆਂ ਵਿੱਚੋਂ ਇੱਕ ਸੀ।
ਇਸ ਮੌਕੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਸੰਸਦ ਮੈਂਬਰ ਭਗਵੰਤ ਮਾਨ ਤੇ ਪ੍ਰੋ. ਸਾਧੂ ਸਿੰਘ ਤੇ ਐੱਚ.ਐੱਸ. ਫੂਲਕਾ ਜਿਹੇ ਸੂਬਾਈ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਰੇ 117 ਉਮੀਦਵਾਰ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਦੁਰਗੇਸ਼ ਪਾਠਕ ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਆਪਣੀ ਸਰਕਾਰ ਕਾਇਮ ਕਰਨ ਦੇ 24 ਘੰਟਿਆਂ ਅੰਦਰ ਨਸ਼ਿਆਂ ਦੀ ਸਪਲਾਈ ਦੀ ਲੜੀ ਕੱਟ ਦੇਵੇਗੀ ਅਤੇ ਇੱਕ ਮਹੀਨੇ ਅੰਦਰ ਸੂਬੇ ਵਿੱਚੋਂ ਨਸ਼ਿਆਂ ਦੀ ਸਮੱਸਿਆ ਦਾ ਖ਼ਾਤਮਾ ਕਰ ਦੇਵੇਗੀ। ਉਨ੍ਹਾਂ ਪਾਰਟੀ ਉਮੀਦਵਾਰਾਂ ਅਤੇ ਵਲੰਟੀਅਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਨਿਸ਼ਚਤ ਫ਼ਾਰਾਂ ਵਿੱਚ ਨਸ਼ਿਆਂ ਬਾਰੇ ਅੰਕੜੇ ਇਕੱਠੇ ਕਰਨ ਲਈ ਕਿਹਾ। ਉਮੀਦਵਾਰਾਂ ਨੂੰ ਤਿੰਨ ਦਿਨਾਂ ਦੇ ਅੰਦਰ ਸਾਰੇ ਸਰਕਾਰੀ ਨਸ਼ਾ-ਛੁਡਾਊ ਕੇਂਦਰਾਂ ਵਿੱਚ ਪੈਰਾਮੈਡਿਕ ਸਟਾਫ਼ ਅਤੇ ਇਲਾਜ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ। ਪਾਠਕ ਨੇ ਪਾਰਟੀ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਨੂੰ ਬਹੁਤ ਨਿਮਰਤਾ ਨਾਲ ਪ੍ਰਵਾਨ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਸਦਾ ਸਮਾਜ ਤੇ ਸੂਬੇ ਦੀ ਭਲਾਈ ਬਾਰੇ ਹੀ ਸੋਚਣ। ਉਨ੍ਹਾਂ ਕਿਹਾ ਕਿ ਸੱਤਾ ਲੈਣੀ ਸੁਖਾਲੀ ਹੈ ਪਰ ਇੱਕ ਤੰਦਰੁਸਤ ਸਮਾਜ ਬਣਾਉਣਾ ਬਹੁਤ ਅੌਖਾ ਕੰਮ ਹੈ।
ਸ੍ਰੀ ਸੰਜੇ ਸਿੰਘ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜਾਬ ਦੀ ਜਨਤਾ ਵੱਲੋਂ ਮਿਲੇ ਸਮਰਥਨ ਅਤੇ ਨਿੱਘ ਤੋਂ ਬਹੁਤ ਜ਼ਿਆਦਾ ਖ਼ੁਸ਼ ਹਨ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਪੂਰਨ ਬਹੁਮੱਤ ਨਾਲ ਆਪਣੀ ਸਰਕਾਰ ਕਾਇਮ ਕਰੇਗੀ। ਉਨ੍ਹਾਂ ਵਲੰਟੀਅਰਾਂ ਅਤੇ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਆਪਣੇ ਮੈਨੀਫ਼ੈਸਟੋ ਵਿੱਚ ਕੀਤਾ ਹਰੇਕ ਵਾਅਦਾ ਪੂਰਾ ਕਰੇਗੀ। ਉਨ੍ਹਾਂ ਪਾਰਟੀ ਉਮੀਦਵਾਰਾਂ ਅਤੇ ਵਲੰਟੀਅਰਾਂ ਨੂੰ ਕਿਹਾ ਕਿ ਉਹ ਪੰਜਾਬ ਨੂੰ ਪ੍ਰਸੰਨ-ਚਿੱਤ ਅਤੇ ਖ਼ੁਸ਼ਹਾਲ ਸੂਬਾ ਬਣਾਉਣ ਲਈ ਇੱਕ ਲੰਮੀ ਜੰਗ ਲੜਨ ਲਈ ਤਿਆਰ ਰਹਿਣ।
ਪਾਰਟੀ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨਾਲ ਜ਼ਿੰਮੇਵਾਰੀ ਵੀ ਵੱਡੀ ਹੀ ਆਵੇਗੀ ਪਰ ਅਸੀਂ ਇਸ ਦੇ ਜਸ਼ਨ ਉਦੋਂ ਹੀ ਮਨਾਵਾਂਗੇ, ਜਦੋਂ ਗ਼ਰੀਬ ਕਿਸਾਨਾਂ, ਬੇਰੋਜ਼ਗਾਰ ਨੌਜਵਾਨਾਂ ਅਤੇ ਦਲਿਤਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਦੇ ਦੁੱਖਾਂ ਦਾ ਅੰਤ ਕਰਨ ਦੇ ਯੋਗ ਹੋਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ; ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਤਿਆਰ ਕੀਤੀ ਰੂਪ-ਰੇਖਾ ਲਾਗੂ ਕਰੇਗੀ। ਇਸ ਮੌਕੇ ਕੰਵਰ ਸੰਧੂ, ਸੁਖਪਾਲ ਖੈਰਾ, ਹਰਜੋਤ ਸਿੰਘ ਬੈਂਸ, ਪ੍ਰੋ. ਬਲਜਿੰਦਰ ਕੌਰ, ਜਸਕੀਰਤ ਕੌਰ ਮਾਨ, ਕੁਲਤਾਰ ਸਿੰਘ, ਕਰਨਵੀਰ ਸਿੰਘ ਟਿਵਾਣਾ, ਜੱਸੀ ਜਸਰਾਜ ਅਤੇ ਅਮਨ ਅਰੋੜਾ ਜਿਹੇ ਪਤਵੰਤੇ ਸੱਜਣ ਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…