‘ਆਪ’ ਸਰਕਾਰ ਦੇ ਘਰੇਲੂ, ਖੇਤੀ ਤੇ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵਾਅਦੇ ਫੌਕੇ: ਸਿੱਧੂ

ਬਿਜਲੀ ਸਪਲਾਈ ਸਬੰਧੀ ਸੂਬਾ ਸਰਕਾਰ ਦੀ ਅਣਗਹਿਲੀ ਕਾਰਨ ਮੁਹਾਲੀ ਦੇ ਲੋਕ ਪ੍ਰੇਸ਼ਾਨ: ਸਾਬਕਾ ਮੰਤਰੀ

ਨਬਜ਼-ਏ-ਪੰਜਾਬ, ਮੁਹਾਲੀ, 5 ਜੁਲਾਈ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਘਰੇਲੂ, ਖੇਤੀ ਅਤੇ ਉਦਯੋਗਿਕ ਖੇਤਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਫੌਕੇ ਵਾਅਦਿਆਂ ਦੀ ਨਿਖੇਧੀ ਕੀਤੀ ਅਤੇ ਲਗਾਤਾਰ ਪਾਵਰ ਕੱਟਾਂ ਦਾ ਸਾਹਮਣਾ ਕਰ ਰਹੇ ਮੁਹਾਲੀ ਵਾਸੀਆਂ ਦੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ, ’’ ਅੱਜ ਮੁਹਾਲੀ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਨੂੰ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਦਾ ਇਸ ਵਧਦੀ ਗਰਮੀ ਵਿੱਚ ਜਿਉਣਾ ਅੌਖਾ ਹੋ ਰਿਹਾ ਹੈ ਲੇਕਿਨ ਪੰਜਾਬ ਸਰਕਾਰ ਬਿਨਾਂ ਕਿਸੇ ਦੀ ਚਿੰਤਾ ਕੀਤੇ ਸੁੱਤੀ ਪਈ ਹੈ।’’
ਸਿੱਧੂ ਨੇ ਅੱਗੇ ਕਿਹਾ, ’’ਮਾਨਸੂਨ ਵੀ ਸ਼ੁਰੂ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਮੁਹਾਲੀ ਵਾਸੀਆਂ ਨੂੰ ਪਾਵਰ ਕੱਟਾਂ ਤੋਂ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਹੈ। ਅੱਜ ਵੀ ਲੋਕਾਂ ਨੂੰ ਬਿਨਾਂ ਬਿਜਲੀ ਤੋਂ ਰਾਤਾਂ ਕੱਟਣੀਆਂ ਪੈ ਰਹੀਆਂ ਹਨ ਅਤੇ ਇਹ ਤਾਂ ਸਿਰਫ਼ ਸ਼ਹਿਰੀ ਇਲਾਕਿਆਂ ਦਾ ਹਾਲ ਹੈ, ਪਿੰਡਾਂ ਦੇ ਹਾਲਾਤ ਤਾਂ ਇਸ ਤੋਂ ਵੀ ਬਦਤਰ ਨੇ।’’ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦਰਸਾਉਂਦੇ ਸਿੱਧੂ ਨੇ ਕਿਹਾ, ’’ ਝੋਨੇ ਦੀ ਲਵਾਈ ਦੇ ਸੀਜ਼ਨ ਵਿਚਕਾਰ ਵਾਰ-ਵਾਰ ਬਿਜਲੀ ਬੰਦ ਹੋਣ ਕਾਰਨ ਅਤੇ ਲੰਬੇ ਪਾਵਰ ਕੱਟਾਂ ਕਾਰਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅੱਜ ਸਮੁੱਚੇ ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਰਹੇ ਹਨ, ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਰਹੀ ਹੈ ਅਤੇ ਇਸਦਾ ਖਾਮਿਆਜ਼ਾ ਸਿਰਫ਼ ਤੇ ਸਿਰਫ਼ ਕਿਸਾਨਾਂ ਅਤੇ ਆਮ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ।’’
ਸੂਬੇ ਦੇ ਤਾਪ-ਘਰਾਂ ਦੀ ਹਾਲਤ ’ਤੇ ਗੰਭੀਰ ਚਿੰਤਾ ਜਤਾਉਂਦਿਆਂ ਸਿੱਧੂ ਨੇ ਕਿਹਾ, ’’ਪੰਜਾਬ ਵਿੱਚ ਤਾਪ-ਘਰਾਂ ਦੇ 15 ‘ਚੋਂ 4 ਯੂਨਿਟ ਬੰਦ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਦੋ ਥਰਮਲ ਯੂਨਿਟ ਇੱਕ ਸਰਕਾਰੀ ਪਲਾਂਟ, ਰੂਪਨਗਰ ਵਿਖੇ ਅਤੇ ਦੂਜਾ ਨਿੱਜੀ ਤੌਰ ‘ਤੇ ਸੰਚਾਲਿਤ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਤਕਨੀਕੀ ਨੁਕਸ ਕਾਰਨ ਬੰਦ ਹੋ ਗਏ। ਇਹ ਬਿਜਲੀ ਸੰਕਟ ਨਹੀਂ, ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਭਗਵੰਤ ਮਾਨ ਦੀ ਸਰਕਾਰ ਕੇਵਲ ਮੀਡੀਆ ਦੀ ਝੂਠੀ ਚਮਕ ਵਿੱਚ ਰੁੱਝੀ ਹੋਈ ਹੈ ਜੋ ਕਿ ਜ਼ਮੀਨੀ ਹਕੀਕਤਾਂ ਤੋਂ ਬਹੁਤ ਦੂਰ ਹੈ।’’ ਸਿੱਧੂ ਨੇ ਅੱਗੇ ਕਿਹਾ, ’’ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ‘ਆਪ’ ਸਰਕਾਰ ਕਾਰਨ ਪੈਦਾ ਹੋਈ ਆਰਥਿਕ ਗੜਬੜੀ ਕਾਰਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਿਰਫ਼ ਏਨਾ ਹੀ ਨਹੀਂ ਬਿਜਲੀ ਵਿਭਾਗ ਵਿੱਚ ਕਰਮਚਾਰੀਆਂ ਦੀ ਕਾਫ਼ੀ ਘਾਟ ਜਿਸ ਕਾਰਨ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਰਿਹਾ।’’
ਬਲਬੀਰ ਸਿੱਧੂ ਨੇ ਭਗਵੰਤ ਮਾਨ ਸਰਕਾਰ ‘ਤੇ ਸਖ਼ਤ ਪ੍ਰਹਾਰ ਕਰਦਿਆਂ ਕਿਹਾ, ’’ਜਿੱਥੇ ਅੱਜ ਪੂਰਾ ਪੰਜਾਬ ਬਿਜਲੀ ਸੰਕਟ ‘ਚ ਫਸਿਆ ਹੋਇਆ ਹੈ, ਓਥੇ ਹੀ ਬਿਜਲੀ ਵਿਭਾਗ ਵਿਚ ਢੇਰ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ। ਮਜਬੂਰ ਕਰਮਚਾਰੀ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ 18-20 ਘੰਟੇ ਤੱਕ ਡਿਊਟੀਆਂ ਨਿਭਾ ਰਹੇ ਹਨ, ਜਿੱਥੇ ਮੈਂ ਇਨ੍ਹਾਂ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਹਾਂ ਜੋ ਦਿਨ ਰਾਤ ਕੰਮ ਕਰ ਰਹੇ ਹਨ ਸਾਨੂੰ ਨਿਰਵਿਘਨ ਬਿਜਲੀ ਪਹੁੰਚਾਉਣ ਲਈ, ਉੱਥੇ ਹੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦਾ ਹਾਂ ਕਿ ਉਹ ਬਿਜਲੀ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਪੂਰਾ ਕਰਨ ਅਤੇ ਇਸ ਪਾਵਰ ਕੱਟ ਦੀ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇ।’’

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…