ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਦਸਤਾਰਾਂ ਦਾ ਕੈਂਪ ਲਗਾਉਣਾ ਸ਼ਲਾਘਾਯੋਗ ਉਪਰਾਲਾ: ਜਥੇਦਾਰ ਕੁਲਦੀਪ ਸਿੰਘ ਗੜਗੱਜ
ਦਸਤਾਰ ਸਾਡੀ ਸ਼ਾਨ ਹੈ ਅਤੇ ਇਹ ਸਾਨੂੰ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਅਨਮੋਲ ਤੋਹਫ਼ਾ ਹੈ: ਸਰਬਜੀਤ ਝਿੰਜਰ
ਨਬਜ਼-ਏ-ਪੰਜਾਬ, ਮੁਹਾਲੀ, 6 ਮਾਰਚ:
ਖ਼ਾਲਸਾ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ‘‘ਵਿਰਸਾ ਸੰਭਾਲ ਸਰਦਾਰੀ ਲਹਿਰ’’ ਅਤੇ ‘‘ਮੇਰੀ ਦਸਤਾਰ ਮੇਰੀ ਸ਼ਾਨ’’ ਮੁਹਿੰਮ ਤਹਿਤ ਵਿਸ਼ਾਲ ਦਸਤਾਰ ਕੈਂਪ ਲਗਾਇਆ ਗਿਆ।
‘‘ਵਿਰਸਾ ਸੰਭਾਲ ਸਰਦਾਰੀ ਲਹਿਰ’’ ਦੇ ਮੁਖੀ ਮਨਦੀਪ ਸਿੰਘ ਖੁਰਦ ਵੀ ਆਪਣੀ ਟੀਮ ਸਮੇਤ ਸੇਵਾ ਲਈ ਮੌਕੇ ‘ਤੇ ਹਾਜ਼ਰ ਰਹੇ। ਦੋਵਾਂ ਧਿਰਾਂ ਨੇ ਮਿਲ ਕੇ ਇਹ ਕੈਂਪ ਸਫਲਤਾਪੂਰਵਕ ਲਗਾਇਆ ਅਤੇ ਨੌਜਵਾਨਾਂ ਨੂੰ ਦਸਤਾਰ ਦੀ ਮਹੱਤਤਾ ਨਾਲ ਜੋੜਿਆ। ਕੈਂਪ ਦੀ ਸ਼ੁਰੂਆਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕੀਤੀ। ਉਨ੍ਹਾਂ ਕਿਹਾ ਕਿ ਦਸਤਾਰ ਸਾਨੂੰ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਹੋਇਆ ਤਾਜ ਹੈ, ਜੋ ਸਿੱਖ ਦੀ ਪਹਿਚਾਣ, ਮਰਿਆਦਾ ਅਤੇ ਆਤਮ-ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦਸਤਾਰ ਦੀ ਲਾਜ ਰੱਖਣਾ ਹਰ ਸਿੱਖ ਦਾ ਫਰਜ਼ ਹੈ ਅਤੇ ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਹਾਨ ਵਿਰਾਸਤ ਨਾਲ ਜੋੜਦੇ ਹਨ।
ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ‘‘ਮੇਰੀ ਦਸਤਾਰ ਮੇਰੀ ਸ਼ਾਨ’’ ਮੁਹਿੰਮ ਦਾ ਮਕਸਦ ਨੌਜਵਾਨਾਂ ਵਿੱਚ ਸਿੱਖੀ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਅਤੇ ਦਸਤਾਰ ਦੀ ਅਹਿਮੀਅਤ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਯੂਥ ਅਕਾਲੀ ਦਲ ਵੱਲੋਂ ਹੁਣ ਤੱਕ ਦੇਸ਼ ਅਤੇ ਵਿਦੇਸ਼ ਵਿੱਚ 500 ਤੋਂ ਵੱਧ ਦਸਤਾਰ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਦਸਤਾਰ ਬੰਨ੍ਹਣ ਦੀ ਪ੍ਰੇਰਣਾ ਅਤੇ ਸਿਖਲਾਈ ਦਿੱਤੀ ਗਈ ਹੈ।
ਯੂਥ ਅਕਾਲੀ ਦਲ ਦੇ ਸਕੱਤਰ ਤੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਦਸਤਾਰ ਸਿਰਫ਼ ਸਿਰ ਦਾ ਸ਼ੰਗਾਰ ਨਹੀਂ, ਸਗੋਂ ਸਿੱਖ ਦੀ ਸ਼ਖਸੀਅਤ, ਹਿੰਮਤ ਅਤੇ ਅਟੱਲ ਵਿਸ਼ਵਾਸ ਦੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੱਛਮੀ ਪ੍ਰਭਾਵਾਂ ਤੋਂ ਉੱਪਰ ਉੱਠ ਕੇ ਆਪਣੀ ਅਸਲੀ ਵਿਰਾਸਤ ਨਾਲ ਜੁੜਨਾ ਚਾਹੀਦਾ ਹੈ ਅਤੇ ਦਸਤਾਰ ਨੂੰ ਮਾਣ ਅਤੇ ਅਨੁਸ਼ਾਸਨ ਦੇ ਤਾਜ ਵਜੋਂ ਅਪਣਾਉਣਾ ਚਾਹੀਦਾ ਹੈ।
ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਐਗਜੈਕਟਿਵ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਐੱਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ, ਸੰਦੀਪ ਸਿੰਘ ਕਲੋਤਾ, ਐਡਵੋਕੇਟ ਗੁਰਪ੍ਰੀਤ ਸਿੰਘ ਫਾਟਵਾਂ, ਸੁਖਬੀਰ ਸਿੰਘ ਕਲਮਾ, ਜਗਦੀਪ ਸਿੰਘ ਕਾਉਂਕੇ, ਜਗਦੀਪ ਸਿੰਘ ਜੱਗੀ ਚੋਲਾ, ਹਰਪ੍ਰੀਤ ਸਿੰਘ ਰਿਚੀ, ਅਵਤਾਰ ਸਿੰਘ ਤਾਰੀ, ਜਤਿੰਦਰ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਰਾਏਪੁਰ, ਅਰਵਿੰਦਰ ਸਿੰਘ ਕਾਲੇਵਾਲ, ਗੁਰਜੀਤ ਸਿੰਘ ਬੈਂਸ , ਰਮਨਦੀਪ ਸਿੰਘ ਕੰਸਾਲਾ, ਗੁਰਪ੍ਰੀਤ ਸਿੰਘ ਢਕੋਰਾਂ ਮੌਜੂਦ ਰਹੇ।