1.60 ਕਰੋੜ ਰੁਪਏ ਦੀ ਲਾਗਤ ਨਾਲ ਬਦਲੇਗੀ ਫੇਜ਼-7 ਦੀ ਨੁਹਾਰ

ਮੇਅਰ ਨੇ ਵਾਰਡ ਨੰਬਰ-10 ਵਿੱਚ ਸੜਕਾਂ ਤੇ ਪਾਰਕਿੰਗਾਂ ਵਿੱਚ ਕਾਰਪੇਟਿੰਗ ਦਾ ਕੀਤਾ ਆਗਾਜ਼

ਨਬਜ਼-ਏ-ਪੰਜਾਬ, ਮੁਹਾਲੀ, 11 ਅਕਤੂਬਰ:
ਮੁਹਾਲੀ ਸ਼ਹਿਰ ਵਿੱਚ ਵਿਕਾਸ ਦੀ ਦੌੜ ਨੂੰ ਹੋਰ ਗਤੀ ਮਿਲੀ ਹੈ ਜਦੋਂ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਆਪਣੇ ਵਾਰਡ ਨੰਬਰ-10 (ਫੇਜ਼-7) ਵਿੱਚ ਬਹੁਤ ਸਮੇਂ ਤੋਂ ਬਕਾਇਆ ਸੜਕਾਂ ਅਤੇ ਪਾਰਕਿੰਗ ਖੇਤਰਾਂ ਦੇ ਕਾਰਪੇਟਿੰਗ ਪ੍ਰਾਜੈਕਟ ਦਾ ਸ਼ੁਭ ਆਗਾਜ਼ ਕੀਤਾ। ਇਹ ਪ੍ਰਾਜੈਕਟ ਮੁਹਾਲੀ ਦੇ ਇੰਫਰਾਸਟਰਕਚਰ ਨੂੰ ਹੋਰ ਮਜ਼ਬੂਤ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇਕ ਹੋਰ ਮਹੱਤਵਪੂਰਣ ਕਦਮ ਹੈ। ਇਸ ਪ੍ਰਾਜੈਕਟ ਲਈ ਕੁੱਲ 1.60 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ, ਜਿਸ ’ਚੋਂ 71 ਲੱਖ ਰੁਪਏ ਫੇਜ਼-7 ਮਾਰਕੀਟ ਦੀ ਬੈਕਸਾਈਡ ਸੜਕਾਂ ਤੇ ਖਰਚੇ ਜਾਣਗੇ, ਜਦਕਿ 90 ਲੱਖ ਰੁਪਏ ਫਰੰਟ ਸਾਈਡ ਪਾਰਕਿੰਗ ਖੇਤਰਾਂ ਦੇ ਸੁਧਾਰ ’ਤੇ ਲਗਾਏ ਜਾਣਗੇ। ਇਹ ਪ੍ਰਾਜੈਕਟ ਖਾਸ ਤੌਰ ’ਤੇ ਉਨ੍ਹਾਂ ਸੜਕਾਂ ਅਤੇ ਪਾਰਕਿੰਗ ਸਥਾਨਾਂ ਲਈ ਸ਼ੁਰੂ ਕੀਤਾ ਗਿਆ ਹੈ ਜੋ ਕਾਫ਼ੀ ਸਮੇਂ ਤੋਂ ਖਰਾਬ ਹਾਲਤ ਵਿੱਚ ਸਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਹ ਪ੍ਰਾਜੈਕਟ ਸਿਰਫ਼ ਸੜਕਾਂ ਦੀ ਮੁਰੰਮਤ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਲੋਕਾਂ ਦੀ ਸੁਵਿਧਾ, ਸੁਰੱਖਿਆ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਨਵਾਂ ਰੂਪ ਦੇਣ ਦਾ ਉਦੇਸ਼ ਰੱਖਦਾ ਹੈ। ‘‘ਸਾਡਾ ਮਕਸਦ ਸਿਰਫ਼ ਟੁੱਟੀਆਂ ਸੜਕਾਂ ਨੂੰ ਠੀਕ ਕਰਨਾ ਨਹੀਂ, ਸਗੋਂ ਮੁਹਾਲੀ ਨੂੰ ਇੱਕ ਮਾਡਰਨ ਅਤੇ ਵਧੀਆ ਸ਼ਹਿਰ ਵਜੋਂ ਵਿਕਸਤ ਕਰਨਾ ਹੈ। ਹਰ ਪ੍ਰਾਜੈਕਟ ਵਿੱਚ ਗੁਣਵੱਤਾ ਸਾਡੀ ਪਹਿਲੀ ਤਰਜੀਹ ਹੈ। ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਨਗਰ ਨਿਗਮ ਦੇ ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਹਰ ਵਿਕਾਸੀ ਪ੍ਰਾਜੈਕਟ ਦੀ ਗੁਣਵੱਤਾ ਅਤੇ ਸਮੇਂ-ਸਮੇਂ ’ਤੇ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਮੈਂ ਖੁਦ ਵੀ ਮੈਦਾਨੀ ਤੌਰ ’ਤੇ ਕੰਮਾਂ ਦੀ ਜਾਂਚ ਕਰਦਾ ਰਹਾਂਗਾ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਠੇਕੇਦਾਰਾਂ ਵੱਲੋਂ ਕੀਤਾ ਜਾ ਰਿਹਾ ਹਰ ਕੰਮ ਨਗਰ ਨਿਗਮ ਦੇ ਮਾਪਦੰਡਾਂ ’ਤੇ ਪੂਰਾ ਉਤਰਦਾ ਹੋਵੇ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਫੇਜ਼-7 ਦਾ ਹੀ ਨਹੀਂ, ਸਗੋਂ ਪੂਰੇ ਮੁਹਾਲੀ ਦਾ ਵਿਕਾਸੀ ਅਭਿਆਨ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਮੁਹਾਲੀ ਦੇ ਹਰ ਵਾਰਡ ਵਿੱਚ ਬਰਾਬਰ ਦਾ ਵਿਕਾਸ ਹੋਵੇ। ਕੋਈ ਵੀ ਇਲਾਕਾ ਪਿੱਛੇ ਨਾ ਰਹੇ ਚਾਹੇ ਉਹ ਨਵੀਂ ਕਾਲੋਨੀ ਹੋਵੇ ਜਾਂ ਪੁਰਾਣਾ ਇਲਾਕਾ। ਸਾਰੇ ਵਾਰਡਾਂ ਵਿੱਚ ਇੱਕੋ ਜਿਹਾ ਧਿਆਨ ਦਿੱਤਾ ਜਾ ਰਿਹਾ ਹੈ, ਅਤੇ ਹਰ ਨਿਵਾਸੀ ਤੱਕ ਵਿਕਾਸ ਦੇ ਲਾਭ ਪਹੁੰਚਣਗੇ। ਮੇਅਰ ਨੇ ਇਹ ਵੀ ਦੱਸਿਆ ਕਿ ਮੁਹਾਲੀ ਨਗਰ ਨਿਗਮ ਕੋਲ ਫਿਲਹਾਲ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਵਿਕਾਸ ਕਾਰਜਾਂ ਲਈ ਲੋੜਿੰਦਾ ਬਜਟ ਉਪਲਬਧ ਹੈ, ਅਤੇ ਇਹ ਸਾਡਾ ਵਾਅਦਾ ਹੈ ਕਿ ਕਿਸੇ ਵੀ ਪ੍ਰਾਜੈਕਟ ਨੂੰ ਫੰਡਾਂ ਦੀ ਘਾਟ ਕਾਰਨ ਰੋਕਿਆ ਨਹੀਂ ਜਾਵੇਗਾ। ਜਿਹੜਾ ਵੀ ਕੰਮ ਲੋਕਾਂ ਦੀ ਭਲਾਈ ਲਈ ਲੋੜੀਂਦਾ ਹੈ, ਉਹ ਤੁਰੰਤ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੀ ਨੀਤੀ ਦਾ ਹਿੱਸਾ ਹੈ ਕਿ ਪੈਸੇ ਦੀ ਕਮੀ ਕਦੇ ਵੀ ਵਿਕਾਸ ਵਿੱਚ ਰੁਕਾਵਟ ਨਾ ਬਣੇ।
ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸੈਂਟ ਸੋਲਜਰ ਸਕੂਲ ਦੇ ਸਾਹਮਣੇ ਵਾਲਾ ਇਲਾਕਾ ਵਿਸ਼ੇਸ਼ ਤੌਰ ‘ਤੇ ਇਸ ਕਾਰਜ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ, ਕਿਉਂਕਿ ਇੱਥੇ ਦਾ ਰਸਤਾ ਲੰਮੇ ਸਮੇਂ ਤੋਂ ਖਰਾਬ ਸੀ। ਮੇਅਰ ਸਿੱਧੂ ਨੇ ਕਿਹਾ ਕਿ ਨਿਵਾਸੀਆਂ ਦੀਆਂ ਮੰਗਾਂ ਅਤੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਵਾਰਡ ਲਈ ਅਲੱਗ ਵਿਕਾਸ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਕਾਗਜ਼ਾਂ ‘ਤੇ ਯੋਜਨਾਵਾਂ ਨਹੀਂ ਬਣਾਉਂਦੇ, ਸਗੋਂ ਮੈਦਾਨ ਵਿੱਚ ਉਨ੍ਹਾਂ ਨੂੰ ਲਾਗੂ ਕਰਨਾ ਸਾਡਾ ਮੰਤਵ ਹੈ। ਜਿੱਥੇ ਵੀ ਲੋਕਾਂ ਨੇ ਸਮੱਸਿਆ ਦਰਸਾਈ ਹੈ, ਉਥੇ ਤੁਰੰਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਚੰਗਾ ਪ੍ਰਸ਼ਾਸਨ ਉਹੀ ਹੁੰਦਾ ਹੈ ਜੋ ਲੋਕਾਂ ਦੀ ਆਵਾਜ਼ ਨੂੰ ਸੁਣਦਾ ਅਤੇ ਉਸ ‘ਤੇ ਤੁਰੰਤ ਅਮਲ ਕਰਦਾ ਹੈ।
ਇਸ ਮੌਕੇ ਬਲਕਰਨ ਸਿੰਘ ਭੱਟੀ, ਆਰ. ਜੀ. ਸ਼ਰਮਾ, ਮਨਪ੍ਰੀਤ ਸਿੰਘ ਖੂਨਰ, ਮਹਿੰਦਰ ਸਿੰਘ ਪੂਰੀ, ਅਨਮੋਲ ਰਤਨ ਸਿੰਘ, ਬਲਬੀਰ ਸਿੰਘ ਸੋਮਲ, ਆਰ. ਪੀ. ਬੰਸਲ, ਬਲਬੀਰ ਸਿੰਘ, ਅੰਕਿਤ, ਪੰਕਜ, ਬਲਜੀਤ ਸਿੰਘ, ਵਿਜਿੰਦਰ ਸਿੰਘ, ਦੀਪਕ, ਸੁਰਜੀਤ ਸਿੰਘ, ਕੀਰਤੀ ਬੰਸਲ, ਹਰਸ਼ਦੀਪ ਸਿੰਘ, ਮਨਜੀਤ ਸਿੰਘ ਅਤੇ ਰਾਜ ਤੇਗ ਸਿੰਘ ਅਤੇ ਹੋਰ ਵਸਨੀਕ ਹਾਜ਼ਰ ਸਨ। ਇਲਾਕੇ ਦੇ ਲੋਕਾਂ ਨੇ ਮੇਅਰ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪਹਿਲ ਸ਼ਹਿਰ ਦੇ ਵਿਕਾਸ ਪ੍ਰਤੀ ਉਨ੍ਹਾਂ ਦੀ ਸਮਰਪਿਤ ਸੋਚ ਨੂੰ ਦਰਸਾਉਂਦੀ ਹੈ। ਉਨ੍ਹਾਂ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯਤਨਾ ਨਾਲ ਮੋਹਾਲੀ ਦਾ ਇੰਫਰਾਸਟਰਕਚਰ ਨਵੇਂ ਮਾਪਦੰਡਾਂ ’ਤੇ ਪਹੁੰਚੇਗਾ।

Load More Related Articles
Load More By Nabaz-e-Punjab
Load More In Development and Work

Check Also

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਮੇਅਰ ਅਤੇ ‘ਆਪ’ ਵਿਧਾਇਕ ਦੇ ਬੇਟੇ ’ਚ ਤਲਖ-ਕਲਾਮੀ

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਮੇਅਰ ਅਤੇ ‘ਆਪ’ ਵਿਧਾਇਕ ਦੇ ਬੇਟੇ ’ਚ ਤਲਖ-ਕਲਾਮੀ ਸਫ਼ਾਈ ਵਿਵਸਥਾ ਤੇ ਕੂ…