ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਵੇਵ ਅਸਟੇਟ ਵਸਨੀਕਾਂ ਵੱਲੋਂ ਰੋਸ ਮੁਜ਼ਾਹਰਾ

ਕਲੱਬ ਹਾਊਸ ਦੇ ਨਾਂ ’ਤੇ ਖਰੀਦਦਾਰਾਂ ਤੋਂ ਕੀਤੀ ਲੁੱਟ ਦੀ ਉੱਚ ਪੱਧਰੀ ਜਾਂਚ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 4 ਸਤੰਬਰ:
ਇੱਥੋਂ ਦੇ ਵੇਵ ਅਸਟੇਟ ਸੈਕਟਰ-85 ਦੇ ਵਸਨੀਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਬਰਸਾਤੀ ਪਾਣੀ ਦਾ ਨਿਕਾਸ ਪ੍ਰਬੰਧ ਨਾ ਹੋਣ ਅਤੇ ਹੋਰ ਬੁਨਿਆਦੀ ਸਹੂਲਤਾਂ ਨਾ ਮਿਲਣ ਤੋਂ ਪ੍ਰੇਸ਼ਾਨ ਲੋਕਾਂ ਨੇ ਇਕੱਠੇ ਹੋ ਕੇ ਵੇਵ ਅਸਟੇਟ ਮੈਨੇਜਮੈਂਟ ਦਿਲਬਰਡ ਬਿਲਡਰਜ ਦੇ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਵਸਨੀਕਾਂ ਨੇ ਕਲੱਬ ਹਾਊਸ ਇਕੱਠੇ ਹੋ ਕੇ ਦਿਲਬਰਡ ਬਿਲਡਰਜ ਦਫਤਰ ਤੱਕ ਰੋਸ ਮੁਜ਼ਾਹਰਾ ਵੀ ਕੀਤਾ ਅਤੇ ਮੈਨੇਜਮੈਂਟ ਦੇ ਬਰ-ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਦੀ ਲਾਮਬੰਦੀ ਵੇਵ ਅਸਟੇਟ ਦੇ ਮੁੱਢਲੇ ਵਸਨੀਕ ਅਤੇ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਸੂਬਾ ਸਕੱਤਰ, ਸਾਬਕਾ ਪੁਲੀਸ ਅਧਿਕਾਰੀ ਮਹਿੰਦਰ ਸਿੰਘ ਨੇ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਪੁਲੀਸ ਅਫ਼ਸਰ ਮਹਿੰਦਰ ਸਿੰਘ ਨੇ ਕਿਹਾ ਕਿ ਵੇਵ ਅਸਟੇਟ ਦੇ ਖਾਸ ਕਰਕੇ ਬਲਾਕ ਏ ਦੇ ਵਸਨੀਕ ਪੰਜ-ਛੇ ਸਾਲਾਂ ਤੋਂ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਮੈਨੇਜਮੈਂਟ ਕੋਲ ਗੁਹਾਰ ਲਗਾ ਰਹੇ ਸਨ ਪ੍ਰੰਤੂ ਮੈਨੇਜਮੈਂਟ ਨੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਲਾਕ ‘ਏ’ ਦੀਆਂ ਕਈ ਗਲੀਆਂ ਵਿੱਚ ਬਰਸਾਤ ਸਮੇਂ ਕਈ ਕਈ ਫੁੱਟ ਪਾਣੀ ਭਰ ਜਾਂਦਾ ਹੈ। ਜਿਸ ਨਾਲ ਉਨ੍ਹਾਂ ਦੀਆਂ ਕਾਰਾਂ ਤੇ ਹੋਰ ਵਾਹਨਾਂ ਵਿੱਚ ਪਾਣੀ ਭਰਨ ਕਰਕੇ ਖਰਾਬ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਗਟਰਾਂ ਦੀ ਕੋਈ ਸਫਾਈ ਨਹੀਂ ਕੀਤੀ ਜਾਂਦੀ, ਗਲੀਆਂ ਦੇ ਵਿੱਚ ਭਾਰੀ ਮਾਤਰਾ ਵਿੱਚ ਇਕੱਠੇ ਹੋਏ ਕੂੜੇ ਕਵਾੜ ਦੀ ਵੀ ਕਈ ਕਈ ਦਿਨ ਸਫਾਈ ਨਹੀਂ ਕੀਤੀ ਜਾਂਦੀ। ਜਿਸ ਨਾਲ ਗੰਦਗੀ ਦੀ ਬਦਬੋ ਆਉਂਦੀ ਰਹਿੰਦੀ ਹੈ। ਜਿਸ ਕਰਕੇ ਸਬੰਧਤ ਏਰੀਆ ਵਿੱਚ ਬਿਮਾਰੀਆਂ ਫ਼ੈਲਣ ਦਾ ਵੀ ਡਰ ਬਣਿਆ ਹੋਇਆ ਹੈ।
ਉਨ੍ਹਾਂ ਨੇ ਮੈਨੇਜਮੈਂਟ ਦੇ ਕੁਝ ਅਧਿਕਾਰੀਆਂ ਵੱਲੋਂ ਨਾਗਰਿਕਾਂ ਨਾਲ ਦੁਰਵਿਵਹਾਰ ਕਰਨ ਦੇ ਵੀ ਦੋਸ਼ ਲਗਾਏ।
ਉਨ੍ਹਾਂ ਕਿਹਾ ਕਿ ਵੇਵ ਮੈਨੇਜਮੈਂਟ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਨੂੰ ਵੀ ਜਲਦੀ ਉਪਰੋਕਤ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਮਿਊਨਸੀਪਲ ਕਾਰਪੋਰੇਸ਼ਨ ਅਤੇ ਗਮਾਡਾ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੈਨੇਜਮੈਂਟ ਦੀ ਸ਼ਿਕਾਇਤ ਕੀਤੀ ਜਾਵੇਗੀ। ਅੱਜ ਦੇ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਲੋਕਾਂ ਨੇ ਵੇਵ ਮੈਨੇਜਮੈਂਟ ਤੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪੋ ਆਪਣੇ ਪਲਾਟਾਂ ਦੀ ਖਰੀਦ ਸਮੇਂ ਕਲੱਬ ਹਾਊਸ ਦੀ ਸਹੂਲਤ ਲੈਣ ਲਈ ਲੱਖਾਂ ਰੁਪਿਆ ਜਮਾ ਕਰਵਾਇਆ ਹੋਇਆ ਹੈ। ਪਰ ਮੈਨੇਜਮੈਂਟ ਫਿਰ ਵੀ ਉਨ੍ਹਾਂ ਨੂੰ ਉੱਥੇ ਵੜਨ ਨਹੀਂ ਦਿੰਦੀ। ਕਲੱਬ ਹਾਊਸ ਦਾ ਦਿਖਾਵਾ ਕਰਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਗਿਆ ਹੈ। ਇਸ ਦੀ ਵੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਉਨਾਂ ਰੋਸ ਪ੍ਰਦਰਸ਼ਨ ਦੌਰਾਨ ਮੈਨੇਜਮੈਂਟ ਨੂੰ ਇਹ ਵੀ ਚਿਤਾਵਨੀ ਦਿੱਤੀ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦੀ ਨਾ ਕੱਢਿਆ ਗਿਆ ਤਾਂ ਉਹ ਵੇਵ ਅਸਟੇਟ ਦੇ ਸਾਰੇ ਗੇਟ ਬੰਦ ਕਰਕੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨਗੇ।

ਇਸ ਮੌਕੇ ਆਰ.ਡਬਲਿਊ.ਏ. ਦੇ ਆਗੂ ਭੁਪਿੰਦਰ ਸਿੰਘ ਢਿੱਲੋਂ, ਸਤਵਿੰਦਰ ਸਿੰਘ ਮੱਲੀ, ਮੀਤ ਪ੍ਰਧਾਨ ਬਲਜੀਤ ਸਿੰਘ, ਪ੍ਰੋਗਰੈਸਿਵ ਫਰੰਟ ਪੰਜਾਬ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਫਰੰਟ ਦੇ ਪ੍ਰਮੁੱਖ ਆਗੂ ਪਰਮਜੀਤ ਸਿੰਘ ਮਲਕਪੁਰ, ਸੇਵਾਮੁਕਤ ਪੁਲੀਸ ਅਧਿਕਾਰੀ ਦਲਜੀਤ ਸਿੰਘ ਕੈਲੋਂ, ਪਵਨ ਸਚਦੇਵਾ, ਰਾਜੇਸ਼ ਸ਼ਰਮਾ, ਮਹੇਸ਼ ਸ਼ਰਮਾ ਵਾਈ. ਪੀ. ਰਤਨ, ਪ੍ਰੋ. ਅਮਰੀਕ ਸਿੰਘ, ਪੱਤਰਕਾਰ ਸੁਰਿੰਦਰ ਰਾਣਾ, ਪ੍ਰੇਮ ਸਿੰਗਲਾ, ਸਰੂਪ ਸਿੰਘ ਅਤੇ ਅਸੀਮ ਖੁੰਗਰ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…