Share on Facebook Share on Twitter Share on Google+ Share on Pinterest Share on Linkedin ਟੀਵੀ ਸ਼ੋਅ: ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਲੋਕਾਂ ਦਾ ਮਨੋਰੰਜਨ ਕਰਨਾ ਕਾਨੂੰਨ ਦੀ ਉਲੰਘਣਾ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੀਤੀ ਐਡਵੋਕੇਟ ਜਨਰਲ ਦੀ ਰਿਪੋਰਟ ਹਾਸਲ ਹੋਣ ਦੀ ਪੁਸ਼ਟੀ ਅਮਰਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਮਾਰਚ: ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਆਖਿਆ ਕਿ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਟੈਲੀਵੀਜ਼ਨ ਸ਼ੋਅ ਦੇ ਕੰਮਕਾਜ ਦਰਮਿਆਨ ਹਿੱਤਾਂ ਦਾ ਕੋਈ ਵੀ ਟਕਰਾਅ ਸਾਹਮਣੇ ਨਹੀਂ ਆਇਆ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ’ਤੇ ਐਡਵੋਕੇਟ ਜਨਰਲ ਪਾਸੋਂ ਰਿਪੋਰਟ ਹਾਸਲ ਹੋਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਹਾਲਤਾਂ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਨਾ ਸਿੱਧੂ ਦੇ ਟੀ.ਵੀ. ਸ਼ੋਅ ਵਿੱਚ ਕੰਮ ਵਿੱਚ ਕੋਈ ਅੜਿੱਕਾ ਹੈ ਅਤੇ ਨਾ ਹੀ ਉਨ੍ਹਾਂ ਦਾ ਸੱਭਿਆਚਾਰ ਵਿਭਾਗ ਬਦਲਣ ਦੀ ਲੋੜ ਹੈ। ਐਡਵੋਕੇਟ ਜਨਰਲ ਦੀ ਰਾਏ ਅਨੁਸਾਰ ਇਹ ਮਾਮਲਾ ਭਾਰਤੀ ਸੰਵਿਧਾਨ ਦੇ ਲੋਕ ਪ੍ਰਤੀਨਿਧ ਐਕਟ, 1951 ਜਾਂ ਆਚਰਣ ਸੰਹਿਤਾ ਦੀ ਉਲੰਘਣਾ ਨਹੀਂ ਹੈ। ਐਡਵੋਕੇਟ ਜਨਰਲ ਅਨੁਸਾਰ ਸਿੱਧੂ ਨੂੰ ਟੀ.ਵੀ ਸ਼ੋਅ ਦਾ ਕੰਮ ਜਾਰੀ ਰੱਖਣ ਵਿੱਚ ਕੋਈ ਕਾਨੂੰਨੀ ਪਾਬੰਦੀ ਨਹੀਂ ਹੈ। ਸ੍ਰੀ ਠੁਕਰਾਲ ਨੇ ਅੱਗੇ ਦੱਸਿਆ ਕਿ ਸ੍ਰੀ ਸਿੱਧੂ ਵੱਲੋਂ ਸਥਾਨਕ ਸਰਕਾਰ, ਸੈਰ-ਸਪਾਟਾ, ਸੱਭਿਆਚਾਰ ਮਾਮਲੇ, ਪੁਰਾਤੱਤਵ ਤੇ ਅਜਾਇਬ ਘਰ ਵਿਭਾਗਾਂ ਦੇ ਕੈਬਨਿਟ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਉਣ ਅਤੇ ਟੀ.ਵੀ. ਸ਼ੋਅ ਵਿੱਚ ਕੰਮ ਕਰਨ ਵਿੱਚ ਹਿੱਤਾਂ ਦਾ ਕੋਈ ਟਕਰਾਅ ਨਹੀਂ ਹੈ। ਐਡਵੋਕੇਟ ਜਨਰਲ ਵੱਲੋਂ ਚਾਰ ਸਫਿਆਂ ਦੀ ਦਿੱਤੀ ਰਿਪੋਰਟ ਦੇ ਸਾਰ ਤੱਤ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਸਿੱਧੂ ਦਾ ਸੱਭਿਆਚਾਰ ਵਿਭਾਗ ਬਦਲਣ ਦੀ ਕੋਈ ਲੋੜ ਨਹੀਂ ਹੈ। ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਪਾਸੋਂ ਸ੍ਰੀ ਸਿੱਧੂ ਦੇ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਮਹਿਮਾਨ ਦੇ ਰੂਪ ਵਿੱਚ ਕੰਮ ਨੂੰ ਜਾਰੀ ਰੱਖਣ ’ਤੇ ਕਿਸੇ ਕਿਸਮ ਦੀ ਰੋਕ ਹੋਣ ਸਬੰਧੀ ਕਾਨੂੰਨੀ ਰਾਏ ਮੰਗੀ ਸੀ ਕਿ ਕੀ ਅਜਿਹੇ ਕੰਮ ਨਾਲ ਹਿੱਤਾਂ ਦਾ ਟਕਰਾਅ ਪੈਦਾ ਹੋ ਸਕਦਾ ਹੈ। ਸੰਵਿਧਾਨ ਦਾ ਵੇਰਵਾ ਦਿੰਦਿਆਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ੋਅ ਵਿੱਚ ਮਹਿਮਾਨ ਜੱਜ ਦੀ ਭੂਮਿਕਾ ਨਿਭਾਉਣਾ ਭਾਰਤ ਸਰਕਾਰ/ਸੂਬਾ ਸਰਕਾਰ ਅਧੀਨ ਅਹੁਦੇ ਦਾ ਲਾਭ ਨਹੀਂ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ/ਸੂਬਾ ਸਰਕਾਰ ਦੇ ਹੇਠ ਕੋਈ ਅਹੁਦਾ ਨਹੀਂ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ,‘‘ਧਾਰਾ 191 (1) ਦੇ ਮੁਤਾਬਕ ਇਸ ਕੰਮ ਨੂੰ ਜਾਰੀ ਰੱਖਣ ਨਾਲ ਅਹੁਦੇ ਦੇ ਲਾਭ ਤੋਂ ਅਯੋਗ ਨਹੀਂ ਕੀਤਾ ਜਾ ਸਕਦਾ।’’ ਐਡਵੋਕੇਟ ਜਨਰਲ ਨੇ ਅੱਗੇ ਆਪਣੀ ਰਾਏ ਦਿੱਤੀ ਹੈ ਕਿ ਮੰਤਰੀ ’ਤੇ ਲੋਕ ਪ੍ਰਤੀਨਿਧਤਾ ਐਕਟ, 1951 ਦੀਆਂ ਸ਼ਰਤਾਂ ਹੇਠ ਸ਼ੋਅ ਵਿੱਚ ਲਗਾਤਾਰ ਕੰਮ ਕਰਨਾ ਕੋਈ ਰੁਕਾਵਟ ਨਹੀ ਹੈ ਅਤੇ ਧਾਰਾ 8, 8-ਏ, 9, 9-ਏ, 10, 10-ਏ, 11-ਏ ਦੇ ਹੇਠ ਵੱਖ-ਵੱਖ ਅਯੋਗਤਾਵਾਂ ਨਾਲ ਸਬੰਧਤ ਹਨ। ਰਿਪੋਰਟ ਮੁਤਾਬਕ ਮੰਤਰੀ ਵੱਲੋਂ ਸ਼ੋਅ ਵਿੱਚ ਲਗਾਤਾਰ ਕੰਮ ਕਰਦੇ ਰਹਿਣਾ ਮੰਤਰੀ ਦੀ ਆਚਰਣ ਸੰਹਿਤਾ ਦੀ ਧਾਰਾ 1 (ਬੀ) ਦੀ ਉਲੰਘਣਾ ਨਹੀਂ ਦਰਸਾਉਂਦਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ