Share on Facebook Share on Twitter Share on Google+ Share on Pinterest Share on Linkedin ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਜਾਅਲੀ ਡਿਗਰੀਆਂ ’ਤੇ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰਨ ਦਾ ਰੁਝਾਨ ਵਧਿਆ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੈਰੀਫਿਕੇਸ਼ਨ ਤੋਂ ਬਾਅਦ ਜਾਅਲੀ ਸਰਟੀਫਿਕੇਟਾਂ/ਡਿਗਰੀਆਂ ਦੀ ਵੈਬਸਾਈਟ ’ਤੇ ਅਪਲੋਡ ਕੀਤੀ ਸੂਚੀ ਸਾਲ 2016 ਵਿੱਚ 28 ਹਜ਼ਾਰ ਤੇ ਐਤਕੀਂ ਜਨਵਰੀ ਤੇ ਫਰਵਰੀ ਵਿੱਚ 9 ਹਜ਼ਾਰ ਤੋਂ ਵੱਧ ਸਰਟੀਫਿਕੇਟ ਜਾਂਚ ਲਈ ਬੋਰਡ ਕੋਲ ਆਏ ਭਾਰਤੀ ਸੈਨਾ, ਪਨਬੱਸ, ਪੰਜਾਬ ਪੁਲੀਸ, ਰੇਲਵੇ, ਏਅਰ ਫੋਰਸ, ਅਧਿਆਪਕਾਂ ਸਮੇਤ ਹੋਰਨਾਂ ਅਦਾਰਿਆਂ ਵਿੱਚ ਹਾਸਲ ਕੀਤੀਆਂ ਨੌਕਰੀ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ: ਪੰਜਾਬ ਅਤੇ ਨਾਲ ਲਗਦੇ ਗੁਆਂਢੀ ਸੂਬਿਆਂ ਵਿੱਚ ਜਾਅਲੀ ਡਿਗਰੀਆਂ ’ਤੇ ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ ਵਿੱਚ ਨੌਕਰੀਆਂ ਹਾਸਲ ਕਰਨ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਜਾਅਲੀ ਸਰਟੀਫਿਕੇਟਾਂ ਦੀ ਜਾਂਚ ਸਕੂਲ ਬੋਰਡ ਅਤੇ ਪੁਲੀਸ ਲਈ ਸਿਰਦਰਦੀ ਬਣੇ ਹੋਏ ਹਨ। ਸੂਤਰਾਂ ਦੀ ਜਾਣਕਾਰੀ ਅਨੁਸਾਰ ਜਾਅਲੀ ਡਿਗਰੀਆਂ ਅਧੀਨ ਕਾਫੀ ਲੋਕਾਂ ਵੱਲੋਂ ਭਾਰਤੀ ਸੈਨਾ, ਪੰਜਾਬ ਪੁਲੀਸ, ਸਿੱਖਿਆ ਵਿਭਾਗ, ਪੰਜਾਬ ਰੋਡਵੇਜ਼, ਪਨਬੱਸ ਅਤੇ ਰੇਲਵੇ ਵਿਭਾਗ ਵਿੱਚ ਸਰਕਾਰੀ ਨੌਕਰੀਆਂ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਂਚ ਵਿੱਚ ਕਈ ਮੁਲਾਜ਼ਮਾਂ ਦੇ ਸਰਟੀਫਿਕੇਟ ਜਾਅਲੀ ਪਾਏ ਗਏ ਹਨ। ਇਹ ਜਾਣਕਾਰੀ ਸਿੱਖਿਆ ਬੋਰਡ ਨੇ ਆਪਣੀ ਵੈਬਸਾਈਟ ’ਤੇ ਅਪਲੋਡ ਕਰਨ ਦੇ ਨਾਲ-ਨਾਲ ਸਬੰਧਤ ਅਦਾਰਿਆਂ ਨੂੰ ਇਤਲਾਹ ਭੇਜੀ ਗਈ ਹੈ ਅਤੇ ਸਬੰਧਤ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਲਈ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਸਕੂਲ ਬੋਰਡ ਕੋਲ ਕਰੀਬ 28 ਹਜ਼ਾਰ 640 ਸਰਟੀਫਿਕੇਟ ਵੈਰੀਫਿਕੇਸ਼ਨ ਲਈ ਆਏ ਸੀ। ਜਿਨ੍ਹਾਂ ’ਚੋਂ ਜ਼ਿਆਦਾਤਰ ਸਰਟੀਫਿਕੇਟ ਜਾਅਲੀ ਪਾਏ ਗਏ ਸੀ ਅਤੇ ਇਸ ਸਾਲ ਜਨਵਰੀ ਤੇ ਫਰਵਰੀ ਵਿੱਚ ਤਕਰੀਬਨ 9333 ਸਰਟੀਫਿਕੇਟ ਜਾਂਚ ਲਈ ਆਏ ਸੀ। ਇਨ੍ਹਾਂ ’ਚੋਂ ਕਾਫੀ ਸਰਟੀਫਿਕੇਟ ਜਾਅਲੀ ਸਨ। ਜਾਅਲੀ ਸਰਟੀਫਿਕੇਟਾਂ ਦੇ ਗੋਰਖਧੰਦੇ ਵਿੱਚ ਅੌਰਤਾਂ ਵੀ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ। ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀ ਕਰਨ ਵਾਲਿਆਂ ਵਿੱਚ ਅੌਰਤਾਂ ਵੀ ਸ਼ਾਮਲ ਹਨ। ਪ੍ਰੰਤੂ ਇਸ ਸਬੰਧੀ ਬੋਰਡ ਸਰਟੀਫਿਕੇਟਾਂ ਦੀ ਜਾਂਚ ਤੋਂ ਬਾਅਦ ਇਹ ਜਾਣਕਾਰੀ ਕੇਵਲ ਵੈਬਸਾਈਟ ’ਤੇ ਅਪਲੋਡ ਕਰਨ ਤੱਕ ਹੀ ਸੀਮਤ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਰੋਡਵੇਜ਼, ਪਟਿਆਲਾ ਯੂਨੀਵਰਸਿਟੀ, ਕਮਾਂਡੋ ਪੁਲੀਸ, ਏਅਰ ਫੋਰਸ, ਜੰਗਲਾਤ, ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸਰਕਾਰੀ ਨੌਕਰੀਆਂ ਹਾਸਲ ਕਰਨ ਬਾਰੇ ਪਤਾ ਲੱਗਾ ਹੈ। ਹੁਣ ਤੱਕ ਇਸ ਤਰ੍ਹਾਂ ਦੇ ਸੈਂਕੜੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦੋਂ ਕਿ ਪਿਛਲੇ ਸਾਲ ਇਸ ਤੋਂ ਵੀ ਵੱਧ ਵਿਅਕਤੀਆਂ ਦੇ ਸਰਟੀਫਿਕੇਟ ਜਾਂਚ ਵਿੱਚ ਜਾਅਲੀ ਪਾਏ ਗਏ ਸੀ। ਸੂਤਰ ਦੱਸਦੇ ਹਨ ਕਿ ਜਾਅਲੀ ਸਰਟੀਫਿਕੇਟਾਂ ਦੇ ਜ਼ਿਆਦਾਤਰ ਕੇਸ ਮੁਹਾਲੀ, ਬਰਨਾਲਾ, ਫਰੀਦਕੋਟ, ਲੁਧਿਆਣਾ ਅਤੇ ਪਟਿਆਲਾ ਵਿੱਚ ਸਾਹਮਣੇ ਆਏ ਹਨ। ਇਸ ਹਫ਼ਤੇ 3 ਹੋਰ ਨਵੇਂ ਜਾਅਲੀ ਸਰਟੀਫਿਕਟਾਂ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਹਾਸਲ ਕਰਨ ਬਾਰੇ ਪਤਾ ਲੱਗਾ ਹੈ। ਜਿਨ੍ਹਾਂ ’ਚ ਪਿੱਛੇ ਜਿਹੇ ਹੋਈ ਪੁਲੀਸ ਦੀ ਭਰਤੀ ਵੀ ਸ਼ਾਮਲ ਹੈ। ਫਾਜ਼ਿਕਲਾ ਦੇ ਸੁਖਬੀਰ ਸਿੰਘ ਨਾਂਅ ਦੇ ਵਿਅਕਤੀ ਦਾ ਸਰਟੀਫਿਕੇਟ ਜਾਅਲੀ ਪਾਇਆ ਗਿਆ ਹੈ। ਨੌਜਵਾਨ ਨੇ ਮਾਰਚ 2011 ਵਿੱਚ ਫਿਰੋਜ਼ਪੁਰ ’ਚੋਂ ਬਣਿਆ 12ਵੀਂ ਸ਼੍ਰੇਣੀ ਪਾਸ ਦਾ ਸਰਟੀਫਿਕੇਟ ਜਮ੍ਹਾਂ ਕਰਵਾਇਆ ਗਿਆ ਸੀ। ਇੰਝ ਹੀ ਪੰਜਾਬ ਰੋਡਵੇਜ ਦੇ ਜਨਰਲ ਮੈਨੇਜਰ ਵੱਲੋਂ ਤਰਸੇਮ ਸਿੰਘ ਨਾਂਅ ਦੇ ਵਿਅਕਤੀ ਦਾ ਸਰਟੀਫਿਕੇਟ ਜਾਂਚ ਲਈ ਭੇਜਿਆ ਸੀ। ਸਾਲ 1999 ਵਿੱਚ ਮੋਗਾ ’ਚ ਬਣਿਆ ਇਹ ਸਰਟੀਫਿਕੇਟ ਵੀ ਜਾਅਲੀ ਨਿਕਲਿਆ ਹੈ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਮਹਿਲਾ ਦਾ 1997 ਵਿੱਚ ਫਰੀਦਕੋਟ ਦਾ ਬਣਿਆ ਸਰਟੀਫਿਕੇਟ ਵੀ ਫਰਜ਼ੀ ਪਾਇਆ ਗਿਆ ਹੈ। (ਬਾਕਸ ਆਈਟਮ-1) ਜਾਅਲੀ ਸਰਟੀਫਿਕੇਟ ਵਾਲੇ ਉਮੀਦਵਾਰਾਂ/ਮੁਲਾਜ਼ਮਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ: ਢੋਲ ਉਧਰ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਦਾ ਕਹਿਣਾ ਹੈ ਕਿ ਸਕੂਲ ਬੋਰਡ ਦਾ ਕੰਮ ਸਿਰਫ਼ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਕਰਨਾ ਹੈ। ਸਬੰਧਤ ਅਦਾਰੇ ਵੱਲੋਂ ਵੀ ਸਿਰਫ਼ ਉਮੀਦਵਾਰ ਦੇ ਸਰਟੀਫਿਕੇਟ ਦੀ ਜਾਂਚ ਲਈ ਹੀ ਲਿਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਟੀਫਿਕੇਟਾਂ ਦੀ ਜਾਂਚ ਤੋਂ ਬਾਅਦ ਲੋੜੀਂਦੀ ਜਾਣਕਾਰੀ ਪੰਜਾਬ ਬੋਰਡ ਵੈਬਸਾਈਟ ’ਤੇ ਅਪਲੋਡ ਕਰਨ ਸਮੇਤ ਸਬੰਧਤ ਅਦਾਰਿਆਂ ਨੂੰ ਲਿਖਤੀ ਇਤਲਾਹ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਗਲੀ ਕਾਰਵਾਈ ਪੁਲੀਸ ਜਾਂ ਸਬੰਧਤ ਵਿਭਾਗ ਦੀ ਬਣਦੀ ਹੈ ਕਿ ਉਹ ਜਾਅਲੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਹਾਸਲ ਕਰਨ ਵਾਲੇ ਅਧਿਕਾਰੀ ਜਾਂ ਮੁਲਾਜ਼ਮ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਂ ਨਾ ਕਰਵਾਈ ਜਾਵੇ। ਉਂਜ ਉਨ੍ਹਾਂ ਏਨਾ ਜ਼ਰੂਰ ਕਿਹਾ ਕਿ ਜੇਕਰ ਗੁਪਤ ਸੂਚਨਾ ’ਤੇ ਸਕੂਲ ਬੋਰਡ ਆਪਣੇ ਪੱਧਰ ’ਤੇ ਅਜਿਹੀ ਕੋਈ ਕਾਰਵਾਈ ਕਰਦਾ ਹੈ ਤਾਂ ਸਬੰਧਤ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। (ਬਾਕਸ ਆਈਟਮ-2) ਉਧਰ, ਮੁਹਾਲੀ ਪੁਲੀਸ ਵੱਲੋਂ ਪਿਛਲੇ ਸਾਲ 18 ਜੂਨ ਨੂੰ ਪੰਜਾਬ ਪੁਲੀਸ ਤੇ ਹੋਰ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਦਿਵਾਉਣ ਅਤੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਕੋਲੋਂ 90 ਹਜ਼ਾਰ ਰੁਪਏ ਨਗਦ ਰਾਸ਼ੀ, 1 ਕੰਪਿਊਟਰ, 3 ਲੈਪਟਾਪ, 1 ਪ੍ਰਿੰਟਰ-ਕਮ-ਸਕੈਨਰ ਅਤੇ ਕੁੱਝ ਜਾਅਲੀ ਸਟੈਂਪਾਂ ਵੀ ਬਰਾਮਦ ਕੀਤੀਆਂ ਗਈਆਂ ਸਨ। ਇੰਝ ਹੀ ਇਸ ਵਰ੍ਹੇ ਬੀਤੀ 17 ਫਰਵਰੀ ਨੂੰ ਰਜਿਸਟਰੇਸ਼ਨ ਬੋਰਡ ਆਫ਼ ਪੰਜਾਬ ਆਯੁਰਵੈਦਿਕ ਪ੍ਰੈਕਟੀਸ਼ਨਰ ਦੇ ਉੱਚ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਟੀਮ ਨੇ ਇੱਥੋਂ ਦੇ ਫੇਜ਼-7 ਵਿੱਚ ਇੱਕ ਪ੍ਰਾਈਵੇਟ ਸੰਸਥਾ ਦੇ ਦਫ਼ਤਰ ਵਿੱਚ ਛਾਪੇਮਾਰੀ ਕਰਕੇ ਮੈਡੀਕਲ ਦੀਆਂ ਜਾਅਲੀ ਡਿਗਰੀਆਂ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ ਕੀਤਾ ਸੀ। ਟੀਮ ਨੇ ਦਫ਼ਤਰ ’ਚੋਂ ਵੱਡੀ ਮਾਤਰਾ ਵਿੱਚ ਜਾਅਲੀ ਡਿਗਰੀਆਂ ਸਬੰਧੀ ਦਸਤਾਵੇਜ਼ ਵੀ ਆਪਣੇ ਕਬਜ਼ੇ ਵਿੱਚ ਲਏ ਸਨ। ਲੇਕਿਨ ਹੁਣ ਤੱਕ ਪ੍ਰਬੰਧਕਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ