ਬੇਅਦਬੀ ਦੀਆਂ ਤਾਜਾ ਘਟਨਾਵਾਂ ਲਈ ਸੁਖਬੀਰ ਬਾਦਲ ਦੋਸ਼ੀ: ਵੜੈਚ

ਆਪ ਵੱਲੋਂ ਈਸੀ ਨੂੰ ਝੂਠੀਆਂ ਸ਼ਿਕਾਇਤਾਂ ਭੇਜਣ ਲਈ ਸਖ਼ਤ ਨਿਖੇਧੀ

ਬੁਰਜ ਜਵਾਹਰ ਸਿੰਘ ਤੋਂ ਚੋਰੀ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਨੂੰ ਸਰਕਾਰ ਡੇਢ ਸਾਲ ਮਗਰੋਂ ਵੀ ਨਹੀਂ ਲੱਭ ਸਕੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 31 ਜਨਵਰੀ:
ਆਮ ਆਦਮੀ ਪਾਰਟੀ (ਆਪ) ਨੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚੋਣ ਕਮਿਸ਼ਨ ਕੋਲ ਆਪ ਵਿਰੁੱਧ ਝੂਠੀਆਂ ਸ਼ਿਕਾਇਤਾਂ ਭੇਜਣ
ਲਈ ਕਰੜੇ ਹੱਥੀਂ ਲੈਂਦਿਆ ਉਨ੍ਹਾਂ ਉੱਤੇ ਦੋਸ਼ ਲਗਾਇਆ ਹੈ ਕਿ ਬਾਦਲਾਂ ਦੇ ਰਾਜ ਵਿੱਚ ਪਿਛਲੇ ਇੱਕ ਸਾਲ ਵਿੱਚ ਬੇਅਦਬੀ ਦੀਆਂ ਬੇਹਿਸਾਬੀ ਘਟਨਾਵਾਂ ਵਾਪਰੀਆਂ ਹਨ ਪਰ ਉਹ ਕਿਸੇ ਵੀ ਦੋਸ਼ੀ ਨੂੰ ਫੜਨ ਵਿੱਚ ਅਸਫਲ ਰਹੇ ਹਨ। ਅੱਜ ਇੱਥੇ ਆਮ ਆਦਮੀ ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਦਿਆਂ ਬੇਅਦਬੀ ਘਟਨਾ ਲਈ ਆਪ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਕਾਰਜਕਾਲ ਵਿੱਚ ਬੇਅਦਬੀ ਦੀਆਂ ਲਗਭਗ 95 ਘਟਨਾਵਾਂ ਵਾਪਰੀਆਂ ਹਨ। ਜਿਨ੍ਹਾਂ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ’ਚੋਂ ਜੂਨ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣ ਦਾ ਮਾਮਲਾ ਵੀ ਸ਼ਾਮਿਲ ਹੈ।
ਸੁਖਬੀਰ ਬਾਦਲ ਨੂੰ ਇੱਕ ਅਸਫਲ ਤੇ ਮਜਬੂਰ ਗ੍ਰਹਿ ਮੰਤਰੀ ਦੱਸਦਿਆਂ ਸ੍ਰੀ ਵੜੈਚ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਗੱਲ ਹੋ ਕੀ ਹੋ ਸਕਦੀ ਹੈ ਕਿ ਡੇਢ ਸਾਲ ਵਿੱਚ ਉਨ੍ਹਾਂ ਦੀ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੱਭਣ ਵਿੱਚ ਨਾਕਾਮਯਾਬ ਰਹੇ ਹਨ। ਆਪ ਆਗੂ ਨੇ ਸੁਖਬੀਰ ਬਾਦਲ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਬੇਅਦਬੀ ਘਟਨਾ ਦੇ ਮਾਮਲਿਆਂ ਦੇ ਦੋਸ਼ੀ ਅਤੇ ਸਾਜਿਸ਼ ਕਰਤਾ ਸਭ ਜੇਲਾਂ ਵਿੱਚ ਹੋਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਪੰਜਾਬ ਦਾ ਫਿਰਕੂ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਸੁਖਬੀਰ ਬਾਦਲ ਨੇ ਬੇਕਸੂਰ ਲੋਕਾਂ ਨੂੰ ਬੇਅਦਬੀ ਮਾਮਲਿਆਂ ਵਿੱਚ ਫਸਾਇਆ ਅਤੇ ਬੇਅਦਬੀ ਘਟਨਾਵਾਂ ਦਾ ਨਾਮ ਕਬੂਲ ਕਰਵਾਉਣ ਲਈ ਪੁਲਿਸ ਉਤੇ ਦਬਾਅ ਪਾਇਆ। ਬਰਗਾੜੀ ਮਾਮਲੇ ਵਿੱਚ ਉਨਾਂ ਨੇ ਦੋ ਬੇਕਸੂਰ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਸਬੂਤ ਤੋਂ ਗ੍ਰਿਫਤਾਰ ਕੀਤਾ ਅਤੇ ਬਾਅਦ ਵਿੱਚ ਉਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾਅ ਕਰਨਾ ਪਿਆ। ਸੁਖਬੀਰ ਬਾਦਲ ਵੱਲੋਂ ਮਲੇਰਕੋਟਲਾ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਲਈ ਦੋ ਵੀਐਚਪੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨਾਂ ਉਤੇ ਦਿੱਲੀ ਦੇ ਇੱਕ ਆਪ ਵਿਧਾਇਕ ਦਾ ਨਾਂਅ ਲੈਣ ਲਈ ਦਬਾਅ ਬਣਾਇਆ। ਇਨ੍ਹਾਂ ’ਚੋਂ ਇੱਕ ਨੇ ਸੁਖਬੀਰ ਸਿੰਘ ਬਾਦਲ ਨੂੰ ਬੇਨਕਾਬ ਕਰਦਿਆਂ ਕਿਹਾ ਸੀ ਕਿ ਉਸ ਨੂੰ ਪੁਲੀਸ ਵੱਲੋਂ ਆਪ ਵਿਧਾਇਕ ਦਾ ਨਾਂਅ ਲੈਣ ਲਈ ਮਜਬੂਰ ਕੀਤਾ ਗਿਆ। ਹੁਣ ਸੁਖਬੀਰ ਵੱਲੋਂ ਲੰਬੀ ਵਿਖੇ ਬੇਅਦਬੀ ਦੀ ਵਾਪਰੀ ਘਟਨਾ ਲਈ ਆਪ ਉਤੇ ਆਰੋਪ ਲਗਾਇਆ ਜਾ ਰਿਹਾ ਹੈ, ਜਿੱਥੋਂ ਕਿ ਉਸਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਚੋਣ ਹਾਰ ਰਹੇ ਹਨ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…