ਚੰਡੀਗੜ੍ਹ ਵਿੱਚ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉੱਠੇ, ਨੌਜਵਾਨ ਦਾ ਦਿਨ ਦਿਹਾੜੇ ਕ.ਤਲ
ਨਬਜ਼-ਏ-ਪੰਜਾਬ, ਚੰਡੀਗੜ੍ਹ, 18 ਮਾਰਚ 2026:
Chandigarh Firing: ਸੈਕਟਰ-9 (ਚੰਡੀਗੜ੍ਹ) ਵਿੱਚ ਬੁੱਧਵਾਰ ਨੂੰ ਦਿਨ-ਦਿਹਾੜੇ ਸ਼ਰ੍ਹੇਆਮ ਗੋਲੀਆਂ ਮਾਰ ਕੇ ਮੁੱਲਾਂਪੁਰ ਗਰੀਬਦਾਸ ਇਲਾਕੇ ਦੇ ਇੱਕ ਪ੍ਰਾਪਰਟੀ ਡੀਲਰ ਨੌਜਵਾਨ ਦੀ ਹੱਤਿਆ ਕਰ ਦਿੱਤੀ। ਜਿਸ ਕਾਰਨ ਦੇਸ਼ ਦੇ ਸਭ ਤੋਂ ਵੱਧ ਸੁਰੱਖਿਆ ਅਤੇ ਅਨੁਸ਼ਾਸਿਤ ਸ਼ਹਿਰ ਮੰਨੇ ਜਾਣ ਵਾਲੇ ਚੰਡੀਗੜ੍ਹ ਵਿੱਚ ਦਹਿਸ਼ਤ ਫੈਲ ਗਈ। ਇਹ ਘਟਨਾ ਅੱਜ ਯੂਟੀ ਦੇ ਇੱਕ ਅੱਖਾਂ ਦੇ ਹਸਪਤਾਲ ਨੇੜੇ ਵਾਪਰੀ ਹੈ। ਚੰਡੀਗੜ੍ਹ ਵਿੱਚ ਲੰਘੇ 24 ਘੰਟਿਆਂ ਵਿੱਚ ਗੋਲੀਬਾਰੀ ਦੀ ਇਹ ਦੂਜੀ ਵੱਡੀ ਘਟਨਾ ਹੈ। ਜਿਸ ਨਾਲ ਚੰਡੀਗੜ੍ਹ ਪੁਲੀਸ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਮ੍ਰਿਤਕ ਨੌਜਵਾਨ ਦੀ ਪਛਾਣ ਚਰਨਪ੍ਰੀਤ ਸਿੰਘ (ਉਮਰ 31) ਵਜੋਂ ਹੋਈ ਹੈ। ਜਿਸ ’ਤੇ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਵਾਇਰਿੰਗ ਕੀਤੀ ਗਈ। ਬਾਅਦ ਵਿੱਚ ਹਮਲਾਵਰ ਤੁਰੰਤ ਮੌਕੇ ਤੋਂ ਫਰਾਰ ਹੋ ਗਏ। ਗੋਲੀਆਂ ਨਾਲ ਛਣਨੀ ਕੀਤੇ ਨੌਜਵਾਨ ਨੂੰ ਤੁਰੰਤ ਪੀਜੀਆਈ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿੱਥੇ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚੰਡੀਗੜ੍ਹ ਪੁਲੀਸ ਦੇ ਉਚ ਅਧਿਕਾਰੀਆਂ ਅਤੇ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਹਮਲਾਵਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸੀ। ਜਿਵੇਂ ਹੀ ਚਰਨਪ੍ਰੀਤ ਜਿੰਮ ਦੇ ਬਾਹਰੋਂ ਆਪਣੀ ਲਗਜ਼ਰੀ ਗੱਡੀ ਵਿੱਚ ਬੈਠਣ ਲੱਗਾ ਤਾਂ ਉਨ੍ਹਾਂ ਨੇ ਉਸ ਉੱਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ।
ਯੂਟੀ ਪੁਲੀਸ ਅਤੇ ਫੋਰੈਂਸਿਕ ਟੀਮ ਵੱਲੋਂ ਮੁਲਜ਼ਮਾਂ ਦੀ ਪੈੜ ਨੱਪਣ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਵਾਰਦਾਤ ਨੇੜਲੀਆਂ ਇਮਾਰਤਾਂ ਦੇ ਸੀਸੀਟੀਵੀ ਕੈਮਰਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤਾਈਂ ਨੌਜਵਾਨ ਦੇ ਕਤਲ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪ੍ਰੰਤੂ ਪੁਲੀਸ ਨੂੰ ਸ਼ੱਕ ਹੈ ਕਿ ਇਹ ਨਿੱਜੀ ਜਾਂ ਕਾਰੋਬਾਰੀ ਰੰਜ਼ਸ਼ ਨਾਲ ਜੁੜਿਆ ਹੋ ਸਕਦਾ ਹੈ। ਉਂਜ ਇਸ ਨੂੰ ਮੁਹਾਲੀ ਦੇ ਐਸਐਸਪੀ ਦਫ਼ਤਰ ਦੇ ਬਾਹਰ ਕੁੱਝ ਦਿਨ ਪਹਿਲਾਂ ਪੇਸ਼ੀ ’ਤੇ ਆਏ ਨੌਜਵਾਨ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਚਰਨਪ੍ਰੀਤ ਦੀ ਹੱਤਿਆ ਸਬੰਧੀ ਇੱਕ ਗੈਂਗਸਟਰ ਧੜੇ ਨੇ ਜ਼ਿੰਮੇਵਾਰੀ ਲਈ ਦੱਸੀ ਜਾ ਰਹੀ ਹੈ ਪ੍ਰੰਤੂ ਹਾਲੇ ਤੱਕ ਅਧਿਕਾਰਤ ਤੌਰ ’ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਇੱਥੇ ਇਹ ਕਾਬਿਲੇਯੋਗ ਹੈ ਕਿ ਮੰਗਲਵਾਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਸੋਪੂ ਜਥੇਬੰਦੀ ਦੇ ਵਿਦਿਆਰਥੀ ਆਗੂ ਜਸ਼ਨਦੀਪ ਸਿੰਘ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਹਮਲੇ ਵਿੱਚ ਜਸ਼ਨਦੀਪ ਦੀ ਜਾਨ ਬਚ ਗਈ ਸੀ ਪ੍ਰੰਤੂ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ ਸਨ। ਇਸ ਮਾਮਲੇ ਵਿੱਚ ਵੀ ਹਾਲੇ ਤੱਕ ਪੁਲੀਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗ ਸਕਿਆ। ਦਿਨ-ਦਿਹਾੜੇ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਚੰਡੀਗੜ੍ਹ ਵਾਸੀਆਂ ਦੇ ਮਨਾਂ ਵਿੱਚ ਖੌਫ ਪੈਦਾ ਕਰ ਦਿੱਤਾ ਹੈ।
ਉਧਰ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕੰਵਲਜੀਤ ਸਿੰਘ ਚਾਵਲਾ ਨੇ ਕਿਹਾ ਕਿ ਜਦੋਂ ਤੱਕ ਪੁਲੀਸ ਨੌਜਵਾਨ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ, ਉਦੋਂ ਤੱਕ ਚਰਨਪ੍ਰੀਤ ਦੀ ਦੇਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਲਗਾਤਾਰ ਅਪਰਾਧਿਕ ਵਾਰਦਾਤਾਂ ਵਾਪਰ ਰਹੀਆਂ ਹਨ। ਜਿਸ ਕਾਰਨ ਲੋਕ ਦਹਿਸ਼ਤ ਦੇ ਛਾਏ ਹੇਠ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।