ਐਨ.ਏ.ਐਸ. 2024 ਵਿੱਚ ਪੰਜਾਬ ਵੱਲੋਂ ਸ਼ਾਨਦਾਰ ਪ੍ਰਦਰਸ਼ਨ: ਦੇਸ਼ ਭਰ ਵਿੱਚੋਂ ਰਿਹਾ ਮੋਹਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮਿਆਰੀ ਸਿੱਖਿਆ ਲਈ ਕੀਤੀਆਂ ਪਹਿਲਕਦਮੀਆਂ ਦੇ ਆ ਰਹੇ ਹਨ ਸਾਕਾਰਤਮਕ ਨਤੀਜੇ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 2 ਜੁਲਾਈ:
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਤਹਿਤ ਕੀਤੇ ਜਾ ਰਹੇ ਯਤਨਾਂ ਬਦੌਲਤ ਪੰਜਾਬ ਨੇ ਨੈਸ਼ਨਲ ਐਚੀਵਮੈਂਟ ਸਰਵੇ (ਐਨ.ਏ.ਐਸ.) 2024 ਵਿੱਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸਿਖ਼ਰਲਾ ਸਥਾਨ ਹਾਸਲ ਕੀਤਾ ਹੈ।

ਐਨ.ਏ.ਐਸ. ਵਿਦਿਆਰਥੀਆਂ ਦੀਆਂ ਵਿਦਿਅਕ ਪ੍ਰਾਪਤੀਆਂ ਦਾ ਮੁਲਾਂਕਣ ਕਰਨ ਲਈ ਭਾਰਤ ਦਾ ਸਭ ਤੋਂ ਭਰੋਸੇਮੰਦ ਅਤੇ ਨਾਮੀ ਸਰਵੇਖਣ ਹੈ। ਇਸ ਵਿੱਚ ਸਮੁੱਚੇ ਸਿੱਖਿਆ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਤੀਜੀ, ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ।

ਐਨ.ਏ.ਐਸ. (ਪਰਖ ਰਾਸ਼ਟਰੀ ਸਰਵੇਖਣ) ਵਿੱਚ ਪੰਜਾਬ ਦੀ ਪ੍ਰਭਾਵਸ਼ਾਲੀ ਰੈਂਕਿੰਗ ‘ਤੇ ਖੁਸ਼ੀ ਪ੍ਰਗਟਾਉਂਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਨੇ ਤੀਜੀ ਜਮਾਤ ਦੀ ਰੈਂਕਿੰਗ ਵਿੱਚ 80 ਅੰਕਾਂ ਨਾਲ ਹਿਮਾਚਲ ਪ੍ਰਦੇਸ਼ (74) ਅਤੇ ਕੇਰਲਾ (73) ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਛੇਵੀਂ ਜਮਾਤ ਲਈ ਪੰਜਾਬ ਅਤੇ ਕੇਰਲਾ 67-67 ਅੰਕਾਂ ਨਾਲ ਸਾਂਝੇ ਤੌਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸੂਬੇ ਰਹੇ ਹਨ। ਇਸ ਦੇ ਨਾਲ ਹੀ 9ਵੀਂ ਜਮਾਤ ਦੀ ਰੈਂਕਿੰਗ ਵਿੱਚ ਪੰਜਾਬ ਨੇ 57 ਅੰਕਾਂ ਨਾਲ ਹੋਰਨਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ।

ਐਨ.ਸੀ.ਈ.ਆਰ.ਟੀ. ਵੱਲੋਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਦਸੰਬਰ 2024 ਵਿੱਚ ਇਹ ਦੇਸ਼ ਵਿਆਪੀ ਸਰਵੇਖਣ ਕਰਵਾਇਆ ਗਿਆ ਤਾਂ ਜੋ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਅਤੇ ਅਗਲੇਰੇ ਸੁਧਾਰ ਵਾਲੇ ਖੇਤਰਾਂ ਦੀ ਪਛਾਣ ਕੀਤੀ ਜਾ ਸਕੇ, ਜਿਸ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ।

ਸ. ਬੈਂਸ ਨੇ ਕਿਹਾ ਕਿ ਐਨ.ਏ.ਐਸ. 2024 ਵਿੱਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਇਸ ਸਫ਼ਲਤਾ ਨੂੰ ਜਾਰੀ ਰੱਖੇਗੀ ਅਤੇ ਵਿਦਿਆਰਥੀਆਂ ਨੂੰ ਸਭ ਤੋਂ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਸਿੱਖਿਆ ਪ੍ਰਣਾਲੀ ਦੇ ਮਿਆਰਾਂ ਨੂੰ ਹੋਰ ਉੱਚਾ ਚੁੱਕਣ ਲਈ ਯਤਨ ਜਾਰੀ ਰੱਖੇਗੀ।

ਸਕੂਲ ਸਿੱਖਿਆ ਵਿਭਾਗ ਦੀਆਂ ਸ਼ਾਨਦਾਰ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਸਿੱਖਿਆ ਮੰਤਰੀ ਸ. ਬੈਂਸ ਨੇ ਦੱਸਿਆ ਕਿ ਇਸ ਸਾਲ ਸਰਕਾਰੀ ਸਕੂਲਾਂ ਦੇ 845 ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਮੁਕਾਬਲੇ ਵਾਲੀ ਰਾਸ਼ਟਰੀ ਯੋਗਤਾ-ਕਮ-ਦਾਖ਼ਲਾ ਪ੍ਰੀਖਿਆ (ਨੀਟ) ਵਿੱਚ ਕੁਆਲੀਫਾਈ ਕੀਤਾ ਜਦੋਂ ਕਿ 265 ਵਿਦਿਆਰਥੀਆਂ ਨੇ ਸਾਂਝੀ ਪ੍ਰਵੇਸ਼ ਪ੍ਰੀਖਿਆ (ਜੇ.ਈ.ਈ.) ਮੇਨਜ਼ ਸਫ਼ਲਤਾਪੂਰਵਕ ਪਾਸ ਕੀਤੀ, ਜੋ ਕਿ ਵਿਭਾਗ ਦੀ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੀਆਂ ਸਭ ਤੋਂ ਚੁਣੌਤੀਪੂਰਨ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਨੂੰ ਉੱਤਮਤਾ ਪ੍ਰਾਪਤ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਲਈ ਸਿੱਖਿਆ ਸਭ ਤੋਂ ਤਰਜੀਹੀ ਖੇਤਰ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…