ਪੀ.ਆਰ. 6 ਸੜਕ ਦੀ ਉਸਾਰੀ ਦੀ ਮੰਗ ਨੂੰ ਲੈ ਕੇ ਟੀਡੀਆਈ ਦਫ਼ਤਰ ਦੇ ਬਾਹਰ ਵਿਸ਼ਾਲ ਧਰਨਾ

ਕੰਮ ਸ਼ੁਰੂ ਨਾ ਹੋਣ ’ਤੇ 1 ਅਪਰੈਲ 2026 ਨੂੰ ਪੁੱਡਾ ਦਫ਼ਤਰ ਦੇ ਸਾਹਮਣੇ ਦਿੱਤਾ ਜਾਵੇਗਾ ਵੱਡਾ ਧਰਨਾ

ਨਬਜ਼-ਏ-ਪੰਜਾਬ, ਮੁਹਾਲੀ, 7 ਮਾਰਚ:
ਪੀ.ਆਰ. 6 ਸੜਕ ਦੀ ਉਸਾਰੀ ਦੀ ਮੰਗ ਨੂੰ ਲੈ ਕੇ ਕਮੇਟੀ ਆਫ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ਼ ਮੈਗਾ ਮੁਹਾਲੀ ਦੇ ਬੈਨਰ ਹੇਠ ਮੈਗਾ ਪ੍ਰੋਜੈਕਟਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਟੀ. ਡੀ. ਆਈ. ਦੇ ਮੁੱਖ ਦਫਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਲੋਕਾਂ ਵੱਲੋੱ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸੜਕ ਤੇ ਪਹਿਲਾਂ ਹੀ 200 ਕਰੋੜ ਖਰਚ ਕੀਤੇ ਜਾ ਚੁੱਕੇ ਹਨ ਪਰ ਇਸ ਸੜਕ ਦਾ ਨਿਰਮਾਣ ਨਹੀਂ ਹੋ ਰਿਹਾ ਜਦਕਿ ਬਿਲਡਰ ਵੱਲੋਂ ਇਸ ਸੜਕ ਦੇ ਵੱਡੇ-ਵੱਡੇ ਬੋਰਡ ਲਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸੜਕ ਵਾਲੀ ਥਾਂ ਤੇ ਗੰਦਾ ਪਾਣੀ ਭਰ ਕੇ ਖੜ ਜਾਂਦਾ ਹੈ ਅਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਬਿਲਡਰ ਇਸ ਇਲਾਕੇ ਦੀਆਂ ਜਮੀਨਾਂ ਨੂੰ ਸਸਤੇ ਭਾਅ ਵਿੱਚ ਹਥਿਆਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਇਹ ਬਿਲਡਰ ਇਨ੍ਹਾਂ ਸੜਕਾਂ ਲਈ ਬਣੀ ਸਾਲ 2015 ਦੀ ਨੀਤੀ ਨੂੰ ਪ੍ਰਵਾਨ ਕਰ ਚੁੱਕਾ ਹੈ ਪ੍ਰੰਤੂ ਇਸਦੇ ਬਾਵਜੂਦ ਬਿਲਡਰ ਵੱਲੋੱ ਮਾਣਯੋਗ ਅਦਾਲਤ ਵਿੱਚ ਪਟੀਸ਼ਨ ਦਾਖਿਲ ਕਰਕੇ ਸਟੇਅ ਹਾਸਿਲ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਇਸ ਬਿਲਡਰ ਨੇ ਇਸ ਸੜਕ ਦੇ ਵੱਡੇ-ਵੱਡੇ ਬੋਰਡ ਲਗਾਏ ਹੋਏ ਹਨ ਅਤੇ ਦੂਜੇ ਪਾਸੇ ਉਸ ਵੱਲੋੱ ਖੁਦ ਹੀ ਸੜਕ ਬਣਾਉਣ ਲਈ ਅੜਚਣਾ ਪੈਦਾ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਗੰਦਗੀ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਆਗੂਆਂ ਨੇ ਅਰੋਪ ਲਾਇਆ ਕਿ ਇਸ ਵਿੱਚ ਗਮਾਡਾ ਅਤੇ ਪੁੱਡਾ ਦੇ ਕੁਝ ਅਧਿਕਾਰੀਆਂ ਦੀ ਵੀ ਮਿਲੀਭੁਗਤ ਹੈ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜੇਕਰ 1 ਅਪਰੈਲ ਤੱਕ ਇਸ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਸੰਸਥਾ ਵੱਲੋਂ 1 ਅਪਰੈਲ ਨੂੰ ਪੁੱਡਾ, ਗਮਾਡਾ ਤੇ ਮੁੱਖ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਉਸਾਰੀ ਦਾ ਕੰਮ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ।
ਅੱਜ ਦੇ ਇਸ ਧਰਨੇ ਨੂੰ ਪਾਲ ਸਿੰਘ ਰੱਤੂ, ਰਾਜਵਿੰਦਰ ਸਿੰਘ ਸਰਾਓ, ਭੁਪਿੰਦਰ ਸਿੰਘ ਸੈਣੀ, ਐਡਵੋਕੇਟ ਗੌਰਵ ਗੋਇਲ, ਜਸਵੀਰ ਸਿੰਘ ਗੜਾਂਗ, ਸੁਖਜਿੰਦਰ ਸਿੰਘ, ਬੁੱਧ ਸਿੰਘ, ਸੁਰਿੰਦਰ ਸਿੰਘ, ਅਨਿਲ ਪਰਾਸ਼ਰ, ਦਲਜੀਤ ਸਿੰਘ ਸੈਣੀ, ਹਰਬੰਸ ਸਿੰਘ, ਕੰਵਰ ਸਿੰਘ ਗੱਲ, ਸੁਮਿਕਸ਼ਾ ਸੂਦ, ਮਨੋਜ ਸ਼ਰਮਾ, ਅਮਰਜੀਤ ਸਿੰਘ, ਰਮਨਦੀਪ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਸਾਧੂ ਸਿੰਘ, ਸੰਤ ਸਿੰਘ, ਕਰਮਜੀਤ ਸਿੰਘ ਸਿੱਧੂ, ਸੰਜੀਵ ਸੋਨੀ ਅਤੇ ਅਮਿਤ ਉਬਰਾਏ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਨੇ ਬੜੀ ਹੀ ਬਾਖੂਬੀ ਨਾਲ ਨਿਭਾਈ।

Load More Related Articles
Load More By Nabaz-e-Punjab
Load More In Protest

Check Also

ਜੁਝਾਰ ਨਗਰ ਵਿੱਚ ਗਮਾਡਾ ਦੀ ਕਾਰਵਾਈ ਵਿਰੁੱਧ ਸੜਕਾਂ ’ਤੇ ਉੱਤਰੇ ਲੋਕ

ਜੁਝਾਰ ਨਗਰ ਵਿੱਚ ਗਮਾਡਾ ਦੀ ਕਾਰਵਾਈ ਵਿਰੁੱਧ ਸੜਕਾਂ ’ਤੇ ਉੱਤਰੇ ਲੋਕ ਪਿੰਡ ਵਾਸੀਆਂ ਦੇ ਸਖ਼ਤ ਵਿਰੋਧ ਕਾਰਨ ਖਾ…