ਐਕਵਾਇਰ ਜ਼ਮੀਨ ਦੇ ਪੈਸੇ ਨਾ ਦੇਣ ਕਾਰਨ ਗਮਾਡਾ ਦੇ ਭੌਂ ਪ੍ਰਾਪਤੀ ਕਲੈਕਟਰ ਦੇ ਦਫ਼ਤਰ ਦਾ ਸਮਾਨ ਅਟੈਚ

68 ਕੁਰਸੀਆਂ, 51 ਟੇਬਲ, 16 ਅਲਮਾਰੀਆਂ, 25 ਪੱਖੇ ਅਤੇ 8 ਏਸੀ ਕੀਤੇ ਐਟਚ

ਨਬਜ਼-ਏ-ਪੰਜਾਬ, ਮੁਹਾਲੀ, 2 ਸਤੰਬਰ:
ਐਕਵਾਇਰ ਕੀਤੀ ਜ਼ਮੀਨ ਦੇ ਪੈਸੇ ਨਾ ਦੇਣ ਦੇ ਮਾਮਲੇ ਵਿੱਚ ਪਿੰਡ ਭਾਗੋਮਾਜਰਾ ਦੇ ਵਸਨੀਕਾਂ ਵੱਲੋਂ ਗਮਾਡਾ ਖ਼ਿਲਾਫ਼ ਮੁਆਵਜ਼ੇ ਦੀ ਅਦਾਇਗੀ ਲਈ ਦਾਇਰ ਇੱਕ ਕੇਸ ਦੀ ਸੁਣਵਾਈ ਕਰਦਿਆਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਨੀਤਿਕਾ ਵਰਮਾ ਦੀ ਅਦਾਲਤ ਦੇ ਹੁਕਮਾਂ ’ਤੇ ਗਮਾਡਾ ਦੇ ਭੌਂ ਪ੍ਰਾਪਤੀ ਕਲੈਕਟਰ ਦੇ ਦਫ਼ਤਰ ਦਾ ਸਮਾਨ ਅਟੈਚ ਕੀਤਾ ਗਿਆ ਹੈ।
ਇਸ ਸਬੰਧੀ ਅਦਾਲਤੀ ਸਟਾਫ਼ ਦੇ ਨਾਲ ਗਮਾਡਾ ਦਫ਼ਤਰ ਦਾ ਸਾਮਾਨ ਅਟੈਚ ਕਰਨ ਪਹੁੰਚੇ ਪਿੰਡ ਵਾਸੀ ਸੋਨੂ ਸਿੰਘ, ਬਲਜਿੰਦਰ ਸਿੰਘ ਭਾਗੋਮਾਜਰਾ, ਕਿਸਾਨ ਆਗੂ ਕੁਲਦੀਪ ਸਿੰਘ ਪੂਨੀਆ ਅਤੇ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਪੂਨੀਆ ਸਮੇਤ ਹੋਰਨਾਂ ਨੇ ਦੱਸਿਆ ਕਿ ਪੁੱਡਾ ਵੱਲੋਂ 2011 ਵਿੱਚ ਪਿੰਡ ਦੀ ਜ਼ਮੀਨ ਐਕਵਾਇਰ ਕੀਤੀ ਸੀ ਜਿਸ ਦੇ ਪੈਸੇ ਵੀ ਦਿੱਤੇ ਗਏ ਸਨ ਪ੍ਰੰਤੂ ਪਿੰਡ ਵਾਸੀਆਂ ਵੱਲੋਂ ਮੁਆਵਜ਼ਾ ਵਧਾਉਣ ਲਈ ਪਾਏ ਕੇਸ ਵਿੱਚ ਪਿੰਡ ਵਾਸੀਆਂ ਦੇ ਹੱਕ ਵਿੱਚ ਫ਼ੈਸਲਾ ਹੋਣ ਦੇ ਬਾਵਜੂਦ ਗਮਾਡਾ ਵੱਲੋਂ ਪਿੰਡ ਵਾਸੀਆਂ ਦੀ ਤਿੰਨ ਕਰੋੜ 98 ਲੱਖ ਦੀ ਅਦਾਇਗੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡ ਵਾਸੀਆਂ ਵਲੋੱ ਪਾਏ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਵੱਲੋਂ ਗਮਾਡਾ ਦਫ਼ਤਰ ਦਾ ਸਾਮਾਨ ਅਟੈਚ ਕਰਨ ਦੇ ਹੁਕਮ ਦਿੱਤੇ ਗਏ ਸਨ ਜਿਸਦੇ ਤਹਿਤ 68 ਕੁਰਸੀਆਂ, 51 ਟੇਬਲ, 16 ਅਲਮਾਰੀਆਂ, 25 ਪੱਖੇ ਅਤੇ 8 ਏਸੀ ਐਟਚ ਕੀਤੇ ਗਏ ਹਨ।
ਇਸ ਸਬੰਧੀ ਗਮਾਡਾ ਦੇ ਲੈੱਡ ਐਕੁਜੀਸ਼ਨ ਕਲੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਜ਼ਮੀਨ ਦੇ ਪੈਸੇ ਦੀ ਅਦਾਇਗੀ ਯੂਨੀਟੈਕ ਕੰਪਨੀ ਵੱਲੋਂ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਗਮਾਡਾ ਵੱਲੋਂ ਐਕਵਾਇਰ ਕਰਕੇ ਯੂਨੀਟੈਕ ਕੰਪਨੀ ਨੂੰ ਦਿੱਤੀ ਗਈ ਸੀ ਅਤੇ ਜ਼ਮੀਨ ਦੇ ਪੈਸੇ ਯੂਨੀਟੈਕ ਕੰਪਨੀ ਵੱਲੋਂ ਗਮਾਡਾ ਕੋਲ ਜਮ੍ਹਾਂ ਕਰਵਾਏ ਜਾਣੇ ਹਨ ਜਿਸ ਤੋਂ ਬਾਅਦ ਇਹ ਰਕਮ ਪਿੰਡ ਵਾਸੀਆਂ ਨੂੰ ਦਿੱਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਯੂਨੀਟੈਕ ਕੰਪਨੀ ਦੇ ਨੁਮਾਇੰਦਿਆਂ ਨੂੰ ਸੱਦਿਆ ਗਿਆ ਹੈ ਅਤੇ ਇਸ ਮਾਮਲੇ ਦਾ ਛੇਤੀ ਹੀ ਨਿਬੇੜਾ ਹੋ ਜਾਵੇਗਾ।
ਇਸ ਮੌਕੇ ਗਮਾਡਾ ਦਫ਼ਤਰ ਪਹੁੰਚੇ ਪਿੰਡ ਵਾਸੀਆਂ ਨੇ ਕਿਹਾ ਕਿ ਗਮਾਡਾ ਵੱਲੋਂ 15 ਸਾਲ ਪਹਿਲਾਂ ਅਕਵਾਇਰ ਕੀਤੀ ਜਮੀਨ ਦੀ ਰਕਮ ਦੀ ਅਦਾਇਗੀ ਤਾਂ ਕੀਤੀ ਨਹੀਂ ਜਾ ਰਹੀ ਅਤੇ ਹੁਣ ਗਮਾਡਾ ਹੋਰਨਾਂ ਪਿੰਡਾਂ ਦੀਆਂ ਜਮੀਨਾਂ ਅਕਵਾਇਰ ਕਰਨ ਨੂੰ ਫਿਰਦਾ ਹੈ। ਇਸ ਮੌਕੇ ਸਰਪੰਚ ਗੁਰਜੰਟ ਸਿੰਘ ਭਾਗੋਮਾਜਰਾ, ਸੁਰਮੁਖ ਸਿੰਘ ਪੰਚ, ਰਮੇਸ਼ ਕੁਮਾਰ, ਜਸਵੀਰ ਸਿੰਘ ਜੱਸਾ, ਕੁਲਦੀਪ ਸਿੰਘ ਪੂਨੀਆ, ਕੁਲਵੰਤ ਸਿੰਘ, ਗੁਰਦੇਵ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਪੰਚ, ਜਸਵੀਰ ਸਿੰਘ ਪੰਚ, ਅੰਮ੍ਰਿਤਜੋਤ ਸਿੰਘ ਪੂਨੀਆ, ਕਰਮ ਸਿੰਘ, ਅਵਤਾਰ ਸਿੰਘ, ਬਲਵੰਤ ਸਿੰਘ, ਹਰਬੰਸ ਲਾਲ, ਰਣਜੀਤ ਸਿੰਘ, ਟੋਨੀ, ਬਿੱਲਾ, ਦਰਸ਼ਨ ਕੁਮਾਰ, ਜਗਤਾਰ ਸਿੰਘ, ਬਿੱਟੂ ਲਾਲਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…