ਮੁਹਾਲੀ ਪੁਲੀਸ ਵੱਲੋਂ ਫ਼ਰਜ਼ੀ ਕਾਲ ਸੈਂਟਰ ਚਲਾਉਣ ਵਾਲੇ 6 ਮੁਲਜ਼ਮ ਗ੍ਰਿਫ਼ਤਾਰ

ਹੁਣ ਤੱਕ 338 ਪੀੜਤਾਂ ਨਾਲ ਕਰੀਬ 20 ਹਜ਼ਾਰ ਡਾਲਰ ਦੀ ਠੱਗੀ ਕਰ ਚੁੱਕੇ ਹਨ ਮੁਲਜ਼ਮ

ਨਬਜ਼-ਏ-ਪੰਜਾਬ, ਮੁਹਾਲੀ, 10 ਜੁਲਾਈ:
ਮੁਹਾਲੀ ਪੁਲੀਸ ਨੇ ਗੈਰ ਕਾਨੂੰਨੀ ਢੰਗ ਨਾਲ ਕਾਲ ਸੈਂਟਰ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦਿਆਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐਸਪੀ (ਪੀਬੀਆਈ) ਦੀਪਿਕਾ ਸਿੰਘ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਹ ਗੈਰ ਕਾਨੂੰਨੀ ਕਾਲ ਸੈਂਟਰ ਉਦਯੋਗਿਕ ਖੇਤਰ, ਫੇਜ਼-8-ਬੀ, ਮੁਹਾਲੀ ਵਿੱਚ ਰੋਹਿਤ ਮਹਿਰਾ ਨਾਂ ਦੇ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਸੀ। ਇਸ ਮੌਕੇ ਡੀਐਸਪੀ ਸਿਟੀ-1 ਪ੍ਰਿਥਵੀ ਸਿੰਘ ਚਹਿਲ ਅਤੇ ਡੀਐਸਪੀ (ਸਾਈਬਰ ਕ੍ਰਾਈਮ) ਰੁਪਿੰਦਰਦੀਪ ਕੌਰ ਸੋਹੀ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਇਹ ਸੈਂਟਰ ਲਗਪਗ 8 ਤੋਂ 10 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ ਪਰ ਇੰਨੇ ਥੋੜ੍ਹੇ ਸਮੇਂ ਵਿੱਚ ਹੀ ਇਹ ਗਰੋਹ ਕਰੀਬ 20,000 ਡਾਲਰ (ਅੰਦਾਜ਼ਨ 16 ਲੱਖ ਰੁਪਏ) ਦੀ ਠੱਗੀ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਐਸਐਸਪੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਮੌਕੇ ’ਤੇ ਛਾਪੇਮਾਰੀ ਦੌਰਾਨ 6 ਵਿਅਕਤੀਆਂ ਨੂੰ 6 ਲੈਪਟਾਪ ਅਤੇ 3 ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਹ ਵਿਅਕਤੀ ਵਿਦੇਸ਼ੀ ਨਾਗਰਿਕਾਂ ਨੂੰ ਗੂਗਲ ਐਡ ਰਾਹੀਂ ਆਪਣੇ ਜਾਲ ਵਿੱਚ ਫਸਾਉਂਦੇ ਸਨ ਅਤੇ ਝੂਠੇ ਮੈਸੇਜਾਂ ਜਾਂ ਪਾਪ ਅੱਪਸ ਰਾਹੀਂ ਇਹ ਦੱਸਦੇ ਸਨ ਕਿ ਉਨ੍ਹਾਂ ਦੇ ਕੰਪਿਊਟਰ ਜਾਂ ਲੈਪਟਾਪ ਵਿੱਚ ਤਕਨੀਕੀ ਖਾਮੀ ਆ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਤੋਂ ਆਪਣੇ ਨੰਬਰਾਂ ਤੇ ਕਾਲ ਕਰਵਾਈ ਜਾਂਦੀ ਸੀ, ਠੱਗੀ ਦੇ ਜਾਲ਼ ਵਿੱਚ ਫਸੇ ਵਿਅਕਤੀਆਂ ਤੋਂ ਐੱਟੀ-ਵਾਇਰਸ ਜਾਂ ਸਿਸਟਮ ਅੱਪਡੇਟ ਦੇ ਨਾਂ ਤੇ ਐਪਲ ਜਾਂ ਵਾਲਮਾਰਟ ਗਿਫਟ ਕਾਰਡ ਖਰੀਦਣ ਲਈ ਕਿਹਾ ਜਾਂਦਾ ਸੀ, ਜਿਸ ਦੇ ਕੋਡ ਲੈ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਜਾਂਦੀ ਸੀ।
ਉਨ੍ਹਾਂ ਦੱਸਿਆ ਕਿ ਇਸ ਕਾਲ ਸੈਂਟਰ ਦਾ ਮਾਸਟਰ ਮਾਈਡ ਐਲਕਸ ਨਾਮ ਦਾ ਵਿਅਕਤੀ ਹੈ, ਜੋ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋੱ ਬਾਹਰ ਹੈ। ਪੁਲੀਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਫੇਜ਼ 1 ਵਿਖੇ ਬੀ. ਐਨ. ਐਸ. ਦੀ ਧਾਰਾ 318(4), 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਰੋਹਿਤ ਮਹਿਰਾ ਵਾਸੀ ਭਾਗ ਕਲਾਂ, ਲੁਧਿਆਣਾ, ਅਨਵਰ ਰੋਡਰਿਕਸ ਵਾਸੀ ਗੋਆ, ਸੋਮਦੇਵ ਵਾਸੀ ਕਲਕੱਤਾ, ਬੁੱਧਾ ਭੂਸ਼ਨ ਕਮਲੇ ਵਾਸੀ ਪੂਨੇ ਅਤੇ ਐਥਨੀ ਗੌਮਸ ਵਾਸੀ ਕਲਕੱਤਾ (ਸਾਰੇ ਹਾਲ ਵਾਸੀ ਜ਼ੀਰਕਪੁਰ) ਅਤੇ ਜੀਤੇਸ਼ ਕੁਮਾਰ ਵਾਸੀ ਲੁਧਿਆਣਾ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਤੋਂ ਬਰਾਮਦ ਹੋਏ 6 ਲੈਪਟਾਪ, 3 ਮੋਬਾਈਲ ਫੋਨ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਜਾਰੀ ਹੈ। ਉਹਨਾਂ ਕਿਹਾ ਕਿ ਇਨ੍ਹਾਂ ਦੇ ਬੈਂਕ ਲੈਣ ਦੇਣ ਅਤੇ ਡਾਟਾ ਦੀ ਜਾਂਚ ਜਾਰੀ ਹੈ ਅਤੇ ਹੋਰ ਵੀ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਪੁਲੀਸ ਵੱਲੋਂ ਸਾਈਬਰ ਅਪਰਾਧੀਆਂ ਵਿਰੁੱਧ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…