ਕੂੜਾ ਪ੍ਰਬੰਧਨ ਦੀ ਸਮੱਸਿਆ ਨੂੰ ਲੈ ਕੇ ਮੇਅਰ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਕੀਤੀ ਮੁਲਾਕਾਤ

ਮੇਅਰ ਜੀਤੀ ਸਿੱਧੂ ਨੇ ਕੂੜੇ ਦੀ ਸਮੱਸਿਆ ਦੇ ਪੱਕੇ ਹੱਲ ਲਈ ਸੀਏ ਨੂੰ ਦਿੱਤਾ ਮੰਗ ਪੱਤਰ

ਮੁੱਖ ਪ੍ਰਸ਼ਾਸਕ ਨੇ ਡੰਪਿੰਗ ਗਰਾਊਂਡ ਲਈ ਝੰਜੇੜੀ ਨੇੜੇ 30 ਏਕੜ ਜ਼ਮੀਨ ਦੇਣ ਦਾ ਦਿੱਤਾ ਭਰੋਸਾ

ਨਬਜ਼-ਏ-ਪੰਜਾਬ, ਮੁਹਾਲੀ, 8 ਜੁਲਾਈ:
ਮੁਹਾਲੀ ਸ਼ਹਿਰ ਵਿੱਚ ਕੂੜੇ ਦੀ ਪ੍ਰੋਸੈਸਿੰਗ ਕਾਰਜ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਅਤੇ ਵਸਨੀਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਰੰਗਲ ਨਾਲ ਮੁਲਾਕਾਤ ਕੀਤੀ। ਮੇਅਰ ਨੇ ਫੇਜ਼-5 ਅਤੇ ਫੇਜ਼-11 ਦੇ ਵਸਨੀਕਾਂ ਤੇ ਮੋਹਤਵਰਾਂ ਅਤੇ ਕੌਂਸਲਰਾਂ ਦੀ ਹਾਜ਼ਰੀ ਵਿੱਚ ਗਮਾਡਾ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਨੇ ਫੇਜ਼-5 ਵਿੱਚ ਬਣੇ ਆਰਐਮਸੀ ਪੁਆਇੰਟ ਅਤੇ ਫੇਜ਼-11 ਨੇੜੇ ਰੇਲਵੇ ਲਾਈਨ ਕੋਲ ਸਥਿਤ ਗਾਰਬੇਜ ਪ੍ਰੋਸੈਸਿੰਗ ਪਲਾਂਟਾਂ ਤੋਂ ਪੈਦਾ ਹੋ ਰਹੀ ਬਦਬੂ ਅਤੇ ਹੋਰ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਦੋਵੇਂ ਪਲਾਂਟ ਕਿਸੇ ਹੋਰ ਢੁਕਵੀਂ ਥਾਂ ਉੱਤੇ ਸ਼ਿਫ਼ਟ ਕਰਨ ਦੀ ਗੁਹਾਰ ਲਗਾਈ।
ਜੀਤੀ ਸਿੱਧੂ ਨੇ ਕਿਹਾ ਕਿ ਇਹ ਦੋਵੇਂ ਪਲਾਂਟ ਰਿਹਾਇਸ਼ੀ ਇਲਾਕਿਆਂ ਦੇ ਬਿਲਕੁਲ ਨੇੜੇ ਸਥਿਤ ਹਨ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਆਏ ਦਿਨਾਂ ਬਦਬੂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਇੱਥੋਂ ਤੱਕ ਦੱਸਿਆ ਕਿ ਉਨ੍ਹਾਂ ਦੇ ਨਿੱਜੀ ਜੀਵਨ ’ਤੇ ਵੀ ਇਹ ਪ੍ਰਭਾਵ ਪਾ ਰਹੇ ਹਨ ਅਤੇ ਉਹ ਇਲਾਕਾ ਛੱਡ ਕੇ ਹੋਰ ਜਗ੍ਹਾ ਰਿਹਾਇਸ਼ ਲਈ ਮਜਬੂਰ ਹੋ ਰਹੇ ਹਨ। ਮੇਅਰ ਨੇ ਇਹ ਵੀ ਉਲੇਖ ਕੀਤਾ ਕਿ ਨਗਰ ਨਿਗਮ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਹੋ ਰਹੀ ਗਾਰਬੇਜ ਪ੍ਰੋਸੈਸਿੰਗ ਦਾ ਵਿਰੋਧ ਵਧਦਾ ਜਾ ਰਿਹਾ ਹੈ ਅਤੇ ਇਹਨਾਂ ਪੁਆਇੰਟਾਂ ਨੂੰ ਤਬਦੀਲ ਕਰਕੇ ਕੇ ਸ਼ਹਿਰ ਤੋਂ ਬਾਹਰ ਲਿਜਾਣਾ ਲਾਜ਼ਮੀ ਹੋ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਰੰਗਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਗਮਾਡਾ ਵੱਲੋਂ ਝੰਜੇੜੀ ਨੇੜੇ ਪਈ ਜ਼ਮੀਨ ’ਚੋਂ ਕਰੀਬ 30-4 ਏਕੜ ਜ਼ਮੀਨ ਮੁਹਾਲੀ ਨਗਰ ਨਿਗਮ ਨੂੰ ਡੰਪਿੰਗ ਗਰਾਊਂਡ ਵਜੋਂ ਦਿੱਤੀ ਜਾਵੇਗੀ, ਤਾਂ ਜੋ ਵਧ ਰਹੀ ਗੰਦਗੀ ਅਤੇ ਵਾਤਾਵਰਨ ਸਬੰਧੀ ਸਮੱਸਿਆਵਾਂ ਦਾ ਢੰਗ ਨਾਲ ਹੱਲ ਕੀਤਾ ਜਾ ਸਕੇ। ਇਸ ਮੌਕੇ ਕੌਂਸਲਰ ਹਰਜੀਤ ਸਿੰਘ ਭੋਲੂ, ਸੁੱਚਾ ਸਿੰਘ ਕਲੌੜ, ਜਗਦੀਸ਼ ਜੱਗਾ, ਰਣਜੀਤ ਗਿੱਲ ਸਾਬਕਾ ਸਰਪੰਚ ਜਗਤਪੁਰ ਅਤੇ ਫੇਜ਼-11 ਅਤੇ ਫੇਜ਼-5 ਦੇ ਵਸਨੀਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…